ਆਖਿਰ ਕਦੋਂ ਖੁੱਲ੍ਹੇਗਾ ਸਤਨਾਮਪੁਰਾ ਪੁਲ ’ਤੇ ਬੰਦ ਕੀਤਾ ਰਸਤਾ ਆਖਿਰ ਕਦੋਂ ਖੁੱਲ੍ਹੇਗਾ ਸਤਨਾਮਪੁਰਾ ਪੁਲ ’ਤੇ ਬੰਦ ਕੀਤਾ ਰਸਤਾ? ਲੋਕਾਂ ਨੂੰ ਆ ਰਹੀ ਭਾਰੀ ਪ੍ਰੇਸ਼ਾਨੀ
Publish Date: Mon, 09 Nov 2026 06:55 PM (IST)
Updated Date: Mon, 09 Nov 2026 06:56 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਫਗਵਾੜਾਂ ਨੂੰ ਜ਼ਿਲ੍ਹਾ ਬਣਾਉਣ ਲਈ ਕੀਤਾ ਵਾਅਦਾ ਦਾ ਪੂਰੀ ਤਰਾਂ ਠੁੱਸ ਹੋ ਚੁੱਕਾ ਹੈ। ਇਸੇ ਤਰਾਂ ਸਤਨਾਮਪੁਰਾ ਪੁਲ ’ਤੇ ਲੰਬੇ ਸਮੇਂ ਤੋਂ ਬੰਦ ਪਏ ਰਸਤੇ ਨੂੰ ਲੈ ਕੇ ਆਮ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਦੁਰਘਟਨਾਵਾਂ ਦਾ ਹਵਾਲਾ ਦਿੰਦਿਆਂ ਪੁਲ ਉੱਪਰ ਬੈਰੀਕੇਡ ਲਗਾ ਕੇ ਮਾਤਾ ਚਿੰਤਾਪੁਰਨੀ ਨੂੰ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਸੀ, ਪਰ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ। ਇਸ ਸਬੰਧੀ ਕਾਂਗਰਸ ਦੇ ਜ਼ਿਲ੍ਹਾ ਕਪੂਰਥਲਾ ਦੇ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਤੇ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਰਸਤਾ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਸਿਵਲ ਹਸਪਤਾਲ ਵਾਲੇ ਫਲਾਈਓਵਰ ਤੋਂ ਘੁੰਮ ਕੇ ਆਉਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦਾ ਕਾਫ਼ੀ ਸਮਾਂ ਬਰਬਾਦ ਹੁੰਦਾ ਹੈ। ਖਾਸ ਕਰਕੇ ਮਾਤਾ ਚਿੰਤਾਪੁਰਨੀ ਜਾਣ ਵਾਲੇ ਸ਼ਰਧਾਲੂਆਂ ਤੇ ਬੱਸਾਂ ਨੂੰ ਵੀ ਇਸ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰਸਤਾ ਬੰਦ ਹੋਣ ਦੇ ਬਾਵਜੂਦ ਕੁਝ ਵਾਹਨ ਚਾਲਕਾਂ ਵੱਲੋਂ ਬੈਰੀਕੇਡਾਂ ਦੇ ਉੱਪਰੋਂ ਜਾਂ ਵਿਚਕਾਰੋਂ ਲੰਘਣ ਲਈ ਆਪਣਾ ਰਸਤਾ ਬਣਾ ਲਿਆ ਗਿਆ ਹੈ। ਇਸ ਨਾਲ ਹਾਦਸਿਆਂ ਦਾ ਖ਼ਤਰਾ ਹੋਰ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਲੋਕਾਂ ਨੇ ਆਪਣੀ ਸਹੂਲਤ ਲਈ ਖੁਦ ਹੀ ਰਸਤਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਪ੍ਰਸ਼ਾਸਨ ਇਸ ਸਮੱਸਿਆ ਵੱਲ ਧਿਆਨ ਕਿਉਂ ਨਹੀਂ ਦੇ ਰਿਹਾ? ਉਨ੍ਹਾਂ ਦੱਸਿਆ ਕਿ ਇਹ ਫਲਾਈਓਵਰ ਮੁੱਖ ਤੌਰ ’ਤੇ ਸਿਵਲ ਹਸਪਤਾਲ ਤੱਕ ਐਂਬੂਲੈਂਸਾਂ ਦੀ ਜਲਦੀ ਪਹੁੰਚ ਯਕੀਨੀ ਬਣਾਉਣ ਦੇ ਮਕਸਦ ਨਾਲ ਬਣਾਇਆ ਗਿਆ ਸੀ, ਪਰ ਮੌਜੂਦਾ ਸਮੇਂ ਵਿੱਚ ਪ੍ਰਸ਼ਾਸਨ ਵੱਲੋਂ ਇਸ ਦੀ ਵਰਤੋਂ ਟ੍ਰੈਫਿਕ ਡਾਇਵਰਟ ਕਰਨ ਲਈ ਕੀਤੀ ਜਾ ਰਹੀ ਹੈ। ਸ਼ਰਨਜੀਤ ਸਿੰਘ ਤੇ ਤਰਨਜੀਤ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਤਨਾਮਪੁਰਾ ਪੁਲ ਉੱਪਰ ਫਲਾਈਓਵਰ ਨਾਲ ਸਬੰਧਤ ਜਿਹੜੀ ਵੀ ਸਮੱਸਿਆ ਹੈ, ਉਸ ਨੂੰ ਤੁਰੰਤ ਦੂਰ ਕਰਵਾਇਆ ਜਾਵੇ ਤੇ ਬੰਦ ਕੀਤੇ ਰਸਤੇ ਨੂੰ ਜਲਦ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੂੰ ਲੱਗਦਾ ਹੈ ਕਿ ਰਸਤਾ ਖੋਲ੍ਹਣ ਨਾਲ ਹਾਦਸਿਆਂ ਦਾ ਖ਼ਤਰਾ ਵਧ ਸਕਦਾ ਹੈ ਤਾਂ ਇਸ ਦਾ ਕੋਈ ਸੁਰੱਖਿਅਤ ਤੇ ਸਾਰਥਕ ਹੱਲ ਕੱਢਿਆ ਜਾਵੇ, ਤਾਂ ਜੋ ਆਮ ਲੋਕਾਂ, ਸ਼ਰਧਾਲੂਆਂ ਤੇ ਰਾਹਗੀਰਾਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਆਵਾਜਾਈ ਦੀ ਸਹੂਲਤ ਮਿਲ ਸਕੇ। ਇਸ ਤਰਾ ਸਮੱਸਿਆ ਤੋਂ ਪੱਲਾ ਝਾੜਨਾ ਬਿਲਕੁਲ ਗਲਤ ਹੈ।