ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦਾ ਫੁੱਲਾਂ ਦੀ ਵਰਖਾ ਕਰ ਕੇ ਕਰੋ ਸਵਾਗਤ : ਨਰੇਸ਼ ਪੰਡਿਤ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਕਰੋ ਸਵਾਗਤ-ਨਰੇਸ਼ ਪੰਡਿਤ
Publish Date: Tue, 14 Jul 2026 07:48 PM (IST)
Updated Date: Tue, 14 Jul 2026 07:48 PM (IST)
ਭਗਵਾਨ ਜਗਨਨਾਥ ਦੀ ਰੱਥ ਯਾਤਰਾ ’ਚ ਵੱਡੀ ਗਿਣਤੀ ’ਚ ਹਿੱਸਾ ਲੈਣਗੇ ਵੀਐੱਚਪੀ ਤੇ ਬਜਰੰਗ ਦਲ ਦੇ ਵਰਕਰ ਇਸਕੋਨ ਨੇ ਨਰੇਸ਼ ਪੰਡਿਤ ਨੂੰ ਜਗਨਨਾਥ ਰੱਥ ਯਾਤਰਾ ’ਚ ਸ਼ਾਮਲ ਹੋਣ ਲਈ ਦਿੱਤਾ ਸੱਦਾ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਇਸਕੋਨ ਕਪੂਰਥਲਾ ਦੀ ਅਗਵਾਈ ਹੇਠ 19 ਜੁਲਾਈ ਨੂੰ ਕੱਢੀ ਜਾ ਰਹੀ ਵਿਸ਼ਾਲ ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਸਬੰਧੀ ਸ਼੍ਰੀ ਸ਼੍ਰੀ ਰਾਧਾ ਸ਼ਿਆਮ ਸੁੰਦਰ ਮੰਦਰ ਇਸਕੋਨ ਕਪੂਰਥਲਾ ਦੇ ਅਹੁਦੇਦਾਰਾਂ ਨੀਰਜ ਅਗਰਵਾਲ, ਰਾਮ ਕ੍ਰਿਸ਼ਨ ਅਗਰਵਾਲ, ਮਨੀਸ਼ ਪਟਵਾਲ, ਦੀਪਕ ਠਾਕੁਰ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ, ਜ਼ਿਲ੍ਹਾ ਸਹਿ-ਮੰਤਰੀ ਅਸ਼ੋਕ ਕੁਮਾਰ ਬਾਵਾ, ਜ਼ਿਲ੍ਹਾ ਸਤਿਸੰਗ ਪ੍ਰਮੁੱਖ ਮਨਮੋਹਨ ਜੋਸ਼ੀ, ਜ਼ਿਲ੍ਹਾ ਖਜ਼ਾਨਚੀ ਰਾਜਕੁਮਾਰ ਅਰੋੜਾ, ਬਜਰੰਗ ਦਲ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ, ਜ਼ਿਲ੍ਹਾ ਉਪ ਪ੍ਰਧਾਨ ਇਸ਼ਾਂਤ ਮਹਿਰਾ, ਸ਼ਹਿਰ ਪ੍ਰਧਾਨ ਮੋਹਿਤ ਜੱਸਲ, ਮਨੀ ਮਹਾਜਨ ਨਾਲ ਸਾਂਝੇ ਤੌਰ ’ਤੇ ਮੁਲਾਕਾਤ ਕੀਤੀ ਅਤੇ ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਵਿੱਚ ਹਿੱਸਾ ਲੈਣ ਲਈ ਸੱਦਾ ਪੱਤਰ ਦਿੱਤਾ। ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਰੱਥ ਯਾਤਰਾ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਸਮਾਗਮ ਦੇ ਪ੍ਰਬੰਧਕਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਦਾ ਵਿੱਚ ਉਤਸ਼ਾਹ ਨਾਲ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕਰਨ ਦੀ ਅਪੀਲ ਕੀਤੀ। ਨਰੇਸ਼ ਪੰਡਿਤ ਨੇ ਕਿਹਾ ਕਿ ਇਸ ਸ਼ਾਨਦਾਰ ਸਮਾਗਮ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਅਹੁਦੇਦਾਰ ਅਤੇ ਵਰਕਰ ਸਰਗਰਮ ਭੂਮਿਕਾ ਨਿਭਾਉਣਗੇ ਅਤੇ ਸ਼੍ਰੀ ਸ਼੍ਰੀ ਰਾਧਾ ਸ਼ਿਆਮਸੁੰਦਰ ਮੰਦਰ ਇਸਕਾਨ ਕਪੂਰਥਲਾ ਵੱਲੋਂ ਸੌਂਪੀ ਗਈ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਦੌਰਾਨ ਨਰੇਸ਼ ਪੰਡਿਤ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰੱਥ ਯਾਤਰਾ ਦੇ ਰੂਟਾਂ ਦੀ ਸਫਾਈ ਕੀਤੀ ਜਾਵੇ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਰੱਥ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਲਈ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਜਾਣ। ਬਾਜ਼ਾਰਾਂ ਤੋਂ ਕਬਜ਼ੇ ਹਟਾਏ ਜਾਣ ਅਤੇ ਰੱਥ ਯਾਤਰਾ ਦੇ ਰੂਟ ਦੀ ਸਾਫ ਸਫਾਈ ਕਰਕੇ ਚੂਨਾ ਛਿੜਕਿਆ ਜਾਵੇ। ਨਰੇਸ਼ ਪੰਡਿਤ ਨੇ ਕਿਹਾ ਕਿ ਜਗਨਨਾਥ ਦਾ ਅਰਥ ਹੈ ਦੁਨੀਆ ਦਾ ਮਾਲਕ। ਭਗਵਾਨ ਜਗਨਨਾਥ ਸ਼੍ਰੀ ਹਰੀ ਵਿਸ਼ਨੂੰ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਦਾ ਸਭ ਤੋਂ ਦਿਆਲੂ ਰੂਪ ਹੈ। ਜਗਨਨਾਥ ਰੱਥ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਵਿਅਕਤੀ ਦੇ ਜੀਵਨ ਤੋਂ ਸਾਰੀਆਂ ਮੁਸੀਬਤਾਂ ਖਤਮ ਹੋ ਜਾਂਦੀਆਂ ਹਨ। ਨਰੇਸ਼ ਪੰਡਿਤ ਨੇ ਕਿਹਾ ਕਿ ਭਗਵਾਨ ਜਗਨਨਾਥ (ਭਗਵਾਨ ਕ੍ਰਿਸ਼ਨ) ਉਨ੍ਹਾਂ ਦਾ ਭਰਾ ਬਲਰਾਮ (ਬਲਭੱਦਰ) ਅਤੇ ਭੈਣ ਸੁਭੱਦਰਾ ਰੱਥ ਯਾਤਰਾ ਦੇ ਮੁੱਖ ਦੇਵਤੇ ਹਨ। ਇਸ ਰੱਥ ਯਾਤਰਾ ਵਿੱਚ ਹਿੱਸਾ ਲੈਣ ਵਾਲੇ ਅਤੇ ਭਗਵਾਨ ਦੇ ਰੱਥ ਨੂੰ ਖਿੱਚਣ ਵਾਲੇ ਸ਼ਰਧਾਲੂਆਂ ਨੂੰ 100 ਯੱਗ ਕਰਨ ਦਾ ਫਲ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਇਸ ਯਾਤਰਾ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਮੁਕਤੀ ਮਿਲਦੀ ਹੈ। ਨਰੇਸ਼ ਪੰਡਿਤ ਨੇ ਕਿਹਾ ਕਿ ਇਸ ਦਿਨ ਭਗਵਾਨ ਆਪਣੇ ਸ਼ਰਧਾਲੂਆਂ ਦੀ ਭਲਾਈ ਬਾਰੇ ਪੁੱਛਣ ਲਈ ਆਪਣੇ ਪਵਿੱਤਰ ਸਥਾਨ ਤੋਂ ਬਾਹਰ ਆਉਂਦੇ ਹਨ।