ਅੰਤਰਰਾਸ਼ਟਰੀ ਭਲਵਾਨਾਂ ਦੇ ਘੋਲ ਮੁਕਾਬਲਿਆਂ ’ਚ ਆਪਣੀ ਕਲਾ ਦੇ ਦਿਖਾਏ ਜੌਹਰ ਅੰਤਰਰਾਸ਼ਟਰੀ ਪਹਿਲਵਾਨਾਂ ਦੇ ਘੋਲ ਮੁਕਾਬਲਿਆਂ ਦੀਆਂ ਵੁਲਵਰਹੈਂਪਟਨ ਵਿਖੇ ਰੌਣਕਾਂ
Publish Date: Tue, 06 Oct 2026 07:52 PM (IST)
Updated Date: Tue, 06 Oct 2026 07:53 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾਂ : ਬੀਤੇ ਦਿਨੀਂ ਗੁਰੂ ਨਾਨਕ ਸਤਿਸੰਗ ਸਿੱਖ ਟੈਂਪਲ, ਕੈਨਕ ਰੋਡ ਦੀ ਵਿਸ਼ਾਲ ਗਰਾਉਂਡ ਵਿਚ ਭਾਰਤੀ ਅਤੇ ਯੂ.ਕੇ. ਦੇ ਭਲਵਾਨਾਂ ਦੇ ਘੋਲ ਮੁਕਾਬਲੇ ਹੋਏ, ਜਿਸਦਾ ਦਰਸ਼ਕਾਂ ਨੇ ਆਨੰਦ ਮਾਣਿਆ। ਭਾਰਤ ਤੋਂ ਗੌਰਵ ਸਚਿਨ ਦੀ ਨਿਗਰਾਨੀ ਹੇਠ 9 ਭਲਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 8 ਭਲਵਾਨਾਂ ਨੇ ਯੂਕੇ ਦੇ ਭਲਵਾਨਾਂ ਨਾਲ ਘੋਲ ਕੀਤੇ ਅਤੇ ਅੱਠ ਦੇ ਅੱਠ ਜੇਤੂ ਰਹੇ। ਇਸ ਮੌਕੇ ਜਾਣਕਾਰੀ ਦਿੰਦਿਆ ਗੁਰੂ ਘਰ ਦੇ ਮੁੱਖ ਸੇਵਾਦਾਰ ਬਲਰਾਜ ਸਿੰਘ ਅਟਵਾਲ, ਜਨਰਲ ਸਕੱਤਰ ਗੁਰਮੀਤ ਸਿੰਘ ਸਿੱਧੂ ਨੇ ਪਹਿਲਵਾਨਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਅਜਿਹੇ ਘੋਲ ਮੁਕਾਬਲੇ ਕਰਵਾਉਣ ਦਾ ਮਕਸਦ ਪੰਜਾਬ ਦੀ ਰਵਾਇਤੀ ਕੁਸ਼ਤੀ ਅਤੇ ਭਾਰਤੀ ਖੇਡ ਵਿਰਸੇ ਨੂੰ ਪ੍ਰਫੁੱਲਤ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਪਹਿਲਵਾਨਾਂ ਵੱਲੋਂ ਯੂਕੇ ਦੀ ਧਰਤੀ ’ਤੇ ਕੀਤੀ ਗਈ ਸ਼ਾਨਦਾਰ ਕਾਰਗੁਜ਼ਾਰੀ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਸ਼ਤੀ ਸਿਰਫ਼ ਸਰੀਰਕ ਤਾਕਤ ਦੀ ਖੇਡ ਨਹੀਂ, ਸਗੋਂ ਇਸ ਵਿੱਚ ਅਨੁਸ਼ਾਸਨ, ਮਿਹਨਤ, ਸਬਰ ਅਤੇ ਦਾਅ-ਪੇਚ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ। ਭਾਰਤੀ ਪਹਿਲਵਾਨਾਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਯੂਕੇ ਦੇ ਰੈਸਲਿੰਗ ਦੇ ਸੰਚਾਲਕ ਰਣਜੀਤ ਸਿੰਘ ਨੇ ਮਨ ਜਿੱਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਯੂਕੇ ਦੇ ਭਲਵਾਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਪਰ ਉਨ੍ਹਾਂ ਨੇ ਭਾਰਤੀ ਭਲਵਾਨਾਂ ਨਾਲ ਕੁਸ਼ਤੀ ਮੁਕਾਬਲਿਆਂ ਵਿਚ ਬਹੁਤ ਕੁਝ ਨਵਾਂ ਸਿੱਖਿਆ। ਜੇਤੂ ਭਲਵਾਨਾਂ ਨੂੰ ਬਹੁਤ ਹੀ ਸਨਮਾਨ ਨਾਲ ਸਨਮਾਨਿਤ ਕੀਤਾ। ਜਿਸ ਵਿਚ ਸ਼ਾਮਲ ਸਨ ਸਥਾਨਕ ਮੈਂਬਰ ਪਾਰਲੀਮੈਂਟ, ਵੁਲਵਰਹੈਂਪਟਨ ਸਿਟੀ ਕੌਂਸਲ ਦੇ ਮੇਅਰ, ਯੂ.ਕੇ. ਦੇ ਰੈਸਲਿੰਗ ਕਲੱਬ ਦੇ ਪ੍ਰਧਾਨ ਸਣ ਰਣਜੀਤ ਸਿੰਘ ਅਤੇ ਯੂਕੇ ਦੇ ਰਹਿ ਚੁੱਕੇ ਕੁਸ਼ਤੀ ਚੈਂਪੀਅਨ ਸਰਬਜੀਤ ਸਿੰਘ ਸਾਬੀ, ਕਬੱਡੀ ਖੇਡ ਪ੍ਰਮੋਟਰ ਨੇਕਾ ਮੈਰੀਪੁਰੀਆ, ਖੇਡ ਪ੍ਰਮੋਟਰ ਸੁਰਜੀਤ ਸਿੰਘ ਪੁਰੇਵਾਲ, ਯੂਕੇ ਦੇ ਉਘੇ ਵਕੀਲ ਰਾਜੀਵ ਸ਼ਰਮਾ, ਗੁਰਦੁਆਰਾ ਸਿੱਖ ਕੌਂਸਲ ਦੇ ਮੁੱਖ ਸੇਵਾਦਾਰ ਡਾ. ਸਾਧੂ ਸਿੰਘ, ਗੁਰੂ ਘਰ ਦੇ ਮੁੱਖ ਸੇਵਾਦਾਰ ਬਲਰਾਜ ਸਿੰਘ ਅਟਵਾਲ, ਜਨਰਲ ਸਕੱਤਰ ਗੁਰਮੀਤ ਸਿੰਘ ਸਿੱਧੂ, ਕੁਲਦੀਪ ਸਿੰਘ, ਰੇਸ਼ਮ ਸਿੰਘ ਅਤੇ ਹੋਰ ਸਹਿਯੋਗੀ। ਅਟਵਾਲ ਸਾਹਿਬ ਨੇ ਇਹ ਬੜੇ ਮਾਣ ਨਾਲ ਕਿਹਾ ਕਿ ਇਸ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲਿਆਂ ਵਿਚ ਸਥਾਨਕ ਧਾਰਮਿਕ ਅਦਾਰਿਆਂ ਅਤੇ ਖੇਡ ਪ੍ਰੇਮੀਆਂ ਨੇ ਇਸ ਮੰਚ ਨੂੰ ਬਹੁਤ ਸਲਾਹਿਆ ਅਤੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਅਜਿਹੇ ਮੁਕਾਬਲੇ ਲਗਾਤਾਰ ਹੋਣੇ ਚਾਹੀਦੇ ਹਨ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਇਸ ਵੱਲ ਆਕਰਸ਼ਿਤ ਹੁੰਦੀ ਹੋਈ ਨਸ਼ਿਆਂ ਵੱਲ ਰੁਖ ਨਾ ਕਰੇ। ਇਸ ਮੌਕੇ ਗੌਰਵ ਸਚਿਨ ਅਤੇ ਪ੍ਰਬੰਧਕਾਂ ਨੇ ਸਭ ਸਹਿਯੋਗੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।