- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਖਿਰ ਕਿਉਂ ਉਜਾੜਿਆ ਗਿਆ ਲੋਕਾਂ ਦੀਆਂ ਯਾਦਾਂ ਦਾ ਪਾਰਕ

ਬਜ਼ੁਰਗਾਂ ਦਾ ਆਸਰਾ ਬਣਿਆ ਮਿੱਟੀ ਦਾ ਢੇਰ
ਦਰੱਖਤਾਂ ਦੀ ਕਟਾਈ ਕਿਸ ਦੇ ਹੁਕਮ ‘ਤੇ ਹੋਈ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਸਥਿਤ ਸਾਲਾਂ ਪੁਰਾਣਾ ਪਾਰਕ ਬੀਤੇ ਦਿਨੀਂ ਕਥਿਤ ਤੌਰ ’ਤੇ ਬਿਨਾਂ ਕਿਸੇ ਹੁਕਮਾਂ ਦੇ ਢਾਹ ਦਿੱਤੇ ਜਾਣ ਦੀ ਘਟਨਾ ਹੁਣ ਪੂਰੇ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ। ਜਦੋਂ ਲੋਕ ਮੌਕੇ ‘ਤੇ ਪਹੁੰਚੇ ਤਾਂ ਜਿਥੇ ਕਦੇ ਹਰਿਆਲੀ, ਬੈਂਚਾਂ ਤੇ ਦਰੱਖਤਾਂ ਦੀ ਛਾਂ ਹੇਠ ਲੋਕ ਬੈਠਦੇ ਸਨ, ਉਥੇ ਹੁਣ ਸੁੰਨਾ ਮੈਦਾਨ ਤੇ ਉਖੜੀਆਂ ਲੋਹੇ ਦੀ ਗਰਿੱਲਾਂ ਵਾਲੀ ਚਾਰਦੀਵਾਰੀ ਵੀ ਗਾਇਬ ਨਜ਼ਰ ਆਈ। ਇਹ ਪਾਰਕ ਸਿਰਫ਼ ਇਕ ਜ਼ਮੀਨ ਦਾ ਟੁਕੜਾ ਨਹੀਂ ਸੀ, ਬਲਕਿ ਇਲਾਕੇ ਦੇ ਬਜ਼ੁਰਗਾਂ ਲਈ ਸਵੇਰੇ-ਸ਼ਾਮ ਦੀ ਸੈਰ ਤੇ ਆਰਾਮ ਦਾ ਆਸਰਾ ਸੀ। ਨੇੜੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਸਥਿਤ ਹੋਣ ਕਾਰਨ ਸਕੂਲ ਪੜ੍ਹਨ ਆਉਣ ਵਾਲੀਆਂ ਵਿਦਿਆਰਥਣਾਂ ਵੀ ਜੇ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੀਆਂ, ਤਾਂ ਉਹ ਇਥੇ ਬੈਠ ਕੇ ਸੁਰੱਖਿਅਤ ਢੰਗ ਨਾਲ ਇੰਤਜ਼ਾਰ ਕਰ ਲੈਂਦੀਆਂ ਸਨ।
ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ ਕਥਿਤ ਤੌਰ ’ਤੇ ਕਿਸੇ ਧਿਰ ਨੂੰ ਫਾਇਦਾ ਪਹੁੰਚਾਉਣ ਦੀ ਮਨਸ਼ਾ ਨਾਲ ਬਿਨਾਂ ਕਿਸੇ ਪੂਰਬਲੀ ਜਾਣਕਾਰੀ ਜਾਂ ਨੋਟਿਸ ਦੇ ਪਾਰਕ ਨੂੰ ਮਲੀਆਮੇਟ ਕਰ ਦਿੱਤਾ ਹੈ। ਲੋਹੇ ਦੀਆਂ ਗਰਿੱਲਾਂ ਨਾਲ ਬਣੀ ਚਾਰਦੀਵਾਰੀ ਉਖਾੜੀ ਗਈ, ਬੈਂਚ ਹਟਾਏ ਗਏ ਤੇ ਗਾਇਬ ਹੋਏ ਦਰਖਤ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਜਿਸ ਨੂੰ ਲੈ ਕੇ ਵਨ ਵਿਭਾਗ ਚੌਕਸ ਦਿਖਾਈ ਦੇ ਰਿਹਾ ਹੈ। ਇਲਾਕਾ ਵਾਸੀਆਂ ਪੁੱਛ ਰਹੇ ਹਨ ਕਿ ਜੇ ਸਿਰਫ਼ ਮੁਰੰਮਤ ਕਰਨੀ ਸੀ ਜਾਂ ਨਵੇਂ ਬੈਂਚ ਲਗਾਉਣੇ ਸਨ ਤਾਂ ਪੂਰਾ ਪਾਰਕ ਕਿਉਂ ਉਜਾੜਿਆ ਗਿਆ?
ਬੱਚਿਆਂ ਅਤੇ ਬਜ਼ੁਰਗਾਂ ਲਈ ਬਣੀ ਸਹੂਲਤ ਨੂੰ ਬਿਨਾਂ ਬਦਲ ਦੇ ਕਿਉਂ ਖਤਮ ਕੀਤਾ ਗਿਆ? ਲੋਕਾਂ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇ ਤੇ ਪਾਰਕ ਨੂੰ ਮੁੜ ਪਹਿਲਾਂ ਵਾਂਗ ਤਿਆਰ ਕੀਤਾ ਜਾਵੇ, ਤਾਂ ਜੋ ਬਜ਼ੁਰਗਾਂ ਦਾ ਆਸਰਾ ਤੇ ਵਿਦਿਆਰਥਣਾਂ ਦੀ ਸੁਰੱਖਿਅਤ ਠਹਿਰ ਵਾਲੀ ਥਾਂ ਦੁਬਾਰਾ ਬਹਾਲ ਹੋ ਸਕੇ।
ਕੀ ਕਹਿੰਦੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ-
ਇਸ ਮਾਮਲੇ 'ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਨੇ ਕਿਹਾ ਕਿ ਬੈਂਚ ਪੁਰਾਣੇ ਹੋਣ ਕਾਰਨ ਉਨ੍ਹਾਂ ਦੀ ਟੀਮ ਵੱਲੋਂ ਹਟਾਏ ਗਏ ਹਨ ਤੇ ਨਗਰ ਕੌਂਸਲ ਵੱਲੋਂ ਨਵੇਂ ਬੈਂਚ ਲਗਾਏ ਜਾਣਗੇ ਪਰ ਦਰੱਖਤਾਂ ਦੀ ਕਟਾਈ ਬਾਰੇ ਉਨ੍ਹਾਂ ਨੇ ਅਣਜਾਣਤਾ ਜਤਾਈ ਤੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ।
ਕਿਸੇ ਨੇ ਰੁੱਖ ਕੱਟਣ ਦੀ ਮਨਜ਼ੂਰੀ ਨਹੀਂ ਲਈ : ਵਣ ਵਿਭਾਗ
ਜਦੋਂ ਇਸ ਮਾਮਲੇ 'ਤੇ ਵਣ ਵਿਭਾਗ ਦੇ ਰੇਂਜ ਅਫਸਰ ਕਪੂਰਥਲਾ ਸੁਨੀਲ ਦੱਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਫ਼ ਕਿਹਾ ਕਿ ਦਰੱਖਤ ਕੱਟਣ ਲਈ ਉਨ੍ਹਾਂ ਦੇ ਵਿਭਾਗ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਤੇ ਨਾ ਹੀ ਨਗਰ ਕੌਂਸਲ ਵੱਲੋਂ ਇਸ ਸਬੰਧ ਵਿਚ ਕੋਈ ਅਧਿਕਾਰਕ ਇਜਾਜ਼ਤ ਲਈ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਟੀਮ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਰਾਣੇ ਪਾਰਕ ਉਜਾੜਣਾ ਚਿੰਤਾਜਨਕ : ਸੰਤ ਸੀਚੇਵਾਲ
ਇਸ ਮਾਮਲੇ ‘ਤੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਦਰੱਖਤਾਂ ਦੀ ਕੱਟਾਈ ਗੰਭੀਰ ਕਾਨੂੰਨੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਹਰਿਆਲੀ ਪਹਿਲਾਂ ਹੀ ਘੱਟ ਰਹਿ ਗਈ ਹੈ, ਅਜਿਹੇ ਵਿਚ ਪੁਰਾਣੇ ਪਾਰਕ ਉਜਾੜਣਾ ਚਿੰਤਾਜਨਕ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਕ ਬਜ਼ੁਰਗਾਂ, ਬੱਚਿਆਂ ਤੇ ਵਿਦਿਆਰਥੀਆਂ ਲਈ ਜ਼ਰੂਰੀ ਸਹੂਲਤ ਹੁੰਦੇ ਹਨ, ਇਸ ਲਈ ਜ਼ਿੰਮੇਵਾਰਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇ ਅਤੇ ਪਾਰਕ ਨੂੰ ਤੁਰੰਤ ਮੁੜ ਤਿਆਰ ਕਰਕੇ ਨਵੇਂ ਪੌਦੇ ਲਗਾਏ ਜਾਣ।
ਵੱਡਾ ਸਵਾਲ : ਕੌਣ ਹੈ ਜ਼ਿੰਮੇਵਾਰ?
ਜੇ ਵਣ ਵਿਭਾਗ ਤੋਂ ਮਨਜ਼ੂਰੀ ਨਹੀਂ ਲਈ ਗਈ ਤੇ ਕਾਰਜ ਅਫਸਰ ਦਰੱਖਤਾਂ ਦੀ ਕੱਟਾਈ ਤੋਂ ਅਣਜਾਣ ਹਨ, ਤਾਂ ਫਿਰ ਦਰੱਖਤ ਕੱਟੇ ਕਿਸ ਦੇ ਹੁਕਮ ਨਾਲ ਗਏ ਤੇ ਕੀ ਇਹ ਪ੍ਰਸ਼ਾਸਨਿਕ ਲਾਪਰਵਾਹੀ ਹੈ ਜਾਂ ਕਿਸੇ ਨੇ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਧਰ ਦੂਜੇ ਪਾਸੇ ਸਥਾਨਕ ਲੋਕ ਮੰਗ ਕਰ ਰਹੇ ਹਨ ਕਿ ਮਾਮਲੇ ਦੀ ਪਾਰਦਰਸ਼ੀ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਪਾਰਕ ਨੂੰ ਮੁੜ ਤਿਆਰ ਕੀਤਾ ਜਾਵੇ।