ਜਦੋਂ ਹੜ੍ਹ ਨੇ ਖੋਹ ਲਈ ਛੱਤ, ਮੰਨਾ ਜਰਮਨ ਨੇ ਫੜੀ ਬਾਂਹ ਜਦੋਂ ਹੜ੍ਹ ਨੇ ਖੋਹ ਲਈ ਛੱਤ, ਮੰਨਾ ਜਰਮਨ ਨੇ ਫੜੀ ਬਾਂਹ; 4 ਲੱਖ ਦੇ ਦਸਵੰਧ ਨਾਲ ਮੁੜ ਵਸਾਇਆ ਉੱਜੜਿਆ ਘਰ
Publish Date: Sun, 30 Aug 2026 08:30 PM (IST)
Updated Date: Sun, 30 Aug 2026 08:31 PM (IST)
4 ਲੱਖ ਦੇ ਦਸਵੰਧ ਨਾਲ ਮੁੜ ਵਸਾਇਆ ਉੱਜੜਿਆ ਘਰ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿਛਲੇ ਸਾਲ ਆਏ ਹੜ੍ਹਾਂ ਨੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਅਨੇਕਾਂ ਪਰਿਵਾਰਾਂ ਨੂੰ ਆਰਥਿਕ ਤੌਰ ’ਤੇ ਝੰਜੋੜ ਕੇ ਰੱਖ ਦਿੱਤਾ ਸੀ। ਹੜ੍ਹ ਦੇ ਪਾਣੀ ਨੇ ਕਈਆਂ ਦੇ ਘਰ, ਸਾਮਾਨ ਤੇ ਜ਼ਿੰਦਗੀ ਭਰ ਦੀ ਕਮਾਈ ਤੱਕ ਤਬਾਹ ਕਰ ਦਿੱਤੀ। ਇਸੇ ਹੜ੍ਹ ਦੀ ਮਾਰ ਹੇਠ ਕੁਲਦੀਪ ਸਿੰਘ ਪੁੱਤਰ ਹਰੀ ਸਿੰਘ ਜੋਹਲ ਦਾ ਪਰਿਵਾਰ ਵੀ ਆ ਗਿਆ, ਜਿਸ ਦਾ ਮਕਾਨ ਬੁਰੀ ਤਰ੍ਹਾਂ ਢਹਿ ਗਿਆ। ਸਿਰ ਤੋਂ ਛੱਤ ਖੁੱਸਣ ਤੋਂ ਬਾਅਦ ਪਰਿਵਾਰ ਲਈ ਮੁੜ ਮਕਾਨ ਬਣਾਉਣਾ ਵੱਡੀ ਚੁਣੌਤੀ ਬਣ ਗਿਆ। ਅਜਿਹੇ ਔਖੇ ਸਮੇਂ ਵਿੱਚ ਜਦੋਂ ਪਰਿਵਾਰ ਮਦਦ ਦੀ ਉਮੀਦ ਲਾਈ ਬੈਠਾ ਸੀ, ਤਾਂ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਨਾਲ ਲੰਬੇ ਸਮੇਂ ਤੋਂ ਜੁੜੇ ਸਮਾਜ ਸੇਵੀ ਐੱਨਆਰਆਈ ਮਨਵੀਰ ਸਿੰਘ ਵੜੈਚ ਮੰਨਾ ਜਰਮਨ ਨੇ ਮਨੁੱਖਤਾ ਦਾ ਫਰਜ਼ ਨਿਭਾਉਂਦਿਆਂ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ 4 ਲੱਖ ਰੁਪਏ ਦੀ ਰਾਸ਼ੀ ਨਾਲ ਪਰਿਵਾਰ ਦਾ ਮਕਾਨ ਬਣਵਾ ਕੇ ਦੇ ਦਿੱਤਾ। ਪਰਿਵਾਰ ਦੀ ਇਸ ਮੁਸ਼ਕਲ ਘੜੀ ਨੂੰ ਦੇਖਦਿਆਂ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦੇ ਆਗੂਆਂ ਵੱਲੋਂ ਮਦਦ ਲਈ ਯਤਨ ਕੀਤੇ ਗਏ। ਪਰਿਵਾਰ ਨੇ ਆਪਣੀ ਸਮੱਸਿਆ ਕਲੱਬ ਦੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਨਰੇਸ਼ ਕੋਹਲੀ, ਰਣਜੀਤ ਸਿੰਘ ਸੈਣੀ ਤੇ ਹੋਰ ਮੈਂਬਰਾਂ ਦੇ ਧਿਆਨ ਵਿੱਚ ਲਿਆਂਦੀ। ਕਲੱਬ ਦੇ ਆਗੂਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਨਵੀਰ ਸਿੰਘ ਮੰਨਾ ਜਰਮਨ ਨਾਲ ਸੰਪਰਕ ਕੀਤਾ। ਪਰਿਵਾਰ ਦੀ ਹਾਲਤ ਜਾਣ ਕੇ ਮੰਨਾ ਜਰਮਨ ਨੇ ਬਿਨਾਂ ਕਿਸੇ ਦੇਰੀ ਦੇ ਮਦਦ ਲਈ ਹੱਥ ਵਧਾਇਆ ਤੇ ਆਪਣੀ ਨੇਕ ਕਮਾਈ ਵਿੱਚੋਂ 4 ਲੱਖ ਰੁਪਏ ਦਾ ਦਸਵੰਧ ਕੱਢ ਕੇ ਮਕਾਨ ਦੀ ਉਸਾਰੀ ਕਰਵਾ ਦਿੱਤੀ। ਇਹ ਮਦਦ ਸਿਰਫ਼ 4 ਲੱਖ ਰੁਪਏ ਦੀ ਰਾਸ਼ੀ ਤੱਕ ਸੀਮਤ ਨਹੀਂ, ਸਗੋਂ ਉਸ ਪਰਿਵਾਰ ਲਈ ਮੁੜ ਸੁਰੱਖਿਅਤ ਜੀਵਨ ਦੀ ਸ਼ੁਰੂਆਤ ਹੈ, ਜਿਸ ਨੇ ਹੜ੍ਹ ਦੇ ਪਾਣੀ ਵਿੱਚ ਆਪਣੀ ਛੱਤ ਗੁਆ ਲਈ ਸੀ। ਨਵੇਂ ਮਕਾਨ ਦੀ ਛੱਤ ਹੇਠ ਪਰਿਵਾਰ ਦੇ ਚਿਹਰਿਆਂ ’ਤੇ ਆਈ ਰਾਹਤ ਇਸ ਗੱਲ ਦੀ ਗਵਾਹ ਹੈ ਕਿ ਮੁਸੀਬਤ ਦੀ ਘੜੀ ਵਿੱਚ ਕਿਸੇ ਦਾ ਹੱਥ ਫੜਨਾ ਹੀ ਅਸਲ ਸਮਾਜ ਸੇਵਾ ਹੈ। ਮੰਨਾ ਜਰਮਨ ਨੇ ਕਿਹਾ ਕਿ ਦਸਵੰਧ ਕੱਢਣ ਦੀ ਪ੍ਰੇਰਨਾ ਸਾਨੂੰ ਆਪਣੀ ਗੁਰੂ ਪਰੰਪਰਾ ਤੋਂ ਮਿਲਦੀ ਹੈ ਤੇ ਜੇਕਰ ਸਾਡੀ ਕਮਾਈ ਕਿਸੇ ਲੋੜਵੰਦ ਦੇ ਕੰਮ ਆ ਜਾਵੇ ਤਾਂ ਇਸ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ। ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦੇ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਸਹਿਯੋਗ ਜਾਰੀ ਰੱਖਣਗੇ। ਆਉਣ ਵਾਲੇ ਕ੍ਰਿਕਟ ਤੇ ਕਬੱਡੀ ਟੂਰਨਾਮੈਂਟਾਂ ਵਿੱਚ ਵੀ ਉਹ ਵੱਧ ਤੋਂ ਵੱਧ ਯੋਗਦਾਨ ਦੇਣਗੇ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਕਰਨਗੇ। ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦੇ ਸਰਪ੍ਰਸਤ ਗੁਰਵਿੰਦਰ ਸਿੰਘ ਵਿਰਕ, ਨਰੇਸ਼ ਕੋਹਲੀ, ਰਣਜੀਤ ਸਿੰਘ ਸੈਣੀ ਤੇ ਸਮੂਹ ਮੈਂਬਰਾਂ ਨੇ ਮਨਵੀਰ ਸਿੰਘ ਮੰਨਾ ਜਰਮਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹੜ੍ਹ ਪੀੜਤ ਪਰਿਵਾਰ ਲਈ ਸਿਰਫ਼ ਇੱਟਾਂ ਤੇ ਸੀਮੈਂਟ ਨਾਲ ਮਕਾਨ ਨਹੀਂ ਬਣਾਇਆ, ਬਲਕਿ ਉਸ ਪਰਿਵਾਰ ਦੇ ਸਿਰ ’ਤੇ ਆਸ ਤੇ ਵਿਸ਼ਵਾਸ ਦੀ ਛੱਤ ਵੀ ਮੁੜ ਖੜ੍ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਸੀਬਤ ਵਿੱਚ ਕਿਸੇ ਲੋੜਵੰਦ ਦੀ ਬਾਂਹ ਫੜਨਾ ਹੀ ਅਸਲ ਇਨਸਾਨੀਅਤ ਹੈ ਤੇ ਮੰਨਾ ਜਰਮਨ ਨੇ ਆਪਣੀ ਸੇਵਾ ਭਾਵਨਾ ਨਾਲ ਇਸ ਦੀ ਮਿਸਾਲ ਕਾਇਮ ਕੀਤੀ ਹੈ।