ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਹੋਵੇਗਾ ਲੋਕ ਪ੍ਰਵਾਨਿਤ ? ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਹੋਵੇਗਾ ਲੋਕ ਪ੍ਰਵਾਨਿਤ ?
Publish Date: Sat, 14 Nov 2026 07:45 PM (IST)
Updated Date: Sat, 14 Nov 2026 07:48 PM (IST)
--ਦਲਬਦਲੀਆਂ ਦੇ ਦੌਰ ਦਾ ਸਿਲਸਲਾ ਜ਼ੋਰਾਂ ਤੇ, ਵਫਾਈਆਂ ਲੱਗੀਆਂ ਦਾਅ ਤੇ ਰੌਸ਼ਨ ਖੈੜਾ, ਪੰਜਾਬੀ ਜਾਗਰਣ ਕਪੂਰਥਲਾ : ਉੱਤਰੀ ਭਾਰਤ ਵਿੱਚ ਜਿਉਂ ਜਿਉਂ ਠੰਡ ਵੱਧ ਰਹੀ ਹੈ, ਤਿਉਂ ਤਿਉਂ ਹੀ ਪੰਜਾਬ ਦੀਆਂ ਸੰਭਾਵਿਤ ਵਿਧਾਨ ਸਭਾ ਚੋਣਾਂ ਖਾਤਰ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਦਾਅਵਿਆਂ ਤੇ ਵਾਅਦਿਆਂ ਦੀ ਗਰਮੀ ਫੜ ਰਹੀਆਂ ਹਨ। ਜ਼ਿਲ੍ਹਾ ਕਪੂਰਥਲਾ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਕੀ ਕੁਝ ਵਾਪਰ ਰਿਹਾ ਹੈ, ਬਾਰੇ ਜਾਨਣ ਲਈ ਅਸੀਂ ਕਪੂਰਥਲਾ ਵਿਧਾਨ ਸਭਾ ਦੀਆਂ ਰਾਜਨੀਤਿਕ ਪਾਰਟੀਆਂ ਦੀ ਹਲਚਲ ਦੀਆਂ ਪੈੜਾਂ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪੰਜਾਬ ਵਿਧਾਨ ਸਭਾ ਚੋਣਾਂ ਐਂਤਕੀ ਇਸ ਕਰਕੇ ਵੀ ਰੌਚਕ ਹਨ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਜਿੱਥੇ ਆਪਣੇ ਲੋਕ ਹਿਤਕਾਰੀ ਕੀਤੇ ਕਾਰਜਾਂ ਨੂੰ ਕੈਸ਼ ਕਰਵਾਉਣ ਲਈ ਚੋਣ ਮੈਦਾਨ ਵਿਚ ਉੱਤਰੇਗੀ ਜਦਕਿ ਵਿਰੋਧੀ ਪਾਰਟੀਆਂ ਨਸ਼ਿਆਂ ਦੇ ਖਿਲਾਫ, ਭ੍ਰਿਸ਼ਟਾਚਾਰ ਦੇ ਖਿਲਾਫ਼, ਮੁਲਾਜ਼ਮਾਂ ਤੇ ਕਿਸਾਨਾਂ ਵਿਰੋਧੀ ਨੀਤੀਆਂ ਖ਼ਿਲਾਫ਼ ਤੇ ਹੋਰ ਵਾਅਦਿਆਂ ਤੇ ਦਾਅਵਿਆਂ ਨਾਲ ਮੈਦਾਨ ਵਿੱਚ ਉੱਤਰਨਗੀਆਂ। ਸਾਰੀਆਂ ਪਾਰਟੀਆਂ ਵਿਚ ਆਪਣੇ ਯੋਗ ਤੇ ਜੇਤੂ ਉਮੀਦਵਾਰ ਉਤਾਰਨ ਲਈ ਪੱਬਾਂ ਭਾਰ ਹਨ। ਆਮ ਆਦਮੀ ਪਾਰਟੀ ਵੱਲੋਂ ਹੁਣ ਤੱਕ 81 ਉਮੀਦਵਾਰਾਂ ਨੂੰ ਐਲਾਨਿਆ ਗਿਆ ਹੈ ਬਾਕੀ ਪਾਰਟੀਆਂ ਅਜੇ ਤੋੜ-ਭੰਨ ਵਿੱਚ ਰੁੱਝੀਆਂ ਹੋਈਆਂ ਹਨ। --ਵਿਧਾਇਕ ਰਾਣਾ ਗੁਰਜੀਤ ਸਿੰਘ ਮੁੱਖ ਦਾਅਵੇਦਾਰੀ ਦੇ ਬਾਵਜੂਦ ਵੀ ਸ਼ਸ਼ੋਪੰਜ ਚ... ਕਪੂਰਥਲਾ ਵਿਧਾਨ ਹਲਕੇ ਵਿੱਚ ਬੇਸ਼ਕ 2002 ਤੋਂ ਹੀ ਕਾਂਗਰਸ ਵੱਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਦਾ ਹੀ ਕਬਜ਼ਾ ਹੈ, ਪਰ ਇਸ ਵਾਰ ਰਾਣਾ ਗੁਰਜੀਤ ਸਿੰਘ ਦੇ ਖਾਸ ਪਰਛਾਵਿਆਂ ਵਰਗੇ ਸਿਪਾਹਸਲਾਰ ਕੌਂਸਲਰਾਂ ਵੱਲੋਂ ਬਾਗੀ ਹੋ ਜਾਣ ਨਾਲ ਰਾਣਾ ਕਲਚਰ ਬੇਸ਼ੱਕ ਬਾਹਰੀ ਰੂਪ ਵਿੱਚ ਮੱਧਮ ਪਿਆ ਲਗਦਾ ਹੈ ਪਰ ਰਾਣਾ ਗੁਰਜੀਤ ਸਿੰਘ ਵੱਲੋਂ ਇਸ ਚਰਚਾ ਨੂੰ ਠੰਢ ਪਾਉਣ ਲਈ ਆਪਣੇ ਪੱਧਰ ਉੱਤੇ ਕਰਵਾਏ ਸਰਵੇਖਣ ਅਨੁਸਾਰ ਹਰਮਨ ਪਿਆਰਤਾ ’ਚ ਦੂਜਿਆਂ ਦੇ ਮੁਕਾਬਲੇ ਹੱਥ ਉਪਰ ਹੀ ਹੈ। ਦੂਸਰੇ ਪਾਸੇ ਕਾਂਗਰਸ ਹਾਈਕਮਾਨ ਵੱਲੋਂ ਇੱਕ ਪਰਿਵਾਰ ਇੱਕ ਟਿਕਟ ਦੇ ਬਣਾਏ ਨਿਯਮਾਂ ਅਨੁਸਾਰ ਰਾਣਾ ਗੁਰਜੀਤ ਸਿੰਘ ਦਾ ਦਾਅਵਾ ਹੈ ਕਿ ਜੇਕਰ ਉਸਦੇ ਸੁਲਤਾਨਪੁਰ ਲੋਧੀ ਹਲਕੇ ਤੋਂ ਬਣੇ ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਟਿਕਟ ਨਹੀਂ ਮਿਲਦੀ ਤਾਂ ਉਹ ਪੁੱਤਰ ਮੋਹ ਖਾਤਰ ਖੁਦ ਨੂੰ ਬੈਕਫੁੱਟ ਕਰ ਲੈਣਗੇ ਤੇ ਕਾਂਗਰਸ ਹਾਈਕਮਾਨ ਨੂੰ ਦੇਖਣਾ ਹੋਵੇਗਾ ਕਿ ਕਪੂਰਥਲਾ ਤੋਂ ਕਿਹੜਾ ਜਿੱਤਣਯੋਗ ਉਮੀਦਵਾਰ ਦੇਣਾ ਹੈ? ਹਾਲਾਂਕਿ ਰਾਣਾ ਗੁਰਜੀਤ ਸਿੰਘ ਪਿਛਲੇ ਪੰਜ ਸਾਲਾਂ ਵਿਚ ਆਪਣੇ ਅਜ਼ਾਦ ਵਿਧਾਇਕ ਪੁੱਤਰ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਨਹੀਂ ਕਰਵਾ ਸਕੇ ਪਰ ਇਹ ਵੀ ਮੰਨਿਆ ਜਾਂਦਾ ਹੈ ਕਿ ਰਾਣਾ ਗੁਰਜੀਤ ਸਿੰਘ ਪੰਜਾਬ ਤੇ ਰਾਸ਼ਟਰੀ ਪੱਧਰ ਉੱਤੇ ਕਾਂਗਰਸ ਹਾਈਕਮਾਂਡ ਵਿਚ ਪੂਰਾ ਦਬਦਬਾ ਰੱਖਦੇ ਹੋਣ ਕਰਕੇ ਪਾਰਟੀ ਨੂੰ ਬਣਾਏ ਨਿਯਮਾਂ ਨਾਲ ਸਮਝੌਤਾ ਕਰਨ ਲਈ ਵੀ ਮਜਬੂਰ ਕਰ ਸਕਦੇ ਹਨ, ਕਿਉਂਕਿ ਰਾਣਾ ਗੁਰਜੀਤ ਸਿੰਘ ਦਾ ਸੁਭਾਵਿਕ ਮੰਨਣਾ ਹੈ ਕਿ ਪੈਸੇ ਨਾਲ ਉਹ ਘੋੜੀ ਵੀ ਦੌੜਦੀ ਹੈ, ਜਿਸ ਦੀਆਂ ਭਾਵੇਂ ਲੱਤਾਂ ਨਾ ਹੋਣ। --ਭਾਜਪਾ ਵੱਲੋਂ ਐਂਤਕੀ ਉਮੇਸ਼ ਸ਼ਾਰਦਾ ਉੱਤਰ ਸਕਦੇ ਹਨ ਮੈਦਾਨ ਚ ... ਭਾਰਤੀ ਜਨਤਾ ਪਾਰਟੀ ਵੱਲੋਂ ਕਪੂਰਥਲਾ ਤੋਂ 2017 ਵਿਚ ਸਿੱਖ ਚਿਹਰਾ ਰਣਜੀਤ ਸਿੰਘ ਖੋਜੇਵਾਲ ਉਮੀਦਵਾਰ ਸਨ, ਬੇਸ਼ੱਕ ਉਹ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿਚ ਭਾਜਪਾ ਦੀ ਫ਼ਸਲ ਬੀਜਣ ਵਿਚ ਸਫ਼ਲ ਹੋਏ ਪਰ ਭਾਜਪਾਈ ਆਗੂਆਂ ਵੱਲੋਂ ਬੱਝਵਾ ਸਹਿਯੋਗ ਨਾ ਮਿਲਣਾ ਵੀ ਚਰਚਾ ਰਹੀ। ਭਾਜਪਾ ਦੇ ਟਕਸਾਲੀ ਨੇਤਾਵਾਂ ਵਿੱਚ ਉਮੇਸ਼ ਸ਼ਾਰਦਾ, ਪਰਸ਼ੋਤਮ ਪਾਸੀ, ਸ਼ਾਮ ਸੁੰਦਰ ਅਗਰਵਾਲ ਵੀ ਟਿੱਕਟ ਲਈ ਪ੍ਰਮੁੱਖ ਦਾਅਵੇਦਾਰ ਹਨ। ਪਰਸ਼ੋਤਮ ਪਾਸੀ ਤੇ ਸ਼ਾਮ ਸੁੰਦਰ ਅਗਰਵਾਲ ਸਿਹਤਯਾਬ ਨਾ ਹੋਣ ਕਰਕੇ ਸਰਗਰਮ ਨਹੀਂ ਲੱਗ ਰਹੇ ਪਰ ਉਮੇਸ਼ ਸ਼ਾਰਦਾ ਅਜਿਹੇ ਬੇਦਾਗ਼ ਤੇ ਬੇਲਾਗ ਨੇਤਾ ਹਨ, ਜੋ ਵੱਖ-ਵੱਖ ਸਮਿਆਂ ਵਿੱਚ ਪੰਜਾਬ ਦੇ ਕਈ ਵਿਧਾਨ ਸਭਾ ਹਲਕਿਆਂ ਵਿਚ ਚੋਣ ਇੰਚਾਰਜ ਬਣਾ ਕੇ ਭੇਜੇ ਜਾਂਦੇ ਰਹੇ ਹਨ, ਸ਼ਾਰਦਾ ਦਾ ਕੇਂਦਰ ਤੱਕ ਭਾਜਪਾਈ ਟਕਸਾਲੀ ਆਗੂਆਂ ਚ ਅਸਰ ਰਸੂਖ ਤੇ ਚੰਗੀ ਦਿੱਖ ਕਾਰਣ ਟਿਕਟ ਮਿਲ ਵੀ ਸਕਦੀ ਹੈ, ਕਿਉਂਕਿ ਕਪੂਰਥਲਾ ਵਿਖੇ ਗੁਰੂ ਨਾਨਕ ਮੈਡੀਕਲ ਕਾਲਜ ਕੇਂਦਰ ਸਰਕਾਰ ਕੋਲੋਂ ਮਨਜ਼ੂਰੀ ਲੈ ਕੇ ਦੇਣਾ ਉਮੇਸ਼ ਸ਼ਾਰਦਾ ਦੇ ਦਾਅਵੇ ਨੂੰ ਕਦੇ ਵੀ ਕਿਸੇ ਨੇ ਚੁਣੌਤੀ ਨਹੀਂ ਦਿੱਤੀ, ਪਰ ਹਾਲ ਹੀ ਵਿਚ ਸੁਲਤਾਨਪੁਰ ਲੋਧੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਨਾਨਕਪੁਰ ਵੱਲੋਂ ਭਾਜਪਾ ਦਾ ਸਿਰੋਪਾਓ ਗਲ਼ ਚ ਪਾਉਣ ਉਪਰੰਤ ਕਪੂਰਥਲਾ ਚ ਟਿਕਟ ਦੇ ਦਾਅਵੇਦਾਰ ਬਣ ਗਏ ਹਨ। ਭਾਜਪਾ ਸਿਆਸਤ ਦੇ ਚਾਣਕਿਆ ਅਮਿਤ ਸ਼ਾਹ ਦੇ ਪੰਜਾਬ ਵਿੱਚ ਸਰਕਾਰ ਬਨਾਉਣ ਦੇ ਦਾਅਵੇ ਉਪਰੰਤ ਹਰ ਕੋਈ ਧੁਖਦਾ ਨੇਤਾ ਟਿਕਟ ਲਈ ਦਾਅਵੇਦਾਰ ਹੈ। --ਆਖਿਰ ਆਪ ਵੱਲੋਂ ਦਵਿੰਦਰ ਪਾਲ ਸਿੰਘ ਹੰਸਪਾਲ ਟਿਕਟ ਲੈਣ ’ਚ ਮਾਰ ਗਏ ਬਾਜ਼ੀ.... ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੀਪੀਟ ਕਰਨ ਦੇ ਦਾਅਵੇ ਅਨੁਸਾਰ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਪੌਣਾ ਦਰਜਨ ਨੇਤਾ ਟਿਕਟ ਹਾਸਲ ਕਰਨ ਦੇ ਦਾਅਵੇਦਾਰ ਹਨ ਪਰ ਪਿਛਲੇ ਮਹੀਨੇ ਹੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜਨ ਵਾਲੇ ਸਾਬਕਾ ਕੌਂਸਲਰ ਤੇ ਉਦਯੋਗਪਤੀ ਦਵਿੰਦਰ ਪਾਲ ਸਿੰਘ ਉਰਫ ਰੰਗਾ ਸਾਰੇ ਦਾਅਵੇਦਾਰਾਂ ਦੀ ਮੈਰਿਟ ਤੋੜ ਕੇ ਟਿਕਟ ਲੈਣ ਵਿੱਚ ਸਫਲ ਹੋ ਗਏ ਹਨ। 2017 ਵਿਚ ਕਾਂਗਰਸ ਛੱਡ ਕੇ ਆਏ ਪ੍ਰਵਾਸੀ ਭਾਰਤੀ ਸੁਖਵੰਤ ਸਿੰਘ ਪੱਡਾ ਜਰਮਨ ਵਾਲੇ ਚੋਣ ਮੈਦਾਨ ਵਿਚ ਉਤਾਰੇ ਗਏ ਸਨ ਪਰ ਉਹ ਆਪਣੀ ਜ਼ਮਾਨਤ ਬਚਾਉਣ ਵਿਚ ਸਫ਼ਲ ਹੀ ਹੋਏ ਸਨ, ਉਹ ਬੇਸ਼ੱਕ ਇਸ ਵਾਰ ਵੀ ਟਿਕਟ ਲੈਣ ਲਈ ਮੁੱਖ ਦਾਅਵੇਦਾਰ ਹਨ ਪਰ 2022 ਵਿੱਚ ਸੁਲਤਾਨਪੁਰ ਲੋਧੀ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੱਜਣ ਸਿੰਘ ਚੀਮਾ ਅਰਜਨਾ ਐਵਾਰਡੀ ਦੇ ਖਿਲਾਫ ਕਾਂਗਰਸ ਵਿਰੋਧੀ ਅਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਹੀ ਮਦਦਗਾਰ ਸਾਬਿਤ ਹੋਣ ਮਗਰੋਂ ਪਾਰਟੀ ਨੂੰ ਹਜ਼ਮ ਨਹੀਂ ਹੋਏ, ਜਿਸ ਕਰਕੇ ਟਿਕਟ ਤੋਂ ਵਾਂਝੇ ਰਹਿ ਗਏ। ਇਸੇ ਸੀਟ ਤੋਂ 2022 ਵਿੱਚ ਆਪ ਦੇ ਉਮੀਦਵਾਰ ਸਾਬਕਾ ਜੱਜ ਮੰਜੂ ਰਾਣਾ ਵੀ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਲਈ ਸਿੱਧੀ ਚੁਣੌਤੀ ਬਣਕੇ ਉੱਭਰੇ ਹਨ ਪਰ ਇਸ ਵਾਰ ਦਾਅਵੇਦਾਰੀ ਬਾਵਜੂਦ ਵੀ ਲਗਾਤਾਰ ਕਪੂਰਥਲਾ ਨਾਲ ਖੁਭ ਕੇ ਨਾ ਜੁੜੇ ਰਹਿਣਾ ਵੀ ਟਿਕਟ ਨਾ ਮਿਲਣ ਦੀ ਖਾਸ ਵਜ੍ਹਾ ਬਣ ਗਿਆ। ਤੀਸਰੇ ਇੱਕ ਹੋਰ ਮੁੱਖ ਦਾਅਵੇਦਾਰ ਸਾਬਕਾ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਵੀ ਸਾਬਕਾ ਕਾਂਗਰਸੀ ਸਨ, ਦੀ ਅਗਵਾਈ ’ਚ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਬਿਹਤਰੀਨ ਕਾਰਗੁਜ਼ਾਰੀ ਤੇ ਕਾਂਗਰਸ ਨੂੰ ਠਿੱਬੀ ਲਗਾ ਕੇ ਰਾਣਾ ਗੁਰਜੀਤ ਸਿੰਘ ਦੇ ਬਹੁਤ ਹੀ ਨਜ਼ਦੀਕੀ ਕੌਂਸਲਰਾਂ ਨੂੰ ਬਾਗੀ ਕਰਕੇ ਕੌਂਸਲਰ ਨਰਿੰਦਰ ਮੰਨਸੂ ਨੂੰ ਮੇਅਰ ਬਨਾਉਣ ਵਿੱਚ ਸਫ਼ਲ ਤਾਂ ਹੋ ਗਏ ਪਰ ਰਾਣਾ ਗੁਰਜੀਤ ਸਿੰਘ ਵੱਲੋਂ ਇਸ ਚੋਣ ਨੂੰ ਹਾਈਕੋਰਟ ਵਿਚ ਚੁਣੌਤੀ ਦੇਣ ਉਪਰੰਤ ਨਗਰ ਨਿਗਮ ਤ੍ਰਿਸ਼ੰਕੂ ਬਣਿਆ ਹੋਇਆ ਹੈ ਤੇ ਐਡਵੋਕੇਟ ਚੰਦੀ ਬਾਰੇ ਲੋਕਲ ਪਾਰਟੀ ਨੇਤਾਵਾਂ ਵੱਲੋਂ ਕੀਤਾ ਗਿਆ ਭੰਡੀ ਪ੍ਰਚਾਰ ਹੀ ਉਸਦੀ ਟਿਕਟ ਲੈਣ ਦੀ ਦਾਅਵੇਦਾਰੀ ਖਤਮ ਕਰ ਗਿਆ। ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰ ਪਾਲ ਸਿੰਘ ਹੰਸਪਾਲ ਲਈ ਵੱਡੀ ਚੁਣੌਤੀ ਹੈ ਕਿ ਉਹ ਟਿਕਟ ਨਾ ਮਿਲਣ ਕਾਰਨ ਨਿਰਾਸ਼ ਹੋਏ ਲੋਕਲ ਨੇਤਾਵਾਂ ਨੂੰ ਆਪਣੇ ਨਾਲ ਤੋਰਨ ਵਿਚ ਸਫ਼ਲ ਹੁੰਦੇ ਹਨ ਜਾਂ ਨਹੀਂ? ਜਦੋਂ ਸਰਕਾਰ ਦਾ ਗ੍ਰਾਫ ਵੀ ਨਾਕਾਰਾਤਮਕ ਹੋਵੇ, ਉਮੀਦਵਾਰ ਦਾ ਜ਼ੋਰ ਹੀ ਆਪਣੇ ਲੋਕਲ ਨੇਤਾਵਾਂ ਨੂੰ ਸੁਰਬੱਧ ਕਰਨ ’ਚ ਲੱਗਦਾ ਰਿਹਾ ਤਾਂ ਲੜਾਈ ਹੋਰ ਗੰਭੀਰ ਹੋ ਜਾਵੇਗੀ। ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੱਧੂ ਨੂੰ ਟਿਕਟ ਦੀ ਪੂਰੀ ਧਾਂਕ ... ਇਸੇ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਨੇਤਾ ਸਵ. ਰਘਬੀਰ ਸਿੰਘ ਸਾਬਕਾ ਕੈਬਨਿਟ ਮੰਤਰੀ ਦਾ ਵੀ ਵੱਡਾ ਅਸਰ ਰਸੂਖ ਤੇ ਪ੍ਰਭਾਵ ਰਿਹਾ ਹੈ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ ਵੀ ਰਾਣਾ ਗੁਰਜੀਤ ਸਿੰਘ ਨੂੰ ਸਨਮਾਨ ਯੋਗ ਟੱਕਰ ਦਿੰਦੇ ਰਹੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਹਲਕਾ ਇੰਚਾਰਜ ਐੱਚਐੱਸ ਵਾਲੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਸਰਪੰਚ ਦਲਵਿੰਦਰ ਸਿੰਘ ਸਿੱਧੂ ਟਿਕਟ ਹਾਸਲ ਕਰਨ ਵਿੱਚ ਕਾਫੀ ਸਰਗਰਮ ਲੱਗ ਰਹੇ ਹਨ, ਪਰ ਨਗਰ ਨਿਗਮ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਨੇਤਾਵਾਂ ਤੋਂ ਦੂਰੀ ਬਣਾ ਕੇ ਚਲਣ ਨਾਲ ਸ਼੍ਰੋਮਣੀ ਅਕਾਲੀ ਦਲ ਦੋਫਾੜ ਹੋ ਗਈ ਹੈ। ਬਾਗੀ ਅਕਾਲੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਰਨੈਲ ਸਿੰਘ ਡੋਗਰਾਂਵਾਲ ਦੀ ਅਗਵਾਈ ਵਿੱਚ ਸੀਨੀਅਰ ਅਕਾਲੀ ਆਗੂ ਦਵਿੰਦਰ ਪਾਲ ਸਿੰਘ ਢਪੱਈ, ਐਡਵੋਕੇਟ ਪਰਮਜੀਤ ਸਿੰਘ, ਸੀਨੀਅਰ ਅਕਾਲੀ ਆਗੂ ਦਵਿੰਦਰ ਬੀਰ ਸਿੰਘ ਨਿੱਕੂ ਚਾਹਲ, ਸਾਬਕਾ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਹਰਜੀਤ ਸਿੰਘ ਵਾਲੀਆ, ਸਾਬਕਾ ਉਪ ਪ੍ਰਧਾਨ ਕੌਮੀ ਯੂਥ ਅਕਾਲੀ ਦਲ ਸੁਖਦੇਵ ਸਿੰਘ ਕਾਦੂਪੁਰ ਆਦਿ ਦਾ ਵਫ਼ਦ ਜ਼ਮੀਨੀ ਹਕੀਕਤਾਂ ਨੂੰ ਸੁਪਰੀਮੋ ਸੁਖਬੀਰ ਬਾਦਲ ਦੇ ਧਿਆਨ ਵਿੱਚ ਲਿਆ ਚੁੱਕਾ ਹੈ। ਸਿਆਸੀ ਸਮੀਕਰਨ ਸੰਕੇਤ ਦੇ ਰਹੇ ਹਨ ਕਿ ਜੇਕਰ ਅਕਾਲੀ ਭਾਜਪਾ ਗਠਜੋੜ ਹੋ ਜਾਂਦਾ ਹੈ ਤਾਂ ਇਹ ਸੀਟ ਭਾਜਪਾ ਦੀ ਵੰਡ ਵਿੱਚ ਵੀ ਜਾ ਸਕਦੀ ਹੈ ਜਦਕਿ 2022 ਵਿੱਚ ਅਕਾਲੀ ਬਸਪਾ ਦਾ ਗੱਠਜੋੜ ਹੋਣ ਕਰਕੇ ਜਥੇਦਾਰ ਦਵਿੰਦਰ ਬੀਰ ਸਿੰਘ ਢਪੱਈ ਬਸਪਾ ਚੋਣ ਨਿਸ਼ਾਨ ਹਾਥੀ ਉੱਤੇ ਹੀ ਚੋਣ ਲੜ੍ਹੀ ਸੀ। --ਧਾਲੀਵਾਲ ਬਣਿਆ ਵਾਰਿਸ ਪੰਜਾਬ ਦਾ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਭਾਵੇਂ ਪਾਰਟੀ ਵਜੋਂ ਮਾਨਤਾ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਵਿਚਾਰਧਾਰਾ ਨੂੰ ਲੈ ਕੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਪੂਰੇ ਦਮਖਮ ਨਾਲ ਉੱਤਰ ਰਹੀ ਹੈ। ਕਪੂਰਥਲਾ ਵਿਧਾਨ ਸਭਾ ਹਲਕਾ ਤੋਂ ਜ਼ਿਲ੍ਹਾ ਪ੍ਰਧਾਨ ਰਛਪਾਲ ਸਿੰਘ ਭਾਣੋਲੰਗਾ ਦੀ ਅਗਵਾਈ ਵਿੱਚ ਜਗਜੀਤ ਸਿੰਘ ਧਾਲੀਵਾਲ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਸੰਪਰਕ ਬਨਾਉਣੇ ਹੀ ਨਹੀਂ ਸ਼ੁਰੂ ਕੀਤੇ ਬਲਕਿ ਸਮਾਜ ਦੇ ਸਮੂਹ ਵਰਗਾਂ ਦਾ ਵਿਸ਼ਵਾਸ ਜਿੱਤਣ ਲਈ ਦਿਨ-ਰਾਤ ਇੱਕ ਕਰ ਰਹੇ ਹਨ, ਧਾਲੀਵਾਲ ਦੀਆਂ ਰਾਜਨੀਤਿਕ ਸਰਗਰਮੀਆਂ ਤੇ ਆਪਣੇ ਅਸਰ ਰਸੂਖ ਨਾਲ ਜਿਸ ਸਮਰਪਿਤ ਭਾਵਨਾਵਾਂ ਨਾਲ ਚੱਲ ਰਹੇ ਹਨ, ਲੱਗਦਾ ਹੈ ਕਪੂਰਥਲਾ ਪੰਜ ਕੋਣਾ ਚੋਣ ਮੁਕਾਬਲਾ ਬਣ ਜਾਵੇਗਾ।