‘ਫਗਵਾੜਾ ਵਾਸੀਆਂ ਨੂੰ ਸਫ਼ਾਈ ਪਸੰਦ ਹੀ ਨਹੀਂ’ ਕੂੜੇ ਦਾ ਡੰਪ ਹਟਿਆ ਤਾਂ ਲੋਕਾਂ ਨੇ ਲੱਭ ਲਈਆਂ ਨਵੀਆਂ ਥਾਵਾਂ, ‘ਸਾਨੂੰ ਸਫਾਈ ਪਸੰਦ ਹੀ ਨਹੀਂ’!
Publish Date: Mon, 28 Sep 2026 07:02 PM (IST)
Updated Date: Mon, 28 Sep 2026 07:03 PM (IST)
ਕੂੜੇ ਦਾ ਡੰਪ ਹਟਿਆ ਤਾਂ ਲੋਕਾਂ ਨੇ ਲੱਭ ਲਈਆਂ ਨਵੀਆਂ ਥਾਵਾਂ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਜਿੱਥੇ ਨਗਰ ਨਿਗਮ ਤੇ ਮੈਂਬਰ ਪਾਰਲੀਮੈਂਟ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ, ਉੱਥੇ ਹੀ ਸ਼ਹਿਰ ਦੇ ਕੁਝ ਲੋਕਾਂ ਦੀ ਕੂੜਾ ਸੁੱਟਣ ਦੀ ਆਦਤ ਇਨ੍ਹਾਂ ਉਪਰਾਲਿਆਂ ’ਤੇ ਸਵਾਲੀਆ ਨਿਸ਼ਾਨ ਵੀ ਲਗਾ ਰਹੀ ਹੈ। ਚਾਚੋਕੀ ਨਹਿਰ ਨੇੜੇ ਕਈ ਸਾਲਾਂ ਤੋਂ ਬਣੇ ਕੂੜੇ ਦੇ ਡੰਪ ਕਾਰਨ ਇਲਾਕਾ ਵਾਸੀ ਕਾਫੀ ਪ੍ਰੇਸ਼ਾਨ ਸਨ। ਇਸ ਸਥਾਨ ਦੇ ਨੇੜੇ ਕਈ ਹਸਪਤਾਲ ਤੇ ਸਕੂਲ ਵੀ ਮੌਜੂਦ ਹਨ, ਜਿਸ ਕਾਰਨ ਇੱਥੇ ਪਏ ਕੂੜੇ ਤੋਂ ਬਿਮਾਰੀਆਂ ਫੈਲਣ ਤੇ ਵਾਤਾਵਰਨ ਪ੍ਰਭਾਵਿਤ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਸੀ। ਲੋਕਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਸ ਡੰਪ ਨੂੰ ਹਟਾਉਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਸਨ। ਹੁਣ ਹਲਕਾ ਇੰਚਾਰਜ ਤੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਦੇ ਯਤਨਾਂ ਸਦਕਾ ਨਗਰ ਨਿਗਮ ਵੱਲੋਂ ਚਾਚੋਕੀ ਨਹਿਰ ਨੇੜੇ ਬਣੇ ਇਸ ਕੂੜੇ ਦੇ ਡੰਪ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ, ਜਿਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਤੇ ਡਾ. ਚੱਬੇਵਾਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਡੰਪ ਹਟਣ ਤੋਂ ਕੁਝ ਸਮੇਂ ਬਾਅਦ ਹੀ ਲੋਕਾਂ ਵੱਲੋਂ ਸ਼ਹਿਰ ਵਿੱਚ ਨਵੀਆਂ-ਨਵੀਆਂ ਥਾਵਾਂ ਨੂੰ ਕੂੜਾ ਸੁੱਟਣ ਲਈ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਹੈ। ਚਾਚੋਕੀ-ਬਾਹੜਾ ਹਸਪਤਾਲ ਨੇੜੇ ਖਾਲੀ ਪਈ ਜਗ੍ਹਾ ’ਤੇ ਲੋਕ ਰਾਤ-ਬਰਾਤੇ ਕੂੜਾ ਸੁੱਟ ਰਹੇ ਹਨ, ਜਿਸ ਕਾਰਨ ਇਹ ਸਥਾਨ ਵੀ ਹੌਲੀ-ਹੌਲੀ ਨਵੇਂ ਕੂੜੇ ਦੇ ਡੰਪ ਦਾ ਰੂਪ ਧਾਰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਮਾਣ ਪੈਲੇਸ ਨੇੜੇ ਵੀ ਕੂੜਾ ਇਕੱਠਾ ਹੋਣ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਆਪਣਾ ਘਰ ਸਾਫ਼ ਰੱਖੋ, ਦੂਜੇ ਦੇ ਘਰ ਅੱਗੇ ਕੂੜਾ ਸੁੱਟੋ ਸ਼ਹਿਰ ਵਿੱਚ ਸਫ਼ਾਈ ਦੀ ਸਭ ਤੋਂ ਵੱਡੀ ਸਮੱਸਿਆ ਸਿਰਫ਼ ਪ੍ਰਬੰਧਾਂ ਦੀ ਨਹੀਂ, ਸਗੋਂ ਲੋਕਾਂ ਦੀ ਆਪਣੀ ਸੋਚ ਤੇ ਜ਼ਿੰਮੇਵਾਰੀ ਨਾਲ ਵੀ ਜੁੜੀ ਹੋਈ ਹੈ। ਹਰ ਵਿਅਕਤੀ ਆਪਣੇ ਘਰ ਤੇ ਦੁਕਾਨ ਦੀ ਸਫਾਈ ਤਾਂ ਚਾਹੁੰਦਾ ਹੈ, ਪਰ ਕਈ ਵਾਰ ਆਪਣਾ ਕੂੜਾ ਦੂਜਿਆਂ ਦੇ ਘਰ, ਖਾਲੀ ਪਲਾਟ ਜਾਂ ਸੜਕ ਕਿਨਾਰੇ ਸੁੱਟਣ ਨੂੰ ਹੀ ਆਸਾਨ ਰਸਤਾ ਸਮਝਦਾ ਹੈ। ਇਹ ਸਥਿਤੀ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਸਫ਼ਾਈ ਪ੍ਰਬੰਧਾਂ ਨੂੰ ਪ੍ਰਭਾਵਿਤ ਕਰਦੀ ਹੈ। ਜੇ ਲੋਕ ਖੁਦ ਹੀ ਜਨਤਕ ਥਾਵਾਂ ’ਤੇ ਕੂੜਾ ਸੁੱਟਦੇ ਰਹਿਣਗੇ ਤਾਂ ਸਰਕਾਰ ਤੇ ਨਗਰ ਨਿਗਮ ਵੱਲੋਂ ਕੀਤੇ ਜਾਣ ਵਾਲੇ ਸਫ਼ਾਈ ਦੇ ਉਪਰਾਲੇ ਵੀ ਆਪਣਾ ਪੂਰਾ ਨਤੀਜਾ ਨਹੀਂ ਦੇ ਸਕਣਗੇ। ਤੁਸੀਂ ਸਫ਼ਾਈ ਕਰਦੇ ਰਹੋ, ਅਸੀਂ ਕੂੜਾ ਸੁੱਟਦੇ ਰਹਾਂਗੇ’ ਵਾਲੀ ਸੋਚ ਬਦਲਣ ਦੀ ਲੋੜ ਸ਼ਹਿਰ ਵਾਸੀਆਂ ਵਿੱਚ ਹੁਣ ਇਹ ਸਵਾਲ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਕਿ ਜੇ ਇੱਕ ਪਾਸੇ ਡਾ. ਰਾਜ ਕੁਮਾਰ ਚੱਬੇਵਾਲ ਦੇ ਯਤਨਾਂ ਨਾਲ ਪੁਰਾਣਾ ਕੂੜੇ ਦਾ ਡੰਪ ਹਟਾਇਆ ਜਾ ਰਿਹਾ ਹੈ ਤੇ ਨਗਰ ਨਿਗਮ ਸਫ਼ਾਈ ਪ੍ਰਬੰਧਾਂ ਨੂੰ ਸੁਧਾਰਨ ਲਈ ਉਪਰਾਲੇ ਕਰ ਰਹੇ ਹਨ, ਤਾਂ ਦੂਜੇ ਪਾਸੇ ਲੋਕਾਂ ਵੱਲੋਂ ਨਵੀਆਂ ਥਾਵਾਂ ’ਤੇ ਕੂੜਾ ਸੁੱਟ ਕੇ ਉਨ੍ਹਾਂ ਉਪਰਾਲਿਆਂ ਨੂੰ ਨਾਕਾਮ ਕਿਉਂ ਕੀਤਾ ਜਾ ਰਿਹਾ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਚਾਚੋਕੀ-ਬਾਹੜਾ ਹਸਪਤਾਲ ਨੇੜੇ ਤੇ ਹੋਰ ਅਜਿਹੀਆਂ ਥਾਵਾਂ ’ਤੇ ਨਿਗਰਾਨੀ ਵਧਾਈ ਜਾਵੇ। ਜੋ ਲੋਕ ਜਨਤਕ ਥਾਵਾਂ ’ਤੇ ਗੈਰ-ਕਾਨੂੰਨੀ ਢੰਗ ਨਾਲ ਕੂੜਾ ਸੁੱਟਦੇ ਹਨ, ਉਨ੍ਹਾਂ ਦੀ ਪਛਾਣ ਕਰਕੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਲੋਕਾਂ ਨੂੰ ਵੀ ਅੱਗੇ ਆਉਣ ਦੀ ਲੋੜ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਸਿਰਫ਼ ਨਗਰ ਨਿਗਮ ਦੀ ਜ਼ਿੰਮੇਵਾਰੀ ਨਹੀਂ ਹੈ। ਹਰ ਨਾਗਰਿਕ ਨੂੰ ਆਪਣਾ ਕੂੜਾ ਨਿਰਧਾਰਤ ਸਥਾਨ ’ਤੇ ਸੁੱਟਣਾ ਚਾਹੀਦਾ ਹੈ। ਚਾਚੋਕੀ-ਬਾਹੜਾ ਹਸਪਤਾਲ ਨੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਤੇ ਜੇ ਕੋਈ ਵਿਅਕਤੀ ਰਾਤ ਸਮੇਂ ਜਾਂ ਦਿਨ-ਦਿਹਾੜੇ ਜਨਤਕ ਥਾਂ ’ਤੇ ਕੂੜਾ ਸੁੱਟਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਲੋਕਾਂ ਦੇ ਸਹਿਯੋਗ ਨਾਲ ਹੀ ਫਗਵਾੜਾ ਨੂੰ ਸਾਫ਼-ਸੁਥਰਾ ਸ਼ਹਿਰ ਬਣਾਇਆ ਜਾ ਸਕਦਾ ਹੈ। ਸਰਕਾਰ ਤੇ ਨਗਰ ਨਿਗਮ ਸਫ਼ਾਈ ਕਰ ਸਕਦੇ ਹਨ, ਪਰ ਸਫ਼ਾਈ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਸ਼ਹਿਰ ਦੇ ਹਰ ਨਾਗਰਿਕ ਦੀ ਹੈ।