ਫਗਵਾੜਾ ਬੱਸ ਸਟੈਂਡ ਤੇ ਮਹਿਲਾ ਦਾ ਪਰਸ ਕਟਕੇ ਮੋਬਾਇਲ ਕੀਤਾ ਚੋਰੀ
ਫਗਵਾੜਾ ਬਸ ਸਟੈਂਡ ਤੇ ਮਹਿਲਾ ਦਾ ਪਰਸ ਕਟਕੇ ਮੋਬਾਇਲ ਕੀਤਾ ਚੋਰੀ
Publish Date: Tue, 08 Sep 2026 08:07 PM (IST)
Updated Date: Tue, 08 Sep 2026 08:07 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਦੇ ਬੱਸ ਸਟੈਂਡ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਰਹੇ ਹਨ। ਰੋਜ਼ਾਨਾ ਹਜ਼ਾਰਾਂ ਲੋਕ ਇੱਥੋਂ ਬੱਸਾਂ ਰਾਹੀਂ ਸਫ਼ਰ ਕਰਦੇ ਹਨ, ਪਰ ਇਸੇ ਭੀੜ ਦਾ ਫਾਇਦਾ ਚੁੱਕ ਕੇ ਚੋਰ ਤੇ ਲੁਟੇਰੇ ਕਥਿਤ ਤੌਰ ’ਤੇ ਸਰਗਰਮ ਹੋ ਰਹੇ ਹਨ। ਤਾਜ਼ਾ ਮਾਮਲਾ ਕਟੈਹਿਰਾ ਚੌੰਕ ਮੁਹੱਲਾ ਦੀ ਰਹਿਣ ਵਾਲੀ ਲਤਾ ਰਾਣੀ ਨਾਲ ਵਾਪਰਿਆ। ਮਹਿਲਾ ਮੁਤਾਬਕ ਉਹ ਫਗਵਾੜਾ ਤੋਂ ਲੁਧਿਆਣਾ ਜਾਣ ਲਈ ਬੱਸ ਵਿੱਚ ਚੜ੍ਹ ਰਹੀ ਸੀ। ਇਸੇ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਬਲੇਡ ਨਾਲ ਉਸਦਾ ਪਰਸ ਕੱਟ ਦਿੱਤਾ ਤੇ ਪਰਸ ਵਿੱਚੋਂ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਵਾਰਦਾਤ ਇੰਨੀ ਸਫ਼ਾਈ ਨਾਲ ਕੀਤੀ ਗਈ ਕਿ ਮਹਿਲਾ ਨੂੰ ਤੁਰੰਤ ਇਸਦਾ ਪਤਾ ਵੀ ਨਹੀਂ ਲੱਗਿਆ। ਜ਼ਿਕਰਯੋਗ ਹੈ ਕਿ ਲੁਧਿਆਣਾ ਤੇ ਜਲੰਧਰ ਵਾਲੀ ਸਾਈਡ ਬੱਸਾਂ ਦੇ ਸੜਕ ’ਤੇ ਰੁਕਣ ਕਾਰਨ ਇੱਥੇ ਪਹਿਲਾਂ ਹੀ ਭੀੜ ਬਣੀ ਰਹਿੰਦੀ ਹੈ ਤੇ ਇਸੇ ਭੀੜ ਦਾ ਫਾਇਦਾ ਚੁੱਕ ਕੇ ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਪੀੜਤ ਮਹਿਲਾ ਤੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਬੱਸ ਸਟੈਂਡ ਤੇ ਇਸਦੇ ਆਸ-ਪਾਸ ਘੁੰਮਣ ਵਾਲੇ ਸ਼ੱਕੀ ਤੇ ਮਾੜੇ ਅਨਸਰਾਂ ’ਤੇ ਨਜ਼ਰ ਰੱਖੀ ਜਾਵੇ ਤੇ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣ।