ਵਿਸ਼ਵ ਹਿਰਦਾ ਦਿਵਸ ਮਨਾਇਆ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ’ਚ ਵਿਸ਼ਵ ਹਿਰਦਾ ਦਿਵਸ ਮਨਾਇਆ
Publish Date: Mon, 28 Sep 2026 08:47 PM (IST)
Updated Date: Mon, 28 Sep 2026 08:48 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਸ਼ਾਖਾ ਕਪੂਰਥਲਾ ਵਿੱਚ ਸੰਸਥਾਨ ਦੇ ਪ੍ਰੋਜੈਕਟ ਆਰੋਗਿਆ ਦੇ ਅਧੀਨ ਵਿਸ਼ਵ ਹਿਰਦਾ ਦਿਵਸ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਗੁਰਪ੍ਰੀਤ ਭਾਰਤੀ ਨੇ ਕਿਹਾ ਕਿ ਸਿਹਤ ਇੱਕ ਐਸੀ ਧਾਰਣਾ ਹੈ ਜੋ ਰੋਕਥਾਮ ਤੇ ਇਲਾਜ ਦੇ ਦੋਹਰੇ ਆਧਾਰ ‘ਤੇ ਟਿਕੀ ਹੋਈ ਹੈ, ਜਿਥੇ ਚਿਕਿਤਸਾ ਇਲਾਜ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਉੱਥੇ ਹੀ ਦੂਜੇ ਪਾਸੇ ਰੋਕਥਾਮ ਲੰਬੇ ਸਮੇਂ ਲਈ ਰੋਗ-ਮੁਕਤ ਜੀਵਨ ਦਾ ਆਧਾਰ ਪ੍ਰਦਾਨ ਕਰਦੀ ਹੈ ਪਰ ਕੀ ਸਿਰਫ਼ ਇਨ੍ਹਾਂ ਨਾਲ ਹੀ ਤੰਦਰੁਸਤ ਰਿਹਾ ਜਾ ਸਕਦਾ ਹੈ? ਸ਼੍ਰੀ ਆਸ਼ੁਤੋਸ਼ ਮਹਾਰਾਜ ਜੀ ਨੇ ਸਿਹਤ ਨੂੰ “ਸਮਗ੍ਰ ਸਿਹਤ” ਵਜੋਂ ਪਰਿਭਾਸ਼ਿਤ ਕੀਤਾ ਹੈ। ਸਮਗ੍ਰ ਸਿਹਤ ਦੇ ਵਿਸ਼ਾਲ ਅਰਥ ਵਿੱਚ ਖੁਸ਼ੀ, ਮਨ ਦੀ ਸ਼ਾਂਤੀ, ਸੁਕੂਨ ਤੇ ਉਤਸ਼ਾਹ ਵੀ ਸ਼ਾਮਲ ਹਨ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਸਥਾਨ ਨੇ ਇੱਕ ਇਕੀਕ੍ਰਿਤ ਚਿਕਿਤਸਾ ਪ੍ਰਣਾਲੀ ਨੂੰ ਅਪਣਾਇਆ ਹੈ, ਜਿਸ ਵਿੱਚ ਪ੍ਰਾਚੀਨ ਤੇ ਆਧੁਨਿਕ ਵਿਗਿਆਨ ਦਾ ਗਿਆਨ ਸ਼ਾਮਲ ਹੈ। ਇਸ ਵਿੱਚ ਆਯੁਰਵੇਦ, ਵਿਲੱਖਣ ਯੋਗ, ਪੰਚਕਰਮ, ਐਕਿਊਪ੍ਰੈਸ਼ਰ, ਪ੍ਰਾਕ੍ਰਿਤਿਕ ਚਿਕਿਤਸਾ, ਹੋਮਿਓਪੈਥੀ ਤੇ ਐਲੋਪੈਥੀ ਸ਼ਾਮਲ ਹਨ। ਆਯੁਰਵੇਦਿਕ ਜੜੀ-ਬੂਟੀਆਂ ਨਾਲ ਆਹਾਰ ਨੂੰ ਪੂਰਕ ਬਣਾਉਣਾ ਤੇ ਹਰ ਰੋਜ਼ ਵਿਲੱਖਣ ਯੋਗ ਦਾ ਅਭਿਆਸ ਕਰਨਾ ਰੋਗ-ਰੋਧਕ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ ਤੇ ਇਸ ਤਰ੍ਹਾਂ ਤੰਦਰੁਸਤ ਜੀਵਨ ਪ੍ਰਦਾਨ ਕਰਦਾ ਹੈ। ਇਸ ਮੌਕੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਬਲਬੀਰ ਸਿੰਘ ਮੁਲਤਾਨੀ ਰਿਟਾਇਰਡ ਸਹਾਇਕ ਸਿਵਲ ਸਰਜਨ, ਹਾਰਟ ਐਂਡ ਮੈਡੀਕਲ ਸਪੈਸ਼ਲਿਸਟ, ਇੰਚਾਰਜ ਮੁਲਤਾਨੀ ਹਸਪਤਾਲ ਕਪੂਰਥਲਾ ਨੇ ਸਰੋਤਿਆਂ ਨੂੰ ਦਿਲ ਦੀ ਸਿਹਤ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਨਾੜੀ ਪਰਖ ਦੇ ਮਾਹਿਰ ਵੈਦ ਹਰਪ੍ਰੀਤ ਜੀ ਨੇ ਕਿਹਾ ਕਿ ਸੰਸਥਾਨ ਦਾ ਮੰਨਣਾ ਹੈ ਕਿ ਆਯੁਰਵੇਦ ਸਿਰਫ਼ ਬੀਮਾਰੀ ਦੇ ਲੱਛਣਾਂ ਨੂੰ ਦਬਾਉਂਦਾ ਨਹੀਂ, ਸਗੋਂ ਸਰੀਰ ਦੇ ਤਿੰਨ ਦੋਸ਼ਾਂ (ਵਾਤ, ਪਿੱਤ ਤੇ ਕਫ) ਨੂੰ ਸੰਤੁਲਿਤ ਕਰਕੇ ਬੀਮਾਰੀ ਨੂੰ ਜੜ ਤੋਂ ਖਤਮ ਕਰਦਾ ਹੈ। ਡਾ. ਨਵਰੋਜ ਸਿੰਘ ਮੱਲੀ, ਐੱਮਬੀਬੀਐੱਸ, ਐੱਮਐੱਚਏ, ਸਰਕਾਰੀ ਮੈਡੀਕਲ ਅਫਸਰ ਨੇ ਵੀ ਸਿਹਤ ਤੇ ਤੰਦਰੁਸਤ ਜੀਵਨ ਸ਼ੈਲੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਸਾਧਵੀ ਰਮਨ ਜੀ ਦੁਆਰਾ ਪ੍ਰੋਗਰਾਮ ਦੌਰਾਨ ਵੱਖ-ਵੱਖ ਗਤੀਵਿਧੀਆਂ ਰਾਹੀਂ ਸਰੋਤਿਆਂ ਨੂੰ ਰੁਚੀਕਰ ਢੰਗ ਨਾਲ ਸੰਤੁਲਿਤ ਜੀਵਨ ਜੀਣ ਦੇ ਤਰੀਕੇ ਸਿਖਾਏ ਗਏ। ਇਸ ਮੌਕੇ ਵੈਦ ਜਸਵਿੰਦਰ ਸਿੰਘ ਤੇ ਡਾ. ਰਾਕੇਸ਼ ਕੁਮਾਰ ਵੀ ਮੌਜੂਦ ਰਹੇ। ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਪ੍ਰਾਪਤ ਕੀਤਾ। ਧਿਆਨਦੇਣ ਯੋਗ ਹੈ ਕਿ ਸ਼ੇਖੂਪੁਰ, ਕਪੂਰਥਲਾ ਵਿੱਚ ਸੰਸਥਾਨ ਦਾ ਆਯੁਰਵੇਦਿਕ ਉਤਪਾਦਾਂ ਦਾ ਆਉਟਲੈਟ ਵੀ ਮੌਜੂਦ ਹੈ, ਜੋ ਸਵੇਰੇ 8:00 ਤੋਂ ਸ਼ਾਮ 8:00 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਹਰ ਐਤਵਾਰ ਵੈਦ ਓਪੀਡੀ ਲਈ ਵੀ ਉਪਲਬਧ ਹੁੰਦੇ ਹਨ, ਜਿਸ ਨਾਲ ਮਰੀਜ਼ ਨਾੜੀ ਪਰਖ ਤੇ ਆਯੁਰਵੇਦਿਕ ਇਲਾਜ ਦਾ ਲਾਭ ਲੈ ਕੇ ਤੰਦਰੁਸਤ ਜੀਵਨ ਵੱਲ ਅੱਗੇ ਵੱਧ ਸਕਦੇ ਹਨ।