ਸਰ੍ਹੋਂ ਦੇ ਤੇਲ ’ਚ ਈ-321 ਕੀ ਹੈ ਤੇ ਇਸ ਦੀ ਵਰਤੋਂ ਬਾਰੇ ਜਾਣੋ ਸਰੋਂ ਦੇ ਤੇਲ ਵਿੱਚ ਈ-321 ਕੀ ਹੈ ਅਤੇ ਜਾਣੋ ਇਸ ਦੀ ਵਰਤੋਂ, ਮਨਜ਼ੂਰ ਮਾਤਰਾ ਅਤੇ ਸਿਹਤ ਮਾਹਿਰਾਂ ਦੀ ਸਲਾਹ
Publish Date: Fri, 17 Jul 2026 08:26 PM (IST)
Updated Date: Fri, 17 Jul 2026 08:28 PM (IST)
ਮਨਜ਼ੂਰ ਮਾਤਰਾ ’ਤੇ ਸਿਹਤ ਮਾਹਰਾਂ ਦੀ ਸਲਾਹ, ਲੇਬਲ ਪੜ੍ਹ ਕੇ ਹੀ ਖਰੀਦੋ ਖਾਣ-ਪੀਣ ਦੀਆਂ ਵਸਤਾਂ ਮਿਲਾਵਟ ਤੇ ਮਨਜ਼ੂਰਸ਼ੁਦਾ ਫੂਡ ਐਡੀਟਿਵ ’ਚ ਫ਼ਰਕ ਸਮਝਣਾ ਵੀ ਜ਼ਰੂਰੀ : ਡਾ. ਕਲੇਰ ਪਰਮਜੀਤ ਸਿੰਘ, ਪੰਜਾਬੀ ਜਾਗਰਣ ਆਰਸੀਐੱਫ/ਡਡਵਿੰਡੀ : ਹਾਲ ਹੀ ਵਿਚ ਸਰ੍ਹੋਂ ਦੇ ਤੇਲ ਸਮੇਤ ਕੁਝ ਖਾਣ-ਪੀਣ ਵਾਲੇ ਉਤਪਾਦਾਂ ਦੇ ਲੇਬਲਾਂ ’ਤੇ ਈ-321 ਲਿਖਿਆ ਹੋਣ ਕਾਰਨ ਲੋਕਾਂ ’ਚ ਇਸ ਬਾਰੇ ਚਰਚਾ ਵਧੀ ਹੈ। ਮਾਹਰਾਂ ਅਨੁਸਾਰ ਈ-321 ਦਾ ਅਰਥ ਬੀਐੱਚਟੀ (ਬੁਟੀਲੇਟਡ ਹਾਈਡਰੋਕਸੀਟੋਲੂਏਨੇ) ਹੈ। ਇਹ ਇੱਕ ਐਂਟੀਆਕਸੀਡੈਂਟ ਹੈ, ਜਿਸ ਦੀ ਵਰਤੋਂ ਤੇਲ ਅਤੇ ਚਰਬੀ ਵਾਲੇ ਖਾਦ ਪਦਾਰਥਾਂ ਨੂੰ ਆਕਸੀਡਾਈਜ਼ ਹੋਣ ਤੋਂ ਬਚਾਉਣ ਅਤੇ ਉਨ੍ਹਾਂ ਦੀ ਸ਼ੈਲਫ ਲਾਈਫ ਵਧਾਉਣ ਲਈ ਕੀਤੀ ਜਾਂਦੀ ਹੈ। ਈ-321 ਦੀ ਵਰਤੋਂ ਸਿਰਫ਼ ਉਹਨਾਂ ਖੁਰਾਕੀ ਪਦਾਰਥਾਂ ਵਿੱਚ ਹੀ ਕੀਤੀ ਜਾ ਸਕਦੀ ਹੈ ਜਿੱਥੇ ਖੁਰਾਕ ਸੁਰੱਖਿਆ ਨਿਯਮ ਇਸ ਦੀ ਇਜਾਜ਼ਤ ਦਿੰਦੇ ਹਨ ਅਤੇ ਉਹ ਵੀ ਨਿਰਧਾਰਤ ਹੱਦਾਂ ਦੇ ਅੰਦਰ। ਵੱਖ-ਵੱਖ ਖੁਰਾਕੀ ਸ਼੍ਰੇਣੀਆਂ ਲਈ ਮਨਜ਼ੂਰਸ਼ੁਦਾ ਮਾਤਰਾ ਵੱਖ-ਵੱਖ ਹੋ ਸਕਦੀ ਹੈ, ਇਸ ਲਈ ਉਤਪਾਦ ਨੂੰ ਲਾਗੂ ਖੁਰਾਕ ਸੁਰੱਖਿਆ ਮਾਪਦੰਡਾਂ ਅਨੁਸਾਰ ਹੀ ਤਿਆਰ ਕੀਤਾ ਜਾਣਾ ਚਾਹੀਦਾ ਹੈ। ਈ-321 ਦੀ ਵਰਤੋਂ ਕੁਝ ਖਾਣ ਵਾਲੇ ਤੇਲਾਂ, ਘਿਉ, ਮਾਰਜਰੀਨ, ਸਨੈਕਸ, ਬਿਸਕੁਟ, ਬੇਕਰੀ ਉਤਪਾਦਾਂ ਅਤੇ ਹੋਰ ਚਰਬੀ ਵਾਲੇ ਖਾਦ ਪਦਾਰਥਾਂ ਵਿੱਚ ਕੀਤੀ ਜਾ ਸਕਦੀ ਹੈ, ਜੇਕਰ ਸੰਬੰਧਿਤ ਮਾਪਦੰਡ ਇਸ ਦੀ ਆਗਿਆ ਦਿੰਦੇ ਹੋਣ। ਡਾ. ਕੁਲਦੀਪ ਕਲੇਰ (ਐੱਮਬੀਬੀਐੱਸ, ਐੱਮਐੱਸ, ਸਾਬਕਾ ਪੀਜੀਆਈ ਚੰਡੀਗੜ੍ਹ), ਦਿਲ, ਸ਼ੂਗਰ ਅਤੇ ਸਕੈਨਿੰਗ ਮਾਹਿਰ ਦਾ ਕਹਿਣਾ ਹੈ ਕਿ ਖਪਤਕਾਰਾਂ ਨੂੰ ਕਿਸੇ ਵੀ ਖੁਰਾਕੀ ਪਦਾਰਥ ਨੂੰ ਖਰੀਦਣ ਤੋਂ ਪਹਿਲਾਂ ਉਸ ਦਾ ਲੇਬਲ ਜ਼ਰੂਰ ਪੜ੍ਹਨਾ ਚਾਹੀਦਾ ਹੈ। ਈ-321 ਇੱਕ ਮਨਜ਼ੂਰਸ਼ੁਦਾ ਫੂਡ ਐਡੀਟਿਵ ਹੈ, ਪਰ ਇਸ ਦੀ ਵਰਤੋਂ ਨਿਰਧਾਰਤ ਹੱਦਾਂ ਵਿੱਚ ਹੀ ਹੋਣੀ ਚਾਹੀਦੀ ਹੈ। ਬਹੁਤ ਜ਼ਿਆਦਾ ਪ੍ਰੋਸੈਸਡ ਅਤੇ ਚਰਬੀ ਵਾਲੀਆਂ ਚੀਜ਼ਾਂ ਦਾ ਵੱਧ ਸੇਵਨ ਕਰਨ ਦੀ ਬਜਾਏ ਤਾਜ਼ਾ ਅਤੇ ਸੰਤੁਲਿਤ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਦਿਲ ਦੇ ਰੋਗੀਆਂ, ਸ਼ੂਗਰ ਦੇ ਮਰੀਜ਼ਾਂ ਅਤੇ ਹੋਰ ਲੰਬੇ ਸਮੇਂ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਸੰਤੁਲਿਤ ਖੁਰਾਕ, ਨਿਯਮਿਤ ਕਸਰਤ ਅਤੇ ਡਾਕਟਰੀ ਸਲਾਹ ਦੀ ਪਾਲਣਾ ਕਰਨੀ ਚਾਹੀਦੀ ਹੈ। ਖੁਰਾਕ ਸੁਰੱਖਿਆ ਵਿਭਾਗ ਦਾ ਸੁਝਾਅ ਖੁਰਾਕ ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਜ਼ਾਰ ’ਚ ਵਿਕਣ ਵਾਲੇ ਖਾਦ ਪਦਾਰਥਾਂ ਦੀ ਸਮੇਂ-ਸਮੇਂ ’ਤੇ ਸੈਂਪਲਿੰਗ ਅਤੇ ਜਾਂਚ ਕੀਤੀ ਜਾਂਦੀ ਹੈ। ਜੇਕਰ ਕਿਸੇ ਉਤਪਾਦ ਵਿੱਚ ਮਨਜ਼ੂਰਸ਼ੁਦਾ ਹੱਦ ਤੋਂ ਵੱਧ ਫੂਡ ਐਡੀਟਿਵ ਜਾਂ ਹੋਰ ਗੜਬੜ ਮਿਲਦੀ ਹੈ ਤਾਂ ਖੁਰਾਕ ਸੁਰੱਖਿਆ ਕਾਨੂੰਨਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ। ਖਪਤਕਾਰਾਂ ਨੂੰ ਸਿਰਫ਼ ਲਾਇਸੈਂਸਸ਼ੁਦਾ ਅਤੇ ਲੇਬਲ ਵਾਲੇ ਉਤਪਾਦ ਹੀ ਖਰੀਦਣ ਦੀ ਸਲਾਹ ਦਿੱਤੀ ਜਾਂਦੀ ਹੈ।