ਕੀ ਇਸ ਵਾਰ ਵੀ ਕਿਸਾਨਾਂ ਨੂੰ ਹੋਣਾ ਪਵੇਗਾ ਲੁੱਟ ਦਾ ਸ਼ਿਕਾਰ ਕੀ ਇਸ ਵਾਰ ਵੀ ਹਾਈ ਬਰੈਡ ਝੋਨੇ ਦੀ ਖਰੀਦ ਦੇ ਨਾਂ ਤੇ ਕਿਸਾਨਾਂ ਨੂੰ ਹੋਣਾ ਪਵੇਗਾ ਲੁੱਟ ਦਾ ਸ਼ਿਕਾਰ
Publish Date: Sun, 11 Oct 2026 09:23 PM (IST)
Updated Date: Sun, 11 Oct 2026 09:26 PM (IST)
ਕਿਸਾਨਾਂ ਦੀ ਲੁੱਟ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਹਜਾਰਾ/ਜੱਬੋਵਾਲ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਇਸ ਸਾਲ ਵੀ ਕਿਸਾਨਾਂ ਵੱਲੋਂ ਬੀਜੀ ਗਈ 7301 ਤੇ 7501 ਕਿਸਮ ਦੇ ਹਾਈਬ੍ਰਿਡ ਬੀਜ ਵਾਲੀ ਝੋਨੇ ਦੀ ਫਸਲ ਸਰਕਾਰ ਵੱਲੋਂ ਖਰੀਦ ਨਾ ਕੀਤੇ ਜਾਣ ਕਾਰਨ ਮੰਡੀਆਂ ’ਚ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੀ ਲੁੱਟ ਦਾ ਸ਼ਿਕਾਰ ਹੋਣਾ ਪਵੇਗਾ? ਇਹ ਸਵਾਲ ਹਰ ਕਿਸਾਨ ਦੀ ਜ਼ੁਬਾਨ ’ਤੇ ਹੈ ਤੇ ਇਸ ਨੇ ਕਿਸਾਨ ਜਥੇਬੰਦੀਆਂ ਨੂੰ ਸੰਘਰਸ਼ ਦੀ ਰਾਹ ’ਤੇ ਚੱਲਣ ਲਈ ਮਜਬੂਰ ਕਰ ਦਿੱਤਾ ਹੈ। ਕਿਸਾਨਾਂ ਨੂੰ ਹਾਈਬ੍ਰਿਡ ਝੋਨਾ ਘੱਟ ਭਾਅ ’ਤੇ ਵੇਚਣ ਲਈ 200 ਤੋਂ 250 ਰੁਪਏ ਕੁਇੰਟਲ ਦੀ ਕਾਟ ਸਹਿਣੀ ਪੈ ਰਹੀ ਹੈ, ਜਿਸ ਨਾਲ ਕਿਸਾਨਾਂ ’ਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦੀ ਹੋ ਰਹੀ ਇਸ ਲੁੱਟ ’ਤੇ ਸਖਤ ਸਟੈਂਡ ਲੈਂਦੇ ਹੋਏ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਮੁੱਖ ਆਗੂ ਬੋਹੜ ਸਿੰਘ ਹਜ਼ਾਰਾ, ਪਰਮਜੀਤ ਸਿੰਘ ਜੱਬੋਵਾਲ, ਦਰਸ਼ਨ ਸਿੰਘ ਸੁਚੇਤਗੜ੍ਹ ਆਦਿ ਨੇ ਕਿਹਾ ਕਿ ਕਾਰਪੋਰੇਟ ਘਰਾਣੇ ਸਰਕਾਰ ਤੇ ਅਫਸਰਸ਼ਾਹੀ ਨਾਲ ਕਥਿਤ ਤੌਰ ’ਤੇ ਮਿਲ ਕੇ ਕਿਸਾਨਾਂ ਨੂੰ ਹਾਈਬ੍ਰਿਡ ਬੀਜ ਦੇ ਨਾਂ ’ਤੇ ਬਲੈਕਮੇਲ ਕਰਕੇ ਫਸਲ ਨੂੰ ਘੱਟ ਭਾਅ ’ਤੇ ਵੇਚਣ ਨੂੰ ਮਜਬੂਰ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਬੀਤੇ ਸਾਲ ਵੀ ਮੰਡੀਆਂ ’ਚ ਕਿਸਾਨਾਂ ਨੂੰ ਇਨ੍ਹਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪਿਆ ਸੀ ਤਾਂ ਇਸ ਵਾਰ ਵੀ ਅਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਇਹ ਕਿਸਮ ਖੁਦ ਸਰਕਾਰ ਨੇ ਕਿਸਾਨਾਂ ਨੂੰ ਬੀਜਣ ਲਈ ਕਿਹਾ ਸੀ ਤੇ 90 ਦਿਨਾਂ ’ਚ ਹੁਣ ਇਹ ਫਸਲ ਸਰਕਾਰ ਖਰੀਦਣ ਤੋਂ ਕਿਉਂ ਇਨਕਾਰ ਕਰ ਰਹੀ ਹੈ, ਜਿਸ ਤੋਂ ਸਾਫ ਜ਼ਾਹਿਰ ਹੈ ਕਿ ਅਫਸਰਸ਼ਾਹੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ’ਚ ਖੇਲ ਕੇ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ’ਚ ਦੋ ਤੋਂ ਤਿੰਨ ਦਿਨ ਤੱਕ ਨਮੀ ਦੀ ਮਾਤਰਾ 17 ਫੀਸਦੀ ਰੱਖਣ ਲਈ ਬੈਠਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ ਪਰ ਫਿਰ ਵੀ ਉਸਦੀ ਫਸਲ ’ਤੇ 100 ਤੋਂ 200 ਰੁਪਏ ਦੀ ਕਾਟ ਲਗਾਈ ਜਾ ਰਹੀ ਹੈ। ਹਜਾਰਾ, ਜੱਬੋਵਾਲ, ਪੱਡਾ ਨੇ ਕਿਹਾ ਕਿ ਇਸ ਸਮੇਂ ਮੰਡੀਆਂ ’ਚ ਝੋਨੇ ਦੀ ਪੂਰੀ ਤੇਜ਼ੀ ਨਾਲ ਆਮਦ ਹੋ ਰਹੀ ਹੈ ਤੇ ਜੇ ਮੰਡੀਆਂ ’ਚ ਕਿਸਾਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵਾਰਿਸ ਪੰਜਾਬ ਦੇ ਆਗੂ ਪੂਰੇ ਕਿਸਾਨ ਜਥੇਬੰਦੀਆਂ ਦੇ ਨਾਲ ਮੰਡੀਆਂ ਦਾ ਘਿਰਾਓ ਕਰਨਗੇ ਤੇ ਸੜਕਾਂ ’ਤੇ ਚੱਕਾ ਜਾਮ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ, ਸਰਕਾਰ ਦੀ ਹੋਵੇਗੀ। ਉਨ੍ਹਾਂ ਨੇ ਸਵਾਲ ਕੀਤਾ ਕਿ ਜਿਹੜਾ ਕਿਸਾਨ ਕੋਈ ਵਿਰੋਧ ਕਰਦਾ ਹੈ ਉਸਦਾ ਝੋਨਾ ਤਾਂ ਸਰਕਾਰੀ ਰੇਟ ’ਤੇ ਖਰੀਦ ਲਿਆ ਜਾਂਦਾ ਹੈ ਪ੍ਰੰਤੂ ਕਈ ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਬਹੁਤ ਰਗੜਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦਾ ਝੋਨੇ ਦੀ ਖਰੀਦ ਦਾ ਇੱਕ-ਇੱਕ ਦਾਣਾ ਖਰੀਦਣ ਦੇ ਸਾਰੇ ਦਾਅਵੇ ਫੇਲ੍ਹ ਸਾਬਤ ਹੋਏ ਹਨ ਤੇ ਇਸ ਦੀ ਕਰਨੀ ਤੇ ਕਥਨੀ ’ਚ ਬਹੁਤ ਫਰਕ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ 2027 ’ਚ ਵਾਰਿਸ ਪੰਜਾਬ ਦੀ ਸੂਬੇ ’ਚ ਸਰਕਾਰ ਬਣਨ ਉਪਰੰਤ ਆਮ ਪਾਰਟੀ ਸਰਕਾਰ ਤੋਂ ਸਾਰਾ ਲੇਖਾ ਜੋਖਾ ਲਿਆ ਜਾਵੇਗਾ ਤੇ ਕਿਸਾਨਾਂ ਦੀ ਲੁੱਟ ਦਾ ਹਿਸਾਬ ਪੂਰਾ ਕੀਤਾ ਜਾਵੇਗਾ