ਦੀ ਹਾਕਵਰਲਡ ਸਕੂਲ ’ਚ ਵਰਕਸ਼ਾਪ ਲਗਾਈ ਦੀ ਹਾਕਵਰਲਡ ਸਕੂਲ ਵਿੱਚ ਵਿਰਾਸਤੀ ਸਿੱਖਿਆ ਸਬੰਧੀ ਵਰਕਸ਼ਾਪ
Publish Date: Sun, 20 Sep 2026 08:05 PM (IST)
Updated Date: Sun, 20 Sep 2026 08:05 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦੀ ਹਾਕਵਰਲਡ ਸਕੂਲ, ਤਲਵੰਡੀ ਚੌਧਰੀਆਂ ਵਿਖੇ ‘ਪੰਜਾਬ ਦੀ ਵਿਰਾਸਤੀ ਵਿੱਦਿਅਕ ਪ੍ਰਣਾਲੀ ਨੂੰ ਕਿਵੇਂ ਮੁੜ ਸੁਰਜੀਤ ਕਰੀਏ’ ਵਿਸ਼ੇ ’ਤੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪੰਜਾਬ ਦੀ ਅਮੀਰ ਵਿੱਦਿਅਕ ਵਿਰਾਸਤ, ਪੁਰਾਤਨ ਸਿੱਖਿਆ ਪ੍ਰਣਾਲੀ, ਮਾਤ ਭਾਸ਼ਾ, ਸੱਭਿਆਚਾਰ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਵਰਕਸ਼ਾਪ ਵਿੱਚ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਸਿੱਖਿਆ ਸਿਰਫ਼ ਕਿਤਾਬੀ ਗਿਆਨ ਹਾਸਲ ਕਰਨ ਦਾ ਸਾਧਨ ਨਹੀਂ, ਬਲਕਿ ਵਿਦਿਆਰਥੀਆਂ ਨੂੰ ਆਪਣੀ ਮਿੱਟੀ, ਵਿਰਾਸਤ, ਭਾਸ਼ਾ ਤੇ ਸੱਭਿਆਚਾਰ ਨਾਲ ਜੋੜਨ ਦਾ ਵੀ ਮਹੱਤਵਪੂਰਨ ਮਾਧਿਅਮ ਹੈ। ਪੰਜਾਬ ਦੀ ਰਵਾਇਤੀ ਵਿੱਦਿਅਕ ਪ੍ਰਣਾਲੀ ਵਿੱਚ ਮੌਜੂਦ ਅਨੁਸ਼ਾਸਨ, ਨੈਤਿਕਤਾ, ਸੇਵਾ ਭਾਵਨਾ, ਸਮਾਜਿਕ ਜ਼ਿੰਮੇਵਾਰੀ ਤੇ ਚਰਿੱਤਰ ਨਿਰਮਾਣ ਵਰਗੇ ਪੱਖਾਂ ਨੂੰ ਆਧੁਨਿਕ ਸਿੱਖਿਆ ਨਾਲ ਜੋੜਨ ਦੇ ਤਰੀਕਿਆਂ ’ਤੇ ਵੀ ਚਰਚਾ ਕੀਤੀ ਗਈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੈਪਟਨ ਤਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਵਿੱਦਿਅਕ ਵਿਰਾਸਤ ਬੇਹੱਦ ਅਮੀਰ ਰਹੀ ਹੈ ਤੇ ਇਸ ਵਿਰਾਸਤ ਦੇ ਚੰਗੇ ਪੱਖਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨਾਲੋਜੀ ਤੇ ਨਵੀਆਂ ਸਿੱਖਿਆ ਪੱਧਤੀਆਂ ਦੇ ਨਾਲ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ, ਮਾਤ ਭਾਸ਼ਾ ਤੇ ਸੱਭਿਆਚਾਰ ਨਾਲ ਜੋੜਨਾ ਵੀ ਸਕੂਲਾਂ ਦੀ ਅਹਿਮ ਜ਼ਿੰਮੇਵਾਰੀ ਹੈ। ਸਕੂਲ ਦੀ ਪ੍ਰਿੰਸੀਪਲ ਸ਼ਵੇਤਾ ਮਹਿਤਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਆਧੁਨਿਕ ਗਿਆਨ ਦੇ ਨਾਲ ਨੈਤਿਕ ਕਦਰਾਂ-ਕੀਮਤਾਂ ਤੇ ਆਪਣੀ ਵਿਰਾਸਤ ਦੀ ਸਮਝ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਪਣੀ ਵਿੱਦਿਅਕ ਤੇ ਸੱਭਿਆਚਾਰਕ ਵਿਰਾਸਤ ਬਾਰੇ ਸੋਚਣ ਤੇ ਉਸ ਨੂੰ ਅਮਲੀ ਜੀਵਨ ਨਾਲ ਜੋੜਨ ਲਈ ਪ੍ਰੇਰਿਤ ਕਰਦੀਆਂ ਹਨ। ਵਰਕਸ਼ਾਪ ਦੌਰਾਨ ਅਧਿਆਪਕਾਂ ਨੇ ਵੀ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕੀਤੇ। ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਪੰਜਾਬ ਦੀ ਵਿਰਾਸਤੀ ਸਿੱਖਿਆ ਪ੍ਰਣਾਲੀ ਨਾਲ ਜੋੜਨ ਦੇ ਰਚਨਾਤਮਕ ਤਰੀਕਿਆਂ ਬਾਰੇ ਜਾਣੂ ਕਰਵਾਇਆ ਗਿਆ। ਅੰਤ ਵਿੱਚ ਇਹ ਸੰਦੇਸ਼ ਦਿੱਤਾ ਗਿਆ ਕਿ ਆਪਣੀ ਵਿਰਾਸਤ ਤੋਂ ਪ੍ਰੇਰਣਾ ਲੈਂਦਿਆਂ ਆਧੁਨਿਕ ਲੋੜਾਂ ਅਨੁਸਾਰ ਸਿੱਖਿਆ ਨੂੰ ਹੋਰ ਅਰਥਪੂਰਨ ਬਣਾਉਣਾ ਸਮੇਂ ਦੀ ਅਹਿਮ ਲੋੜ ਹੈ।