ਝਪਟਮਾਰਾਂ ਔਰਤ ਦੀ ਵਾਲੀ ਖੋਹੀ
ਔਰਤ ਦੀ ਵਾਲੀ ਝਪਟੀ, ਹੋਈ ਗੰਭੀਰ ਜਖਮੀ
Publish Date: Fri, 13 Feb 2026 06:58 PM (IST)
Updated Date: Fri, 13 Feb 2026 07:00 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਇਲਾਕੇ ਵਿਚ ਵੱਧ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਘਟਨਾ ਸੁਲਤਾਨਪੁਰ ਲੋਧੀ-ਲੋਹੀਆਂ ਸੜਕ ਤੇ ਪਿੰਡ ਦੀਪੇਵਾਲ ਦੇ ਨੇੜੇ ਵਾਪਰੀ, ਜਿਥੇ ਇਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਇਕ ਔਰਤ ਨੂੰ ਨਿਸ਼ਾਨਾ ਬਣਾਇਆ। ਸਿਵਲ ਹਸਪਤਾਲ ਵਿਚ ਇਲਾਜ ਅਧੀਨ ਰੂਪ ਰਾਣੀ (57) ਨੇ ਦੱਸਿਆ ਕਿ ਉਹ ਤੇ ਉਸਦਾ ਪਤੀ ਰਾਮ ਪ੍ਰਕਾਸ਼ ਲੋਹੀਆਂ ਖਾਸ ਤੋਂ ਦਵਾਈ ਖਰੀਦ ਕੇ ਮੋਟਰਸਾਈਕਲ ਤੇ ਸੁਲਤਾਨਪੁਰ ਲੋਧੀ ਘਰ ਵਾਪਸ ਆ ਰਹੇ ਸਨ। ਮੋਟਰਸਾਈਕਲ ਤੇ ਸਵਾਰ ਇਕ ਲੁਟੇਰੇ ਨੇ ਪਿੱਛੇ ਤੋਂ ਉਨ੍ਹਾਂ ਕੋਲ ਆ ਕੇ ਮੋਟਰਸਾਈਕਲ ਚਲਾਉਂਦੇ ਸਮੇਂ ਉਸਦੇ ਕੰਨ ਵਿਚੋਂ ਸੋਨੇ ਦੀ ਵਾਲੀ ਖੋਹ ਲਈ। ਘਟਨਾ ਦੌਰਾਨ ਔਰਤ ਸੜਕ ਤੇ ਡਿੱਗ ਪਈ ਤੇ ਦੋਸ਼ੀ ਮੌਕੇ ਤੋਂ ਭੱਜ ਗਿਆ। ਇਸ ਘਟਨਾ ਵਿਚ ਔਰਤ ਗੰਭੀਰ ਜ਼ਖਮੀ ਹੋ ਗਈ। ਉਸਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਅਨੁਸਾਰ, ਉਸਨੂੰ ਕਈ ਸੱਟਾਂ ਲੱਗੀਆਂ ਹਨ ਤੇ ਮੋਢਾ ਟੁੱਟ ਗਿਆ ਹੈ। ਜ਼ਖਮੀ ਔਰਤ ਤੇ ਉਸਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਸੰਪਰਕ ਕਰਨ ਤੇ ਸੁਲਤਾਨਪੁਰ ਲੋਧੀ ਥਾਣੇ ਦੇ ਇੰਚਾਰਜ ਇੰਸਪੈਕਟਰ ਹਰਿੰਦਰ ਸਿੰਘ ਨੇ ਕਿਹਾ ਕਿ ਉਹ ਜ਼ਖਮੀ ਔਰਤ ਦੇ ਬਿਆਨ ਦਰਜ ਕਰਨ ਲਈ ਆਪਣੀ ਟੀਮ ਸਿਵਲ ਹਸਪਤਾਲ ਭੇਜਣਗੇ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਲੁਟੇਰੇ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ।