ਜੋ ਕੰਮ ਪ੍ਰਸ਼ਾਸਨ ਨਾ ਕਰ ਸਕਿਆ, ਉਹ ਕਿਸਾਨ ਆਗੂਆਂ ਨੇ ਕਰ ਵਿਖਾਇਆ ਜੋ ਕੰਮ ਪ੍ਰਸ਼ਾਸਨ ਨਾ ਕਰ ਸਕਿਆ, ਉਹ ਕਿਸਾਨ ਆਗੂਆਂ ਨੇ ਕਰ ਵਿਖਾਇਆ
Publish Date: Wed, 15 Jul 2026 07:27 PM (IST)
Updated Date: Wed, 15 Jul 2026 07:28 PM (IST)
ਸ੍ਰੀ ਗੋਇੰਦਵਾਲ ਸਾਹਿਬ-ਅੰਮ੍ਰਿਤਸਰ ਰੋਡ ’ਤੇ ਨਾਜਾਇਜ਼ ਕਬਜ਼ੇ ਹਟਾਏ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੋਇੰਦਵਾਲ ਸਾਹਿਬ ਅਤੇ ਅੰਮ੍ਰਿਤਸਰ ਰੋਡ ’ਤੇ ਸਥਿਤ ਤਲਵੰਡੀ ਚੌਧਰੀਆਂ ਪੁਲ ਦੇ ਦੋਵਾਂ ਪਾਸੇ ਲੰਮੇ ਸਮੇਂ ਤੋਂ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰਾਂ ਖਾਸ ਕਰ ਕੇ ਸ਼ਰਧਾਲੂਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਵਲੋਂ ਪ੍ਰਸ਼ਾਸਨ ਪਾਸੋਂ ਨਜ਼ਾਇਜ਼ ਕਬਜ਼ਿਆਂ ਦੀ ਸਮੱਸਿਆ ਦਾ ਸਥਾਈ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਚੁੱਪੀ ਕਾਰਨ ਸਮੱਸਿਆ ਸਾਲਾ ਤੋਂ ਬਰਕਰਾਰ ਰਹੀ। ਸਮੱਸਿਆਵਾਂ ਦੀ ਗੰਭੀਰਤਾ ਨੂੰ ਵੇਖਦੇ ਹੋਏ ਬੁੱਧਵਾਰ ਪੰਜਾਬ ਕਿਸਾਨ ਯੂਨੀਅਨ (ਬਾਗੀ) ਦੇ ਆਗੂ ਕਿਸਾਨਾਂ ਨੇ ਖੁਦ ਮੋਰਚਾ ਸੰਭਾਲਦਿਆਂ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ। ਮੌਕੇ ’ਤੇ ਮੌਜੂਦ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਪਰਮਜੀਤ ਸਿੰਘ ਜੱਬੋਵਾਲ ਸੂਬਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਬਾਗੀ, ਬੋਹੜ ਸਿੰਘ ਹਜ਼ਾਰਾ, ਜੱਥੇਦਾਰ ਪਰਮਜੀਤ ਸਿੰਘ ਖਾਲਸਾ ਪੱਸਣ ਕਦੀਮ, ਰਵਿੰਦਰ ਕੋਲੀਆਂਵਾਲ, ਡਾ. ਕੁਲਜੀਤ ਸਿੰਘ ਤਲਵੰਡੀ ਚੌਧਰੀਆਂ, ਸੁਖਪ੍ਰੀਤ ਸਿੰਘ ਰਾਮੇ, ਅਵਤਾਰ ਸਿੰਘ ਦੂਲੋਵਾਲ, ਸੁਖਵਿੰਦਰ ਸਿੰਘ ਮੋਮੀ, ਗੁਲਜ਼ਾਰ ਸਿੰਘ ਮੋਮੀ, ਹਰਪਾਲ ਸਿੰਘ ਮਾਛੀਜੋਆ, ਹਰਮਿੰਦਰਪਾਲ ਸਿੰਘ ਫੌਜੀ ਕਲੋਨੀ, ਗੁਰਵਿੰਦਰ ਸਿੰਘ ਰਾਣਾ, ਜਸ਼ਨਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਫਿਲਹਾਲ ਪੁਲ ਦੇ ਪੱਛਮੀ ਪਾਸੇ ਖੜ੍ਹੀਆਂ ਨਾਜਾਇਜ਼ ਰੇਹੜੀਆਂ ਅਤੇ ਹੋਰ ਕਬਜ਼ੇ ਹਟਾ ਕੇ ਰਸਤਾ ਆਵਾਜਾਈ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲ ਦੇ ਆਲੇ-ਦੁਆਲੇ ਨਾਜਾਇਜ਼ ਰੇਹੜੀਆਂ ਲੱਗਣ ਕਾਰਨ ਸੜਕ ਕਾਫ਼ੀ ਤੰਗ ਹੋ ਗਈ ਸੀ, ਜਿਸ ਨਾਲ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਖ਼ਾਸ ਕਰ ਕੇ ਸ਼ਰਧਾਲੂਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ। ਮੌਕੇ ’ਤੇ ਮੌਜੂਦ ਕਿਸਾਨ ਆਗੂਆਂ ਦੇ ਅਨੁਸਾਰ ਕਬਜ਼ਾਧਾਰੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਬਿਜਲੀ ਸਪਲਾਈ ਲੈਣ ਵਾਸਤੇ ਨਜ਼ਾਇਜ ਕੁੰਡੀਆਂ ਤੱਕ ਲਗਾ ਰੱਖੀਆਂ ਸਨ। ਉਹਨਾਂ ਦੱਸਿਆ ਕਿ ਇਹ ਕੁੰਡੀਆਂ ਵੀ ਹਟਾ ਦਿੱਤੀਆਂ ਅਤੇ ਪੁਲ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਦਿੱਤਾ ਗਿਆ ਹੈ। ਇਸ ਦੌਰਾਨ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਰਿਹਾ, ਪਰ ਕਾਰਵਾਈ ਸ਼ਾਂਤੀਪੂਰਵਕ ਢੰਗ ਨਾਲ ਪੂਰੀ ਹੋਈ। ਕਿਸਾਨਾਂ ਨੇ ਕਿਹਾ ਕਿ ਜਨਤਕ ਸੜਕਾਂ ਅਤੇ ਥਾਵਾਂ ’ਤੇ ਨਾਜਾਇਜ਼ ਕਬਜ਼ੇ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁਲ ਅਤੇ ਇਸ ਦੇ ਆਲੇ-ਦੁਆਲੇ ਮੁੜ ਨਾਜਾਇਜ਼ ਕਬਜ਼ੇ ਨਾ ਹੋਣ ਦਿੱਤੇ ਜਾਣ ਅਤੇ ਨਿਯਮਿਤ ਨਿਗਰਾਨੀ ਯਕੀਨੀ ਬਣਾਈ ਜਾਵੇ ਤਾਂ ਜੋ ਆਮ ਲੋਕਾਂ ਅਤੇ ਸ਼ਰਧਾਲੂਆਂ ਨੂੰ ਭਵਿੱਖ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨਾਂ ਦੀ ਇਸ ਪਹਿਲ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਰਾਹਤ ਦਾ ਸਾਹ ਲਿਆ ਅਤੇ ਉਮੀਦ ਪ੍ਰਗਟਾਈ ਕਿ ਪ੍ਰਸ਼ਾਸਨ ਵੀ ਹੁਣ ਜਨਤਕ ਥਾਵਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਰੱਖਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇਗਾ।