ਲਾਇਲਪੁਰ ਖ਼ਾਲਸਾ ਕਾਲਜ ’ਚ ਏਆਈ ਟੂਲਜ਼ ਦੀ ਭੂਮਿਕਾ ਬਾਰੇ ਲਗਾਈ ਵਰਕਸ਼ਾਪ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਅਧਿਆਪਨ ਅਤੇ ਖੋਜ ਵਿੱਚ AI ਟੂਲਜ਼ ਦੀ ਭੂਮਿਕਾ ਬਾਰੇ ਵਰਕਸ਼ਾਪ ਆਯੋਜਿਤ
Publish Date: Sun, 26 Jul 2026 09:59 PM (IST)
Updated Date: Sun, 26 Jul 2026 10:02 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ‘AI for Faculty : Practical AI Tools for Teaching, Research & Productivity’ ਵਿਸ਼ੇ ’ਤੇ ਇੱਕ ਫੈਕਲਟੀ ਡਿਵੈਲਪਮੈਂਟ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ’ਚ ਪ੍ਰੋ. ਕਿਰਨਦੀਪ ਕੌਰ ਨੇ ਉੱਚ ਸਿੱਖਿਆ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵੱਧ ਰਹੀ ਭੂਮਿਕਾ ਅਤੇ ਅਧਿਆਪਨ, ਖੋਜ ਕਾਰਜ, ਸਮੱਗਰੀ ਤਿਆਰ ਕਰਨ ਅਤੇ ਅਕਾਦਮਿਕ ਉਤਪਾਦਕਤਾ ਵਿੱਚ ਇਸ ਦੀਆਂ ਵਿਹਾਰਕ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਫੈਕਲਟੀ ਮੈਂਬਰਾਂ ਨੂੰ ChatGPT, Claude, Perplexity, NotebookLM, Microsoft Copilot, Canva AI, Gamma, Framer AI, GitHub Copilot, Synthesia, Veo ਅਤੇ Sora ਵਰਗੇ ਪ੍ਰਮੁੱਖ ਏਆਈ ਪਲੇਟਫਾਰਮਾਂ ਤੋਂ ਜਾਣੂ ਕਰਵਾਇਆ ਅਤੇ ਪਾਠ ਯੋਜਨਾਵਾਂ, ਖੋਜ ਕਾਰਜ, ਪ੍ਰਜ਼ੈਂਟੇਸ਼ਨ ਤਿਆਰ ਕਰਨ, ਅਕਾਦਮਿਕ ਲਿਖਤ, ਵੈੱਬਸਾਈਟ ਨਿਰਮਾਣ, ਸਿੱਖਿਆਤਮਕ ਵੀਡੀਓ ਤਿਆਰ ਕਰਨ, ਮੁਲਾਂਕਣ ਅਤੇ ਕਲਾਸਰੂਮ ਗਤੀਵਿਧੀਆਂ ਵਿੱਚ ਇਨ੍ਹਾਂ ਦੀ ਉਪਯੋਗਤਾ ਬਾਰੇ ਚਰਚਾ ਕੀਤੀ। ਇਸ ਮੌਕੇ ਭਾਰਤ ਵਿੱਚ ਵਿਕਸਿਤ ਏਆਈ ਪਲੇਟਫਾਰਮ Krutrim, Sarvam AI ਅਤੇ Merlyn AI ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਵਰਕਸ਼ਾਪ ਦੌਰਾਨ Prompt Engineering ਦਾ ਲਾਈਵ ਡੈਮੋ ਵੀ ਦਿੱਤਾ ਗਿਆ, ਜਿਸ ਰਾਹੀਂ ਪ੍ਰਭਾਵਸ਼ਾਲੀ ਪ੍ਰੌਂਪਟ ਲਿਖਣ ਦੀ ਮਹੱਤਤਾ ਨੂੰ ਸਮਝਾਇਆ ਗਿਆ। ਇਸ ਤੋਂ ਇਲਾਵਾ ਏਆਈ ਦੀ ਨੈਤਿਕ ਅਤੇ ਜ਼ਿੰਮੇਵਾਰ ਵਰਤੋਂ, ਏਆਈ ਦੁਆਰਾ ਤਿਆਰ ਕੀਤੀ ਜਾਣਕਾਰੀ ਦੀ ਤਸਦੀਕ, ਡਾਟਾ ਰਾਜ਼ਦਾਰੀ ਤੇ ਅਕਾਦਮਿਕ ਇਮਾਨਦਾਰੀ ਬਣਾਈ ਰੱਖਣ ਦੀ ਲੋੜ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਪ੍ਰੋ. ਕਿਰਨਦੀਪ ਕੌਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਧੁਨਿਕ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਏਆਈ ਟੂਲਜ਼ ਦੀ ਸਮਝ ਅਤੇ ਸਹੀ ਵਰਤੋਂ ਸਮੇਂ ਦੀ ਮਹੱਤਵਪੂਰਨ ਲੋੜ ਹੈ ਅਤੇ ਅਜਿਹੀਆਂ ਵਰਕਸ਼ਾਪਾਂ ਅਧਿਆਪਕਾਂ ਅਤੇ ਖੋਜਾਰਥੀਆਂ ਦੀ ਯੋਗਤਾ ਵਿੱਚ ਮਹੱਤਵਪੂਰਨ ਵਾਧਾ ਕਰਦੀਆਂ ਹਨ। ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਏਆਈ ਟੂਲਜ਼ ਦੀ ਪ੍ਰਯੋਗਾਤਮਕ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੇ ਸਵਾਲਾਂ ਦੇ ਉੱਤਰ ਦਿੱਤੇ ਗਏ। ਭਾਗੀਦਾਰਾਂ ਨੇ ਇਸ ਵਰਕਸ਼ਾਪ ਨੂੰ ਬਹੁਤ ਹੀ ਲਾਭਦਾਇਕ ਅਤੇ ਸਮੇਂ ਦੀ ਲੋੜ ਅਨੁਸਾਰ ਕਰਾਰ ਦਿੱਤਾ। ਅੰਤ ਵਿੱਚ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਵਰਕਸ਼ਾਪ ਵਿੱਚ ਸ਼ਾਮਲ ਹੋਣ ਲਈ ਸਾਰੇ ਫਕੈਲਟੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਵਰਿੰਦਰ ਕੌਰ ਨੇ ਬਾਖੂਬੀ ਨਿਭਾਈ।