ਹਾਦਸੇ ਦੌਰਾਨ ਔਰਤ ਦੀ ਮੌਤ, ਇੱਕ ਜ਼ਖਮੀ
ਚਹੇੜੂ ਪੁਲ ਤੇ ਭਿਆਨਕ ਹਾਦਸੇ ਦੌਰਾਨ ਇੱਕ ਔਰਤ ਦੀ ਦਰਦਨਾਕ ਮੌਤ,ਇੱਕ ਗੰਭੀਰ ਜ਼ਖਮੀ
Publish Date: Mon, 12 Oct 2026 06:40 PM (IST)
Updated Date: Mon, 12 Oct 2026 06:41 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਜਲੰਧਰ ਤੋਂ ਫਗਵਾੜਾ ਜਾਂਦੇ ਸਮੇਂ ਚਹੇੜੂ ਪੁਲ ਉੱਪਰ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ। ਮੌਕੇ ’ਤੇ ਪੁੱਜੀ ਐੱਸਐੱਸ ਫੋਰਸ ਟੀਮ ਦੇ ਹਾਈਵੇ ਪੁਲਿਸ ਇੰਚਾਰਜ ਏਐੱਸਆਈ ਮੱਖਣ ਸਿੰਘ ਨੇ ਦੱਸਿਆ ਕਿ ਚਹੇੜੂ ਪੁਲ ਉੱਪਰ ਇੱਕ ਟਰੱਕ ਨੇ ਅੱਗੇ ਜਾਂਦੀ ਇੱਕ ਐਕਟਿਵਾ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਦੌਰਾਨ ਸਕੂਟਰੀ ਸਵਾਰ ਇੱਕ ਔਰਤ ਜ਼ਖਮੀ ਹੋ ਗਈ ਤੇ ਦੂਸਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਖਮੀ ਔਰਤ ਨੂੰ ਸਿਵਲ ਹਸਪਤਾਲ ਫਗਵਾੜਾ ਦਾਖਲ ਕਰਵਾਇਆ ਗਿਆ ਤੇ ਐੱਸਐੱਸ ਫੋਰਸ ਦੀ ਟੀਮ ਵੱਲੋਂ ਸਦਰ ਥਾਣਾ ਫਗਵਾੜਾ ਦੇ ਐੱਸਐੱਚਓ ਜੰਗ ਬਹਾਦਰ ਸਿੰਘ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਤੇ ਟਰੱਕ ਨੂੰ ਥਾਣਾ ਸਦਰ ਦੇ ਹਵਾਲੇ ਕੀਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਕਟਿਵਾ ਆਸ਼ਾ ਰਾਣੀ ਪੁੱਤਰੀ ਸੋਹਣ ਲਾਲ ਵਾਸੀ ਅਬਾਦਪੁਰਾ ਜਲੰਧਰ ਚਲਾ ਰਹੀ ਸੀ ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਦ ਕਿ ਪਿੱਛੇ ਬੈਠੀ ਸੱਤਿਆ ਦੇਵੀ ਪਤਨੀ ਸੋਹਣ ਲਾਲ ਦੀ ਮੌਕੇ ’ਤੇ ਮੌਤ ਹੋ ਗਈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।