ਨਡਾਲਾ ਕਸਬੇ ਨੂੰ ਟਰੈਫਿਕ ਜਾਮ ਤੋਂ ਕਦੋਂ ਮਿਲੇਗੀ ਨਿਜਾਤ ਨਡਾਲਾ ਕਸਬੇ ਨੂੰ ਟਰੈਫਿਕ ਜਾਮ ਤੋਂ ਕਦੋਂ ਮਿਲੇਗੀ ਨਿਜਾਤ? ਲੰਬੇ-ਲੰਬੇ ਜਾਮ ਬਣੇ ਲੋਕਾਂ ਲਈ ਸਿਰਦਰਦੀ
Publish Date: Tue, 17 Nov 2026 08:10 PM (IST)
Updated Date: Tue, 17 Nov 2026 08:12 PM (IST)
ਸੰਘਣੀ ਆਬਾਦੀ ਵਾਲੇ ਇਲਾਕੇ ’ਚ ਆਵਾਜਾਈ ਹੁੰਦੀ ਹੈ ਪ੍ਰਭਾਵਿਤ ਲੰਬੇ-ਲੰਬੇ ਜਾਮ ਬਣੇ ਲੋਕਾਂ ਲਈ ਸਿਰਦਰਦੀ ਅੰਮ੍ਰਿਤਪਾਲ ਬਾਜਵਾ ਪੰਜਾਬੀ ਜਾਗਰਣ ਬੇਗੋਵਾਲ : ਕਸਬਾ ਨਡਾਲਾ ਵਿੱਚ ਟਰੈਫਿਕ ਜਾਮ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਖਾਸ ਕਰਕੇ ਨਡਾਲਾ-ਬੇਗੋਵਾਲ-ਸੁਭਾਨਪੁਰ ਸੜਕ ਉੱਤੇ ਅਕਸਰ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ, ਜਿਸ ਕਾਰਨ ਰਾਹਗੀਰਾਂ, ਦੁਕਾਨਦਾਰਾਂ ਤੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਸਬੇ ਵਿੱਚ ਸੰਘਣੀ ਆਬਾਦੀ ਤੇ ਸੜਕਾਂ ਉੱਤੇ ਵਾਹਨਾਂ ਦੀ ਵਧਦੀ ਗਿਣਤੀ ਕਾਰਨ ਟਰੈਫਿਕ ਦੀ ਸਮੱਸਿਆ ਹੋਰ ਵੀ ਗੁੰਝਲਦਾਰ ਬਣ ਰਹੀ ਹੈ। ਕਈ ਵਾਰ ਜਾਮ ਦੌਰਾਨ ਐਂਬੂਲੈਂਸ ਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਵੀ ਲੰਘਣ ਵਿੱਚ ਮੁਸ਼ਕਲ ਆਉਂਦੀ ਹੈ। ਇਸ ਤੋਂ ਇਲਾਵਾ ਸੜਕ ਉੱਤੇ ਵਾਹਨਾਂ ਦੀ ਬੇਤਰਤੀਬ ਆਵਾਜਾਈ ਤੇ ਭੀੜ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਨਾ ਤਾਂ ਕੋਈ ਠੋਸ ਟਰੈਫਿਕ ਪ੍ਰਬੰਧ ਦਿਖਾਈ ਦਿੰਦਾ ਹੈ ਤੇ ਨਾ ਹੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕੋਈ ਪੱਕੇ ਕਦਮ ਚੁੱਕੇ ਜਾ ਰਹੇ ਹਨ। ਲੋਕਾਂ ਵਿੱਚ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਆਖਿਰ ਨਡਾਲਾ ਕਸਬੇ ਨੂੰ ਟਰੈਫਿਕ ਜਾਮ ਤੋਂ ਨਿਜਾਤ ਕਦੋਂ ਮਿਲੇਗੀ? ਲੋਕਾਂ ਨੇ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਨਡਾਲਾ ਦੇ ਮੁੱਖ ਚੌਕਾਂ ਤੇ ਭੀੜ-ਭੜੱਕੇ ਵਾਲੀਆਂ ਸੜਕਾਂ ਉੱਤੇ ਟਰੈਫਿਕ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇ, ਨਾਜਾਇਜ਼ ਪਾਰਕਿੰਗ ਤੇ ਬੇਤਰਤੀਬ ਖੜ੍ਹੇ ਵਾਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਤੇ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਠੋਸ ਯੋਜਨਾ ਤਿਆਰ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਰੋਜ਼ਾਨਾ ਦੀ ਇਸ ਸਮੱਸਿਆ ਤੋਂ ਰਾਹਤ ਮਿਲ ਸਕੇ। ਇਥੋਂ ਤੱਕ ਕਿ ਪ੍ਰਸ਼ਾਸਨ ਵੱਲੋਂ ਦਿਨ ਸਮੇਂ ਭਾਰੀ ਵਾਹਨਾਂ ’ਤੇ ਪਾਬੰਦੀ ਲੱਗਣ ਦੇ ਬਾਵਜੂਦ ਵੀ ਭਾਰੀ ਵਾਹਨਾਂ ਦਾ ਲੰਗੜਾ ਲਗਾਤਾਰ ਜਾਰੀ ਹੈ ਤੇ ਕਈ ਵਾਰ ਇੱਥੋਂ ਤੱਕ ਕਿ ਛੋਟੇ ਵਾਹਨਾਂ ਨੂੰ ਹਾਦਸੇ ਦਾ ਸ਼ਿਕਾਰ ਬਣਾ ਕੇ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕਰ ਦਿੰਦੇ ਹਨ ਤੇ ਇੱਥੋਂ ਤੱਕ ਕਿ ਕਈ ਵਾਰ ਇਨ੍ਹਾਂ ਹਾਦਸਿਆਂ ਕਾਰਨ ਕਈ ਨੌਜਵਾਨ ਤੇ ਲੋਕਾਂ ਦੀ ਜਾਨਾਂ ਵੀ ਜਾ ਚੁੱਕੀਆਂ ਹਨ ਪਰ ਫਿਰ ਵੀ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋਣਾ ਬਹੁਤ ਦੂਰ ਦੀ ਗੱਲ ਹੈ।