ਪਿੰਡਾਂ ’ਚ ਪੀਜੀ ਬਣਾ ਕੇ ਰੱਖੇ ਵਿਦਿਆਰਥੀਆਂ ਦੀ ਵੈਰੀਫਿਕੇਸ਼ਨ ਕੌਣ ਕਰੇਗਾ ਫਗਵਾੜਾ ਦੇ ਪਿੰਡਾਂ ਵਿੱਚ ਘਰਾਂ ਨੂੰ ਪੀਜੀ ਬਣਾ ਕੇ ਵਿਿਦਆਰਥੀਆਂ ਨੂੰ ਰੱਖਣ ਦਾ ਜਿੰਮੇਵਾਰ ਕੌਣ?
Publish Date: Thu, 10 Sep 2026 07:02 PM (IST)
Updated Date: Thu, 10 Sep 2026 07:04 PM (IST)
ਲਾਅ ਗੇਟ ਇਲਾਕੇ ਤੇ ਪਿੰਡਾਂ ’ਚ ਕਈ ਪੀਜੀ ਅਜਿਹੇ ਜਿਨ੍ਹਾਂ ਦਾ ਡਾਟਾ ਪੁਲਿਸ ਕੋਲ ਨਹੀਂ ਹੈ ਪੁਲਿਸ ਇਸ ਦੀ ਪੁਸ਼ਟੀ ਕਦੇ ਵੀ ਚੈਕਿੰਗ ਕਰਕੇ ਕਰ ਸਕਦੀ ਹੈ ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਲਾਅ ਗੇਟ ਮਹੇੜੂ ਇਲਾਕੇ ਦੇ ਨਾਲ-ਨਾਲ ਆਸ-ਪਾਸ ਦੇ ਕਈ ਪਿੰਡਾਂ ਵਿੱਚ ਘਰਾਂ ਤੇ ਹੋਰ ਰਿਹਾਇਸ਼ੀ ਇਮਾਰਤਾਂ ਨੂੰ ਪੀਜੀ (ਪੇਇੰਗ ਗੈਸਟ) ਵਜੋਂ ਵਰਤ ਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਰੱਖੇ ਜਾਣ ਦਾ ਮਾਮਲਾ ਲਗਾਤਾਰ ਚਰਚਾ ਵਿੱਚ ਹੈ। ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਨ੍ਹਾਂ ਪੀਜੀ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਤੇ ਇਨ੍ਹਾਂ ਨੂੰ ਚਲਾਉਣ ਵਾਲੇ ਮਾਲਕਾਂ ਦਾ ਪੂਰਾ ਰਿਕਾਰਡ ਤੇ ਸੁਰੱਖਿਆ ਵੈਰੀਫਿਕੇਸ਼ਨ ਕਿੱਥੇ ਹੈ? ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਈ ਥਾਵਾਂ ’ਤੇ ਘਰਾਂ ਨੂੰ ਪੀਜੀ ਦੇ ਰੂਪ ਵਿੱਚ ਚਲਾਇਆ ਜਾ ਰਿਹਾ ਹੈ, ਪਰ ਹਰ ਪੀਜੀ ਮਾਲਕ ਤੇ ਉੱਥੇ ਰਹਿਣ ਵਾਲੇ ਵਿਦਿਆਰਥੀਆਂ ਦੀ ਜਾਣਕਾਰੀ ਸਬੰਧਤ ਪੁਲਿਸ ਥਾਣਿਆਂ ਤੱਕ ਪਹੁੰਚ ਰਹੀ ਹੈ ਜਾਂ ਨਹੀਂ, ਇਸ ਬਾਰੇ ਸਪਸ਼ਟਤਾ ਨਹੀਂ ਹੈ। ਲੋਕਾਂ ਦੀ ਮੰਗ ਹੈ ਕਿ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਲਾਅ ਗੇਟ ਮਹੇੜੂ ਤੇ ਪਿੰਡਾਂ ਵਿੱਚ ਚੱਲ ਰਹੇ ਪੀਜੀ ਦੀ ਵਿਸ਼ੇਸ਼ ਜਾਂਚ ਕਰਕੇ ਅਸਲ ਸਥਿਤੀ ਸਾਹਮਣੇ ਲਿਆਂਦੀ ਜਾਵੇ। ਕਿਸੇ ਅਪਰਾਧ ਤੋਂ ਬਾਅਦ ਹੀ ਕਿਉਂ ਯਾਦ ਆਉਂਦੀ ਹੈ ਵੈਰੀਫਿਕੇਸ਼ਨ ਇਹ ਸਭ ਤੋਂ ਗੰਭੀਰ ਸਵਾਲ ਹੈ। ਜੇਕਰ ਕਿਸੇ ਪੀਜੀ ਵਿੱਚ ਰਹਿਣ ਵਾਲਾ ਵਿਅਕਤੀ ਕਿਸੇ ਅਪਰਾਧ ਵਿੱਚ ਸ਼ਾਮਲ ਹੋ ਜਾਂਦਾ ਹੈ ਜਾਂ ਪੀਜੀ ਵਿੱਚ ਹੀ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਹੈ ਤਾਂ ਪੁਲਿਸ ਕੋਲ ਇਹ ਜਾਣਕਾਰੀ ਤੁਰੰਤ ਉਪਲਬਧ ਹੋਣੀ ਚਾਹੀਦੀ ਹੈ ਕਿ ਉੱਥੇ ਕੌਣ ਰਹਿ ਰਿਹਾ ਹੈ, ਕਦੋਂ ਤੋਂ ਰਹਿ ਰਿਹਾ ਹੈ ਤੇ ਉਸ ਦੀ ਪਹਿਚਾਣ ਦੀ ਵੈਰੀਫਿਕੇਸ਼ਨ ਹੋਈ ਹੈ ਜਾਂ ਨਹੀਂ। ਲਾਅ ਗੇਟ ਇਲਾਕੇ ਵਿੱਚ ਪਹਿਲਾਂ ਵੀ ਪੁਲਿਸ ਵੱਲੋਂ ਪੀਜੀ ਤੇ ਵਿਦਿਆਰਥੀਆਂ ਨਾਲ ਸਬੰਧਤ ਸੁਰੱਖਿਆ ਮੁੱਦਿਆਂ ’ਤੇ ਕਾਰਵਾਈ ਤੇ ਮੀਟਿੰਗਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਬੀਤੇ ਸਮੇਂ ਐੱਸਪੀ ਫਗਵਾੜਾ ਵੱਲੋਂ ਲਾਅ ਗੇਟ ਦੇ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਪੀਜੀ ਵਿੱਚ ਰਹਿੰਦੇ ਵਿਦਿਆਰਥੀ ਵੀ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਅਪ੍ਰੈਲ 2026 ਵਿੱਚ ਤੇ ਬਾਅਦ ਵਿੱਚ ਵੀ ਲਾਅ ਗੇਟ ਇਲਾਕੇ ਵਿੱਚ ਪੁਲਿਸ ਵੱਲੋਂ ਪੀਜੀਆਂ ਦੀ ਚੈਕਿੰਗ ਸਬੰਧੀ ਕਾਰਵਾਈ ਦੀ ਜਾਣਕਾਰੀ ਵੀ ਸਾਹਮਣੇ ਆਈ ਸੀ। ਗੁਜ਼ਰੇ ਸਮੇਂ ਫਗਵਾੜਾ ਦੇ ਲਾਅ ਗੇਟ ਇਲਾਕੇ ਵਿੱਚ ਗੋਲੀਆਂ ਚੱਲਣ ਤੇ ਸੁਰੱਖਿਆ ਕਰਮਚਾਰੀਆਂ ਨਾਲ ਵਿਵਾਦ ਦੀ ਘਟਨਾ ਵੀ ਸਾਹਮਣੇ ਆਈ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਰਹਿੰਦੇ ਵਿਦਿਆਰਥੀਆਂ, ਸੁਰੱਖਿਆ ਪ੍ਰਬੰਧਾਂ ਤੇ ਰਾਤ ਸਮੇਂ ਦੀ ਨਿਗਰਾਨੀ ਨੂੰ ਲੈ ਕੇ ਸਵਾਲ ਹੋਰ ਗੰਭੀਰ ਹੋ ਗਏ ਹਨ। ਲੋਕਾਂ ਦੀ ਮੰਗ ਹੈ ਕਿ ਫਗਵਾੜਾ ਪੁਲਿਸ ਵੱਲੋਂ ਲਾਅ ਗੇਟ ਮਹੇੜੂ ਤੇ ਆਸ-ਪਾਸ ਦੇ ਪਿੰਡਾਂ ਵਿੱਚ ਚੱਲ ਰਹੇ ਸਾਰੇ ਪੀਜੀਆਂ ਦੀ ਪੂਰੀ ਮੈਪਿੰਗ ਕਰਵਾਈ ਜਾਵੇ। ਹਰ ਪੀਜੀ ਮਾਲਕ ਦਾ ਵੇਰਵਾ, ਇਮਾਰਤ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਦੀ ਗਿਣਤੀ, ਉਨ੍ਹਾਂ ਦੇ ਪਛਾਣ ਪੱਤਰ, ਐਮਰਜੈਂਸੀ ਸੰਪਰਕ ਨੰਬਰ ਤੇ ਲੋੜੀਂਦੀ ਪੁਲਿਸ ਵੈਰੀਫਿਕੇਸ਼ਨ ਦੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਇਹ ਵੀ ਦੇਖਿਆ ਜਾਣਾ ਚਾਹੀਦਾ ਹੈ ਕਿ ਜਿਹੜੀਆਂ ਇਮਾਰਤਾਂ ਰਿਹਾਇਸ਼ੀ ਮਕਸਦ ਲਈ ਬਣੀਆਂ ਹਨ, ਉਨ੍ਹਾਂ ਨੂੰ ਪੀਜੀ ਵਜੋਂ ਚਲਾਉਣ ਲਈ ਸਬੰਧਤ ਨਿਯਮਾਂ ਤੇ ਸਥਾਨਕ ਪ੍ਰਸ਼ਾਸਨ ਦੀਆਂ ਲੋੜੀਂਦੀਆਂ ਮਨਜ਼ੂਰੀਆਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ। ਕਿਸੇ ਹਾਦਸੇ ਜਾਂ ਕਰਾਈਮ ਦੀ ਉਡੀਕ ਨਾ ਕਰੇ ਪ੍ਰਸ਼ਾਸਨ ਸਭ ਤੋਂ ਵੱਡੀ ਲੋੜ ਇਹ ਹੈ ਕਿ ਕਿਸੇ ਵੱਡੀ ਘਟਨਾ ਦੇ ਵਾਪਰਨ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ ਪਹਿਲਾਂ ਹੀ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ। ਵਿਦਿਆਰਥੀ ਕਿਸੇ ਵੀ ਸ਼ਹਿਰ ਜਾਂ ਪਿੰਡ ਵਿੱਚ ਰਹਿਣ, ਉਨ੍ਹਾਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਇਸ ਲਈ ਸਬੰਧਤ ਪੁਲਿਸ ਥਾਣਿਆਂ ਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਲਾਅ ਗੇਟ ਮਹੇੜੂ ਸਮੇਤ ਫਗਵਾੜਾ ਦੇ ਪਿੰਡਾਂ ਵਿੱਚ ਚੱਲ ਰਹੇ ਪੀਜੀ ਦੀ ਜਾਂਚ ਕਰਕੇ ਇਹ ਸਪਸ਼ਟ ਕੀਤਾ ਜਾਵੇ ਕਿ ਕਿੰਨੇ ਪੀਜੀ ਰਜਿਸਟਰਡ ਹਨ, ਕਿੰਨੇ ਮਾਲਕਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਦਾ ਡਾਟਾ ਪੁਲਿਸ ਕੋਲ ਮੌਜੂਦ ਹੈ ਤੇ ਜਿੱਥੇ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ, ਉੱਥੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਿਉਂਕਿ ਸਵਾਲ ਸਿੱਧਾ ਹੈ ਜੇਕਰ ਕਿਸੇ ਅਣ-ਵੈਰੀਫਾਈਡ ਪੀਜੀ ਵਿੱਚ ਕੋਈ ਗੰਭੀਰ ਕਰਾਈਮ ਹੋ ਜਾਂਦਾ ਹੈ ਤਾਂ ਜਵਾਬਦੇਹੀ ਕਿਸ ਦੀ ਹੋਵੇਗੀ।