ਵਿਸ਼ਵ ਵਾਤਾਵਰਣ ਦਿਵਸ : ਭਵਿੱਖ ਨੂੰ ਬਚਾਉਣਾ ਹੈ ਤਾਂ ਕਣਕ-ਝੋਨੇ ਦੇ ਚੱਕਰ ’ਚੋਂ ਨਿਕਲਣਾ ਪਵੇਗਾ : ਸੰਤ ਸੀਚੇਵਾਲ
ਚੱਕਰ ਵਿੱਚੋਂ ਨਿਕਲਣਾ ਪਵੇਗਾ: ਸੰਤ ਸੀਚੇਵਾਲ
Publish Date: Thu, 04 Jun 2026 09:52 PM (IST)
Updated Date: Fri, 05 Jun 2026 03:42 PM (IST)

ਪੰਜਾਬ ਦੇ ਦਰਿਆ ਕਦੇ ਪਲੀਤ ਨਾ ਹੁੰਦੇ ਜੇ ਗੰਦੇ ਪਾਣੀਆਂ ਦਾ ਯੋਗ ਪ੍ਰਬੰਧ ਕੀਤਾ ਗਿਆ ਹੁੰਦਾ ਰੁੱਖਾਂ ਨਾਲ ਮਿਲਦੇ ਹਨ ਸਾਹ, ਰੁਪਇਆਂ ਨਾਲ ਨਹੀਂ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ਵ ਵਾਤਾਵਰਣ ਦਿਵਸ ਦੀ ਪੂਰਬਲੀ ਸ਼ਾਮ ਆਰਮੀ ਪਬਲਿਕ ਸਕੂਲ ਵਿਖੇ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿਚੋਂ ਬਾਹਰ ਨਿਕਲਣ ਤੇ ਕੁਦਰਤ ਨਾਲ ਸੰਤੁਲਨ ਬਣਾਈ ਰੱਖਣ ਵਾਲੀਆਂ ਫ਼ਸਲਾਂ ਨੂੰ ਅਪਣਾਉਣ। ਉਹ ਕਪੂਰਥਲਾ ਜ਼ਿਲ੍ਹੇ ਦੇ ਆਰਮੀ ਪਬਲਿਕ ਸਕੂਲ, ਬਿਆਸ ਵਿਖੇ ਐੱਨਸੀਸੀ ਕੈਂਪ ਦੌਰਾਨ ਕੈਡਿਟਾਂ ਨੂੰ ਸੰਬੋਧਨ ਕਰ ਰਹੇ ਸਨ। ਸੰਤ ਸੀਚੇਵਾਲ ਨੇ ਕੈਂਪ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਧਰਤੀ ਦੇ ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣ ਤੇ ਵਾਤਾਵਰਣ ਸੁਰੱਖਿਆ ਦੀ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਮਨੁੱਖੀ ਲਾਲਚ ਨੇ ਕੁਦਰਤ ਨਾਲ ਇਸ ਕਦਰ ਖਿਲਵਾੜ ਕੀਤਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਦੀ ਰਹਿਣਯੋਗਤਾ ਹੀ ਖ਼ਤਰੇ ਵਿਚ ਪੈ ਗਈ ਹੈ। ਇਸ ਸਾਲ ਦੇ ਵਿਸ਼ਵ ਵਾਤਾਵਰਣ ਦਿਵਸ ਦੇ ਥੀਮ “ਕੁਦਰਤ ਤੋਂ ਪ੍ਰੇਰਿਤ: ਜਲਵਾਯੂ ਲਈ, ਸਾਡੇ ਭਵਿੱਖ ਲਈ” ਦਾ ਜ਼ਿਕਰ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਮਨੁੱਖ ਕੁਦਰਤ ਨਾਲੋਂ ਨਾਤਾ ਤੋੜ ਕੇ ਕਿਸੇ ਵੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ। ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਅੱਜ ਸਾਡੇ ਜੀਵਨ ਨੂੰ ਗੰਭੀਰ ਤੌਰ ‘ਤੇ ਪ੍ਰਭਾਵਿਤ ਕਰ ਰਹੀ ਹੈ ਤੇ ਭਾਰਤ ਸਮੇਤ ਦੁਨੀਆ ਦਾ ਵੱਡਾ ਹਿੱਸਾ ਇਸ ਦੀ ਲਪੇਟ ਵਿਚ ਹੈ। ਸਾਡੇ ਭਵਿੱਖ ਦਾ ਸਿੱਧਾ ਸਬੰਧ ਵਾਤਾਵਰਣ ਨਾਲ ਜੁੜਿਆ ਹੋਇਆ ਹੈ, ਇਸ ਲਈ ਆਪਣੇ ਬੱਚਿਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਭਵਿੱਖ ਦੇਣ ਲਈ ਵੱਡੇ ਪੱਧਰ ‘ਤੇ ਰੁੱਖ ਲਗਾਉਣੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜ ਦਰਿਆਵਾਂ ਦੀ ਧਰਤੀ ਕਹਾਉਣ ਵਾਲਾ ਪੰਜਾਬ ਅੱਜ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਸਥਿਤੀ ਤੋਂ ਬਚਣ ਲਈ ਸਾਨੂੰ ਰਵਾਇਤੀ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਕੇ ਘੱਟ ਪਾਣੀ ਵਾਲੀਆਂ ਫ਼ਸਲਾਂ ਵੱਲ ਰੁਖ਼ ਕਰਨਾ ਪਵੇਗਾ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਵੇਲੇ ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਮਨੁੱਖ ਨੂੰ ਸਾਹ ਰੁੱਖਾਂ ਤੋਂ ਮਿਲਦੇ ਹਨ, ਰੁਪਏ ਤੋਂ ਨਹੀਂ। ਜਦੋਂ ਤੱਕ ਮਨੁੱਖ ਕੁਦਰਤ ਨਾਲ ਜੁੜਿਆ ਰਹਿੰਦਾ ਹੈ, ਉਸ ਦਾ ਜੀਵਨ ਸੁਖਾਲਾ ਤੇ ਸੰਤੁਲਿਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਰਮਾਤਮਾ ਦੀ ਬਣਾਈ ਕੁਦਰਤ ਨਾਲੋਂ ਟੁੱਟ ਕੇ ਮਨੁੱਖ ਕਦੇ ਵੀ ਅਸਲ ਕਾਮਯਾਬੀ ਹਾਸਲ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆ ਤੇ ਨਦੀਆਂ ਕਦੇ ਵੀ ਇੰਨੇ ਪ੍ਰਦੂਸ਼ਿਤ ਨਾ ਹੁੰਦੇ ਜੇ ਗੰਦੇ ਪਾਣੀਆਂ ਦੇ ਪ੍ਰਬੰਧ ਲਈ ਸਮੇਂ ਸਿਰ ਯੋਗ ਕਦਮ ਚੁੱਕੇ ਜਾਂਦੇ। ਦਰਿਆ ਤੇ ਨਦੀਆਂ ਪੰਜਾਬ ਦੀਆਂ ਸਾਹ ਰਗ ਵਾਂਗ ਹਨ। ਜੇਕਰ ਇਹ ਲਗਾਤਾਰ ਦੂਸ਼ਿਤ ਹੁੰਦੇ ਰਹੇ ਤਾਂ ਪੰਜਾਬ ਦਾ ਤੰਦਰੁਸਤ ਤੇ ਖੁਸ਼ਹਾਲ ਰਹਿਣਾ ਸੰਭਵ ਨਹੀਂ ਹੋਵੇਗਾ। ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੂੰ ਯਾਦ ਕਰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ 17 ਅਗਸਤ 2006 ਨੂੰ ਸੁਲਤਾਨਪੁਰ ਲੋਧੀ ਆਏ ਸਨ ਤਾਂ ਉਨ੍ਹਾਂ ਨੇ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨੂੰ “ਨੋਬਲ ਮਿਸ਼ਨ” ਕਰਾਰ ਦਿੱਤਾ ਸੀ। ਬਾਅਦ ਵਿਚ ਜੁਲਾਈ 2008 ਦੌਰਾਨ ਆਪਣੇ ਦੂਜੇ ਦੌਰੇ ਵੇਲੇ ਉਨ੍ਹਾਂ ਨੇ ਗੰਦੇ ਪਾਣੀਆਂ ਦੇ ਪ੍ਰਬੰਧਾਂ ਨੂੰ ਵੀ ਨਜ਼ਦੀਕ ਤੋਂ ਦੇਖਿਆ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਭਾਵੇਂ ਉਹ ਬਾਅਦ ਵਿਚ ਉਨ੍ਹਾਂ ਨੂੰ ਮਿਲ ਨਹੀਂ ਸਕੇ, ਫਿਰ ਵੀ ਡਾ. ਕਲਾਮ ਨੇ ਕਾਲੀ ਵੇਈਂ ਦੀ ਕਾਰ ਸੇਵਾ ਨੂੰ ਭਾਰਤ ਦੀਆਂ ਨੌਂ ਮਹੱਤਵਪੂਰਨ ਪ੍ਰਾਪਤੀਆਂ ਵਿਚ ਸ਼ਾਮਲ ਕੀਤਾ ਸੀ। ਇਸ ਮੌਕੇ 21ਵੀਂ ਪੰਜਾਬ ਬਟਾਲੀਅਨ ਐੱਨਸੀਸੀ ਦੇ ਕਮਾਂਡਿੰਗ ਅਫ਼ਸਰ ਆਰਕੇ ਚੌਹਾਨ, ਪ੍ਰਬੰਧਕ ਕਰਨਲ ਸੁਰਿੰਦਰ ਪਾਲ ਸਿੰਘ, ਸੂਬੇਦਾਰ ਮੇਜਰ ਸਵਰਨ ਸਿੰਘ ਤੇ ਆਰਮੀ ਪਬਲਿਕ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।