ਫਗਵਾੜਾ ’ਚ ਤਿੰਨ ਨਵੇਂ ਆਮ ਆਦਮੀ ਕਲੀਨਿਕ ਜਲਦ ਬਣਨਗੇ : ਡਾ. ਰਾਜ ਫਗਵਾੜਾ ਵਿੱਚ ਤਿੰਨ ਨਵੇਂ ਆਮ ਆਦਮੀ ਕਲੀਨਿਕਾਂ ਦਾ ਕੰਮ ਜਲਦ ਸ਼ੁਰੂ ਹੋਵੇਗਾ: ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ
Publish Date: Sun, 25 Oct 2026 06:25 PM (IST)
Updated Date: Sun, 25 Oct 2026 06:28 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਵਾਸੀਆਂ, ਖਾਸ ਕਰਕੇ ਪਲਾਹੀ ਗੇਟ, ਓਂਕਾਰ ਨਗਰ ਤੇ ਪੀਪਾ ਰੰਗੀ ਇਲਾਕਿਆਂ ਦੇ ਲੋਕਾਂ ਲਈ ਇੱਕ ਅਹਿਮ ਖ਼ਬਰ ਹੈ। ਇਨ੍ਹਾਂ ਤਿੰਨਾਂ ਇਲਾਕਿਆਂ ਵਿੱਚ ਇੱਕ-ਇੱਕ ਨਵਾਂ ਆਮ ਆਦਮੀ ਕਲੀਨਿਕ ਖੋਲ੍ਹਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਕਲੀਨਿਕਾਂ ਦੀ ਸਥਾਪਨਾ ਨਾਲ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਮਿਆਰੀ ਸਿਹਤ ਸੇਵਾਵਾਂ ਮਿਲ ਸਕਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਦੱਸਿਆ ਕਿ ਤਿੰਨਾਂ ਕਲੀਨਿਕਾਂ ਦੀ ਸਥਾਪਨਾ ਲਈ ਥਾਵਾਂ ਵੀ ਤੈਅ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ, ਜਿਸ ਨਾਲ ਸਬੰਧਤ ਇਲਾਕਿਆਂ ਦੇ ਵਸਨੀਕਾਂ ਨੂੰ ਆਪਣੇ ਘਰਾਂ ਦੇ ਨੇੜੇ ਮੁੱਢਲੀਆਂ ਸਿਹਤ ਸਹੂਲਤਾਂ ਮਿਲਣਗੀਆਂ। ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਪਹੁੰਚਯੋਗ, ਕਿਫ਼ਾਇਤੀ ਤੇ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਿਕ ਸਥਾਪਤ ਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਹੁਣ ਤੱਕ 1,244 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 746 ਪੇਂਡੂ ਖੇਤਰਾਂ ਤੇ 498 ਸ਼ਹਿਰੀ ਖੇਤਰਾਂ ਵਿੱਚ ਹਨ। ਇਨ੍ਹਾਂ ਕਲੀਨਿਕਾਂ ਵਿੱਚ 107 ਕਿਸਮਾਂ ਦੀਆਂ ਦਵਾਈਆਂ ਤੇ 47 ਤਰ੍ਹਾਂ ਦੇ ਡਾਇਗਨੌਸਟਿਕ ਟੈਸਟ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ। ਡਾ. ਚੱਬੇਵਾਲ ਨੇ ਦੱਸਿਆ ਕਿ ਪੰਜਾਬ ਦੇ ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤੱਕ ਕੁੱਲ 6.48 ਕਰੋੜ ਤੋਂ ਵੱਧ ਮਰੀਜ਼ਾਂ ਦੀਆਂ ਓਪੀਡੀ ਵਿਜ਼ਿਟਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਲਗਭਗ 1.98 ਕਰੋੜ ਵੱਖ-ਵੱਖ ਮਰੀਜ਼ ਤੇ 4.5 ਕਰੋੜ ਦੁਬਾਰਾ ਇਲਾਜ ਲਈ ਆਉਣ ਵਾਲੀਆਂ ਵਿਜ਼ਿਟਾਂ ਸ਼ਾਮਲ ਹਨ। ਔਸਤਨ ਹਰ ਕਲੀਨਿਕ ਵਿੱਚ ਰੋਜ਼ਾਨਾ ਲਗਭਗ 92 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜੋ ਇਸ ਸਿਹਤ ਸਹੂਲਤ ਪ੍ਰਤੀ ਲੋਕਾਂ ਦੀ ਵਧ ਰਹੀ ਵਰਤੋਂ ਨੂੰ ਦਰਸਾਉਂਦਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਫਗਵਾੜਾ ਵਿੱਚ ਤਿੰਨ ਹੋਰ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਸਥਾਨਕ ਸਿਹਤ ਸਹੂਲਤਾਂ ਦਾ ਵਿਸਥਾਰ ਹੋਵੇਗਾ। ਇਸ ਨਾਲ ਪਲਾਹੀ ਗੇਟ, ਓਂਕਾਰ ਨਗਰ ਤੇ ਪਿੱਪਾ ਰੰਗੀ ਦੇ ਲੋਕਾਂ ਨੂੰ ਡਾਕਟਰੀ ਸਲਾਹ, ਜ਼ਰੂਰੀ ਦਵਾਈਆਂ ਤੇ ਜਾਂਚ ਦੀਆਂ ਸਹੂਲਤਾਂ ਆਪਣੇ ਘਰਾਂ ਦੇ ਨੇੜੇ ਹੀ ਪ੍ਰਾਪਤ ਹੋ ਸਕਣਗੀਆਂ।