ਸੜਕ ਹਾਦਸੇ ’ਚ ਔਰਤ ਦੀ ਮੌਤ, ਤਿੰਨ ਜ਼ਖਮੀ ਹਵੇਲੀ ਪੁਲ ਉੱਪਰ ਭਿਆਨਕ ਸੜਕੀ ਹਾਦਸੇ ਵਿੱਚ ਔਰਤ ਦੀ ਦਰਦਨਾਕ ਮੌਤ,ਤਿੰਨ ਗੰਭੀਰ ਜ਼ਖਮੀ
Publish Date: Mon, 26 Oct 2026 06:37 PM (IST)
Updated Date: Mon, 26 Oct 2026 06:40 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਨੈਸ਼ਨਲ ਹਾਈਵੇ ਫਗਵਾੜਾ ਦੇ ਹਵੇਲੀ ਪੁਲ ਉੱਪਰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਤੇ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਭੇਜਿਆ ਗਿਆ ਜਿੱਥੇ ਜ਼ਖ਼ਮੀਆਂ ਦੀ ਨਾਜ਼ੁਕ ਹਾਲਤ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ। ਐੱਸਐੱਸ ਫੋਰਸ ਤੋਂ ਹਾਈਵੇ ਪੁਲਿਸ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਲਗਭਗ 1.40 ਵਜੇ ਸਾਨੂੰ ਕੰਟਰੋਲ ਰੂਮ ਤੋਂ ਹਾਦਸੇ ਸਬੰਧੀ ਕਾਲ ਆਈ ਸੀ ਤੇ ਅਸੀਂ ਤਕਰੀਬਨ 2 ਵਜੇ ਹਾਦਸੇ ਵਾਲੀ ਜਗਾ ’ਤੇ ਪੁੱਜੇ ਤਾਂ ਦੇਖਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਚੁੱਕੇ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ, ਜਿੱਥੋਂ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਕਾਰ ਚਾਲਕ ਦੀ ਗਲਤੀ ਨਾਲ ਵਾਪਰਿਆ, ਜੋ ਕਿ ਤੇਜ਼ ਰਫਤਾਰ ਨਾਲ ਚੱਲ ਰਿਹਾ ਸੀ, ਜਿਸਨੇ ਅੱਗੇ ਜਾ ਰਹੇ ਕਿਸੇ ਅਣਪਛਾਤੇ ਵਾਹਨ ਨੂੰ ਟੱਕਰ ਮਾਰ ਦਿੱਤੀ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਕਾਰ ਵਿੱਚ ਪੰਜ ਜਣੇ ਸਵਾਰ ਸਨ, ਜਿਨਾਂ ਵਿੱਚ ਇੱਕ ਔਰਤ ਸੀ, ਜਿਸਦੀ ਮੌਕੇ ’ਤੇ ਮੌਤ ਹੋ ਗਈ ਤੇ ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦਕਿ ਪੰਜਵਾਂ ਵਿਅਕਤੀ ਵਾਲ-ਵਾਲ ਬਚ ਗਿਆ। ਮਿ੍ਤਕ ਔਰਤ ਦੀ ਪਹਿਚਾਣ ਨੰਦਿਨੀ, ਹਮੀਰਪੁਰ ਹਿਮਾਚਲ ਪ੍ਰਦੇਸ਼ ਦੇ ਰੂਪ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਹੀ ਕਾਰ ਸਵਾਰ ਹਿਮਾਚਲ ਪ੍ਰਦੇਸ਼ ਤੋਂ ਅੰਮ੍ਰਿਤਸਰ ਵਾਹਗਾ ਬਾਰਡਰ ਗਏ ਸਨ ਤੇ ਵਾਪਸੀ ਦੌਰਾਨ ਹਵੇਲੀ ਪੁਲ ਉੱਪਰ ਇਹ ਹਾਦਸਾ ਵਾਪਰ ਗਿਆ।