ਪੰਜਾਬੀ ਬਾਗ ਦੀਆਂ ਸੜਕਾਂ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ: ਨਰੇਨ ਵਸ਼ਿਸ਼ਟ ਪੰਜਾਬੀ ਬਾਗ ਦੀਆਂ ਸੜਕਾਂ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ: ਨਰੇਨ ਵਸ਼ਿਸ਼ਟ
Publish Date: Tue, 27 Oct 2026 09:39 PM (IST)
Updated Date: Tue, 27 Oct 2026 09:40 PM (IST)
ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨਾਲ ਮੁਲਾਕਾਤ ਕਰਕੇ ਸੜਕਾਂ ਦੇ ਨਿਰਮਾਣ ਤੇ ਮੇਨਹੋਲਾਂ ਦੇ ਸਹੀ ਲੈਵਲ ਦਾ ਮੁੱਦਾ ਉਠਾਇਆ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਦੇ ਵਾਰਡ ਨੰਬਰ 17 ਦੇ ਐੱਮਸੀ ਨਰੇਨ ਵਸ਼ਿਸ਼ਟ ਨੇ ਅੱਜ ਆਪਣੇ ਸਾਥੀਆਂ ਸਮੇਤ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਨਾਲ ਮੁਲਾਕਾਤ ਕਰਕੇ ਪੰਜਾਬੀ ਬਾਗ ਦੀਆਂ ਸੜਕਾਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਨਿਰਮਾਣ ਕਾਰਜ ਨੂੰ ਜਲਦ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੜਕਾਂ ਦੇ ਨਿਰਮਾਣ ਸਬੰਧੀ ਮਤੇ ਪਾਸ ਹੋਣ ਤੇ ਟੈਂਡਰ ਪ੍ਰਕਿਰਿਆ ਪੂਰੀ ਹੋਣ ਦੇ ਬਾਵਜੂਦ ਕੰਮ ਸ਼ੁਰੂ ਨਾ ਹੋਣਾ ਇਲਾਕਾ ਨਿਵਾਸੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਨਰੇਨ ਵਸ਼ਿਸ਼ਟ ਨੇ ਵਿਸ਼ੇਸ਼ ਤੌਰ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਹੋ ਰਹੀ ਇਸ ਬਿਨਾਂ ਵਜ੍ਹਾ ਦੇਰੀ ਵਿੱਚ ਰਾਜਨੀਤੀ ਦੀ ਬੌਅ ਆ ਰਹੀ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕ ਹਿੱਤਾਂ ਨੂੰ ਪਹਿਲ ਦਿੱਤੀ ਜਾਵੇ ਤੇ ਇਸ ਲੰਬਿਤ ਪਏ ਕੰਮ ਨੂੰ ਬਿਨਾਂ ਕਿਸੇ ਦੇਰੀ ਦੇ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ। ਉਨ੍ਹਾਂ ਕਮਿਸ਼ਨਰ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਨਵੀਆਂ ਸੜਕਾਂ ਬਣਾਉਣ ਸਮੇਂ ਸੀਵਰੇਜ ਦੇ ਮੇਨਹੋਲਾਂ ਨੂੰ ਸੜਕ ਦੇ ਨਿਰਧਾਰਤ ਲੈਵਲ ਦੇ ਬਰਾਬਰ ਰੱਖਣਾ ਯਕੀਨੀ ਬਣਾਇਆ ਜਾਵੇ। ਮੇਨਹੋਲ ਸੜਕ ਤੋਂ ਉੱਚੇ ਜਾਂ ਨੀਵੇਂ ਰਹਿਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ, ਮੇਨਹੋਲਾਂ ਨੂੰ ਸੜਕ ਹੇਠਾਂ ਦੱਬ ਦੇਣ ਨਾਲ ਭਵਿੱਖ ਵਿੱਚ ਸੀਵਰੇਜ ਬੰਦ ਹੋਣ ਦੀ ਸਥਿਤੀ ਵਿੱਚ ਉਨ੍ਹਾਂ ਦੀ ਪਛਾਣ ਤੇ ਸਫ਼ਾਈ ਵਿੱਚ ਮੁਸ਼ਕਲ ਆਉਂਦੀ ਹੈ, ਜਿਸ ਕਾਰਨ ਨਵੀਂ ਬਣੀ ਸੜਕ ਨੂੰ ਦੁਬਾਰਾ ਪੁੱਟਣਾ ਪੈ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕਾਂ ਦੇ ਨਿਰਮਾਣ ਦੌਰਾਨ ਤਕਨੀਕੀ ਮਾਪਦੰਡਾਂ ਦੀ ਪੂਰੀ ਪਾਲਣਾ ਕੀਤੀ ਜਾਵੇ ਤੇ ਮੇਨਹੋਲਾਂ ਦਾ ਲੈਵਲ ਸਹੀ ਰੱਖਣ ਦੇ ਨਾਲ-ਨਾਲ ਉਨ੍ਹਾਂ ਤੱਕ ਆਸਾਨ ਪਹੁੰਚ ਯਕੀਨੀ ਬਣਾਇਆ ਜਾਵੇ, ਤਾਂ ਜੋ ਲੋਕਾਂ ਦੀ ਸੁਰੱਖਿਆ ਤੇ ਸਰਕਾਰੀ ਪੈਸੇ ਦੀ ਬਚਤ ਹੋ ਸਕੇ। ਨਰੇਨ ਵਸ਼ਿਸ਼ਟ ਨੇ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਪੰਜਾਬੀ ਬਾਗ ਦੀਆਂ ਸੜਕਾਂ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ ਤੇ ਨਿਰਮਾਣ ਕਾਰਜ ਦੀ ਗੁਣਵੱਤਾ ਦੀ ਨਿਗਰਾਨੀ ਵੀ ਯਕੀਨੀ ਬਣਾਇਆ ਜਾਵੇ, ਤਾਂ ਜੋ ਇਲਾਕਾ ਨਿਵਾਸੀਆਂ ਨੂੰ ਬਿਹਤਰ ਸੜਕਾਂ ਤੇ ਸੁਚੱਜੀਆਂ ਬੁਨਿਆਦੀ ਸਹੂਲਤਾਂ ਮਿਲ ਸਕਣ। ਇਸ ਮੌਕੇ ਸ਼ਹਿਰੀ ਪ੍ਰਧਾਨ ਤੇ ਐੱਮਸੀ ਦੀਪਕ ਸਲਵਾਨ, ਕੁਲਦੀਪ ਸਿੰਘ ਐੱਮਸੀ, ਕਿਕੀ ਵਾਲੀਆ, ਬਲਵੀਰ ਸਿੰਘ ਡੀਸੀ, ਰਾਜਕੁਮਾਰ ਰਾਜੂ, ਦੇਸ਼ ਗੁਪਤਾ ਤੇ ਬਲਜੀਤ ਸਿੰਘ ਕਾਲਾ ਸਾਬਕਾ ਐੱਮਸੀ ਸਮੇਤ ਹੋਰ ਸਾਥੀ ਵੀ ਮੌਜੂਦ ਸਨ।