ਦਿ ਹਾਕ ਵਰਲਡ ਸਕੂਲ ’ਚ ਸਾਈਬਰ ਸੁਰੱਖਿਆ ’ਤੇ ਵਰਕਸ਼ਾਪ ਲਗਾਈ
ਦਿ ਹਾਕ ਵਰਲਡ ਸਕੂਲ ਤਲਵੰਡੀ ਚੌਧਰੀਆਂ ਵਿੱਚ ਕੀਤਾ ਸਾਈਬਰ ਸੁਰੱਖਿਆ ਵਰਕਸ਼ਾਪ ਦਾ ਆਯੋਜਨ : ਪ੍ਰਿੰਸੀਪਲ ਸ਼ਵੇਤਾ ਮਹਿਤਾ
Publish Date: Fri, 13 Feb 2026 09:57 PM (IST)
Updated Date: Fri, 13 Feb 2026 10:00 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦਿ ਹਾਕ ਵਰਲਡ ਸਕੂਲ ਤਲਵੰਡੀ ਚੌਧਰੀਆਂ ਵਿਖੇ ਵਿਦਿਆਰਥੀਆਂ ਲਈ ਸਾਈਬਰ ਸੁਰੱਖਿਆ ਵਿਸ਼ੇ ’ਤੇ ਇਕ ਜਾਣਕਾਰੀ ਭਰਪੂਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਸੰਚਾਲਨ ਪ੍ਰਸਿੱਧ ਵਕੀਲ ਸ਼ੀਸ਼ ਕਮਲ ਵੱਲੋਂ ਕੀਤਾ ਗਿਆ, ਜੋ ਕਿ ਪਹਿਲਾਂ ਵੀ ਕਈ ਵਿੱਦਿਆ ਅਦਾਰਿਆਂ ਵਿਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਸ਼ੀਸ਼ ਕਮਲ ਵੱਲੋਂ ਸਾਈਬਰ ਸੁਰੱਖਿਆ ਦੀ ਜਾਣਕਾਰੀ ਸਬੰਧੀ ਖਤਰੇ ਤੇ ਹਮਲੇ, ਸੋਸ਼ਲ ਇੰਜੀਨੀਅਰਿੰਗ ਸਾਈਬਰ ਸੁਰੱਖਿਆ ਦਾ ਮੁਲਾਂਕਣ, ਐਪਲੀਕੇਸ਼ਨ ਸੁਰੱਖਿਆ, ਕੰਪਿਊਟਰ ਸੁਰੱਖਿਆ, ਨੈਟਵਰਕ ਸੁਰੱਖਿਆ ਉਪਕਰਣ, ਸਾਈਬਰ ਅਪਰਾਧ ਜਾਂਚ ਪ੍ਰਕਿਰਿਆ, ਜੋਖ਼ਮ ਪ੍ਰਬੰਧਨ, ਵਰਤਮਾਨ ਸਾਈਬਰ ਅਪਰਾਧ, ਰੁਝਾਨ ਤੇ ਮੋਬਾਇਲ ਸੁਰੱਖਿਆ ’ਤੇ ਰੌਸ਼ਨੀ ਪਾਈ। ਉਨ੍ਹਾਂ ਨੇ ਕ੍ਰੈਡਿਟ ਕਾਰਡ ਤੇ ਵਿੱਤੀ ਧੋਖਾ ਧੜੀ ਦੇ ਵੱਖ-ਵੱਖ ਪਹਿਲੂਆਂ ਤੇ ਢਾਂਚੇ ਦੇ ਅੰਦਰ ਪੀੜਤਾਂ ਲਈ ਉਪਲਬਧ ਸਹਾਇਤਾ ’ਤੇ ਚਰਚਾ ਕੀਤੀ। ਉਪਰੰਤ ਵਿਦਿਆਰਥੀਆਂ ਦੇ ਲਈ ਹਾਈਜੀਨ ਤੇ ਆਨਲਾਈਨ ਕਵਿਜ਼ ਦਾ ਵੀ ਆਯੋਜਨ ਕੀਤਾ ਗਿਆ। ਵਰਕਸ਼ਾਪ ਵਿਚ ਕੀਤੀ ਚਰਚਾ, ਅਨੁਭਵ ਤੇ ਚਿੰਤਨ ’ਤੇ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਉੱਪਰ ਪੰਜ ਸਾਈਬਰ ਅਪਰਾਧਾਂ ਵਿਚ ਫਿਸ਼ਿੰਗ, ਬੈਂਕਿੰਗ/ ਯੂਪੀਆਈ/ ਧੋਖਾਧੜੀ, ਆਨਲਾਈਨ ਸ਼ਾਪਿੰਗ, ਸਕੈਮ, ਰੈਨਸਮਵੇਅਰ ਅਤੇ ਜਾਬ ਵਰਕ, ਫਰਾਮ ਹੋਮ ਸਕੈਮ ਸ਼ਾਮਲ ਹਨ, ਜਿਨਾਂ ਵਿਚ ਨਕਲੀ ਲਿੰਕ ਓਟੀਪੀ ਸ਼ੇਅਰਿੰਗ ਤੇ ਫਰਜ਼ੀ ਐਪਸ ਦੇ ਜਰੀਏ ਲੋਕਾਂ ਨੂੰ ਨਿੱਜੀ ਜਾਣਕਾਰੀ ਤੇ ਪੈਸੇ ਚੋਰੀ ਕੀਤੇ ਜਾਂਦੇ ਹਨ ਜਿਸ ਨਾਲ ਵਿਤੀ ਨੁਕਸਾਨ ਤੇ ਪਹਿਚਾਣ ਦੀ ਚੋਰੀ ਹੁੰਦੀ ਹੈ। ਵਿਦਿਆਰਥੀਆਂ ਨੇ ਵਰਕਸ਼ਾਪ ਦੌਰਾਨ ਬਹੁਤ ਰੁਚੀ ਵਿਖਾਈ ਅਤੇ ਆਪਣੇ ਸਵਾਲਾਂ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ। ਮੈਨੇਜਿੰਗ ਕਮੇਟੀ ਦੇ ਪ੍ਰਧਾਨ ਕੈਪਟਨ ਤਜਿੰਦਰ ਸਿੰਘ, ਵਾਈਸ ਪ੍ਰਧਾਨ ਜਸਵਿੰਦਰ ਸਿੰਘ ਤੇ ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਨੂੰ ਜਾਗਰੂਕ ਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।