ਖੇਤੀ ਸੈਕਟਰ ਦੀ ਕਾਮਯਾਬੀ ਔਰਤਾਂ ਤੋਂ ਬਿਨ੍ਹਾਂ ਸੰਭਵ ਨਹੀਂ : ਸੰਤ ਸੀਚੇਵਾਲ ਖੇਤੀ ਸੈਕਟਰ ਦੀ ਕਾਮਜਾਬੀ ਪਿੱਛੇ ਔਰਤਾਂ ਦੀ ਭੂਮਿਕਾ ਦਾ ਵੱਡਾ ਯੋਗਦਾਨ- ਸੰਤ ਸੀਚੇਵਾਲ
Publish Date: Fri, 02 Oct 2026 08:30 PM (IST)
Updated Date: Fri, 02 Oct 2026 08:31 PM (IST)
ਸੀਚੇਵਾਲ ਮਾਡਲ ਰਾਹੀ ਪਾਣੀ ਦੀ ਮੁੜ ਵਰਤੋਂ ਖੇਤੀ ਲਈ ਲਾਹੇਵੰਦ ਪਵਿੱਤਰ ਵੇਈਂ ਦੀ ਕਾਰ ਸੇਵਾ ਨਾਲ ਧਰਤੀ ਹੇਠਲਾ ਪਾਣੀ ਦਾ ਪੱਧਰ ਉਚਾ ਹੋਇਆ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਖੇਤੀ ਸੈਕਟਰ ਵਿੱਚ ਔਰਤਾਂ ਦੀ ਸਰਗਮ ਭੂਮਿਕਾ ਬਾਰੇ ਕਰਵਾਏ ਗਏ ਸੈਮੀਨਾਰ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਖੇਤੀ ਸੈਕਟਰ ਦੀ ਕਾਮਯਾਬੀ ਔਰਤਾਂ ਤੋਂ ਬਿਨ੍ਹਾਂ ਸੰਭਵ ਹੀ ਨਹੀਂ। ਇੰਡੀਆ ਇੰਟਰਨੈਸ਼ਨਲ ਨਵੀਂ ਦਿੱਲੀ ਵਿੱਚ ‘ਭੂਮੀ 2026’ ਸਿਰਲੇਖ ਹੇਠ ਔਰਤਾਂ ਦੀ ਭੂਮਿਕਾ ਬਾਰੇ ਕੀਤੀ ਚਰਚਾ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਹਰ ਖੇਤਰ ਵਿੱਚ ਹੀ ਔਰਤਾਂ ਦੀ ਭੂਮਿਕਾ ਰਹਿੰਦੀ ਹੈ ਪਰ ਖੇਤੀ ਜੋ ਪੰਜਾਬ ਦੀ ਧਰਤੀ ਦਾ ਮੁੱਖ ਕਿੱਤਾ ਹੈ, ਉਸ ਵਿੱਚ ਔਰਤਾਂ ਦੀ ਭੁਮਿਕਾ ਨੇ ਮੋਹਰੀ ਭੂਮਿਕਾ ਨਿਭਾਈ ਹੈ। ਖੇਤਾਂ ਵਿੱਚ ਮਰਦ ਦੇ ਬਰਾਬਰ ਕੰਮ ਕਰਨ ਵਾਲੀ ਔਰਤ ਫਸਲਾਂ ਨੂੰ ਆਪਣੇ ਬੱਚਿਆਂ ਵਾਂਗ ਸੰਭਾਲ ਕਰਦੀ ਹੈ। ਧਰਤੀ ਦੀ ਸੰਭਾਲ ਤੋਂ ਲੈ ਕੇ ਦੇਸੀ ਬੀਜਾਂ ਦੀ ਸੁਰੱਖਿਅਤ ਸਾਂਭ-ਸੰਭਾਲ ਵਰਗੇ ਸੰਵੇਦਨਸ਼ੀਲ ਮੁੱਦਿਆ ਵਿੱਚ ਔਰਤਾਂ ਦੀ ਭੂਮਿਕਾ ਤੋਂ ਬਿਨ੍ਹਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਚਰਚਾ ਦੌਰਾਨ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਵਿੱਚ ਵੀ ਔਰਤਾਂ ਦੇ ਯੋਗਦਾਨ ਦੀ ਸੰਤ ਸੀਚੇਵਾਲ ਨੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੀ ਕਾਮਯਾਬੀ ਔਰਤ ਤੋਂ ਬਿਨ੍ਹਾਂ ਹੋ ਹੀ ਨਹੀਂ ਸਕਦੀ। ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਪਵਿੱਤਰ ਵੇਈਂ ਤੇ ਬੁੱਢੇ ਦਰਿਆ ਦੀ ਕਾਰ ਸੇਵਾ ਬਾਰੇ ਦਸਤਾਵੇਜ਼ੀ ਫਿਲਮ ਦਿਖਾਉਂਦਿਆ ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਕਿ ਪੰਜਾਬ ਦੀਆਂ ਨਦੀਆਂ-ਦਰਿਆਵਾਂ ਦਾ ਪਲੀਤ ਹੋਣਾ ਬਹੁਤ ਹੀ ਮੰਦਭਾਗਾ ਹੈ, ਕਿਉਂਕਿ ਨਦੀਆਂ-ਦਰਿਆ ਮਨੁੱਖੀ ਸਰੀਰ ਵਿੱਚ ਨਾੜੀਆਂ ਵਾਂਗ ਕੰਮ ਕਰਦੀਆਂ ਹਨ। ਦਰਿਆਵਾਂ ਦੀ ਤੰਦਰੁਸਤੀ ਨਾਲ ਹੀ ਲੋਕਾਂ ਦੀ ਤੰਦਰੁਸਤੀ ਜੁੜੀ ਹੋਈ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ 25 ਸਾਲਾਂ ਵਿੱਚ ਪਵਿੱਤਰ ਵੇਈਂ ਦਾ ਪਾਣੀ ਏਨਾ ਸਾਫ਼ ਹੋ ਗਿਆ ਹੈ ਕਿ ਪਾਣੀ ਨੂੰ ਪੀਤਾ ਜਾ ਸਕਦਾ ਹੈ। ਬੁੱਢੇ ਦਰਿਆ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋ ਰਿਹਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਨਦੀਆਂ ਤੇ ਦਰਿਆ ਲੋਕਾਂ ਦੀ ਸਿੱਧੀ ਭਾਈਵਾਲੀ ਨਾਲ ਸਾਫ਼ ਰੱਖੀਆਂ ਜਾ ਸਕਦੀਆਂ ਹੈ। ਉਨ੍ਹਾਂ ਦੱਸਿਆ ਕਿ ਪਵਿੱਤਰ ਵੇਈਂ ਦੀ ਸਫ਼ਾਈ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਉਚਾ ਹੋਇਆ ਹੈ। ਇਹ ਸਮਾਗਮ ਸਮਾਜ ਸੇਵੀ ਕਾਰਕੁੰਨ ਵੰਦਨਾ ਸ਼ਿਵਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ, ਜਿਸ ਵਿੱਚ ਔਰਤਾਂ ਦੀ ਖੇਤੀ ਖੇਤਰ ਵਿੱਚ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।