14 ਧੀਆਂ ਦੇ ਵਿਆਹ ਕਰਵਾਏ ਵਾਰਡ ਨੰਬਰ 47 ਦੇ ਕਿਲ੍ਹੇ ਵਾਲਾ ਮੁਹੱਲਾ ਵਿਖੇ 14 ਧੀਆਂ ਦੇ ਵਿਆਹ ਸਮਾਗਮ ਕਰਵਾਏ
Publish Date: Mon, 28 Sep 2026 10:04 PM (IST)
Updated Date: Mon, 28 Sep 2026 10:06 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਵਾਰਡ ਨੰਬਰ 47 ਦੇ ਕਿਲ੍ਹੇ ਵਾਲਾ ਮੁਹੱਲਾ ਵਿਖੇ 14 ਧੀਆਂ ਦੇ ਵਿਆਹ ਸਮਾਗਮ ਕਰਵਾਏ ਗਏ। ਇਹ ਸਿਰਫ਼ 14 ਵਿਆਹਾਂ ਦਾ ਸਮਾਗਮ ਨਹੀਂ ਸੀ, ਸਗੋਂ 14 ਪਰਿਵਾਰਾਂ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ, ਨਵੀਂ ਉਮੀਦ ਤੇ ਨਵੀਆਂ ਖੁਸ਼ੀਆਂ ਦੇ ਆਗਮਨ ਦਾ ਮੌਕਾ ਸੀ। ਇਸ ਖੁਸ਼ੀ ਦੇ ਮੌਕੇ ’ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਪੂਰਥਲਾ ਕਰਮਬੀਰ ਸਿੰਘ ਚੰਦੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਤੇ ਨਵ-ਵਿਆਹੇ ਜੋੜਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਨੇ ਸਾਰੇ ਪਰਿਵਾਰਾਂ ਨੂੰ ਇਸ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਨਵ-ਵਿਆਹੇ ਜੋੜਿਆਂ ਦੀ ਖੁਸ਼ਹਾਲ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਧੀ ਦਾ ਵਿਆਹ ਹਰ ਪਰਿਵਾਰ ਲਈ ਬੇਹੱਦ ਭਾਵੁਕ ਤੇ ਯਾਦਗਾਰ ਪਲ ਹੁੰਦਾ ਹੈ। ਇੱਕ ਪਾਸੇ ਮਾਪੇ ਆਪਣੀ ਧੀ ਨੂੰ ਨਵੀਂ ਜ਼ਿੰਦਗੀ ਵੱਲ ਤੋਰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੇ ਦਿਲ ਵਿੱਚ ਧੀ ਦੀ ਖੁਸ਼ਹਾਲ ਜ਼ਿੰਦਗੀ ਤੇ ਸੁਨਹਿਰੇ ਭਵਿੱਖ ਲਈ ਅਨੇਕਾਂ ਉਮੀਦਾਂ ਹੁੰਦੀਆਂ ਹਨ। ਅਜਿਹੇ ਮੌਕੇ ’ਤੇ ਪਰਿਵਾਰ ਦੇ ਚਿਹਰਿਆਂ ’ਤੇ ਖੁਸ਼ੀ ਦੇ ਨਾਲ-ਨਾਲ ਭਾਵਨਾਵਾਂ ਦੀ ਝਲਕ ਵੀ ਸਾਫ਼ ਨਜ਼ਰ ਆਉਂਦੀ ਹੈ। ਇਹ ਦੇਖ ਕੇ ਵੀ ਖੁਸ਼ੀ ਹੋਈ ਕਿ ਸਮਾਜ ਮਿਲ ਕੇ ਧੀਆਂ ਦੀ ਜ਼ਿੰਦਗੀ ਦੇ ਇਸ ਮਹੱਤਵਪੂਰਨ ਪੜਾਅ ਨੂੰ ਯਾਦਗਾਰ ਬਣਾਉਣ ਲਈ ਅੱਗੇ ਆਇਆ। ਇਸ ਪਵਿੱਤਰ ਮੌਕੇ ’ਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸਾਰੇ ਨਵ-ਵਿਆਹੇ ਜੋੜਿਆਂ ਦੀ ਜ਼ਿੰਦਗੀ ਪਿਆਰ, ਆਪਸੀ ਸਤਿਕਾਰ, ਵਿਸ਼ਵਾਸ, ਸੁੱਖ-ਸ਼ਾਂਤੀ ਤੇ ਖੁਸ਼ੀਆਂ ਨਾਲ ਭਰਪੂਰ ਰਹੇ। ਧੀਆਂ ਕਿਸੇ ਵੀ ਪਰਿਵਾਰ ਦੀ ਸ਼ਾਨ ਤੇ ਸਮਾਜ ਦੀ ਅਨਮੋਲ ਧਰੋਹਰ ਹੁੰਦੀਆਂ ਹਨ। ਉਨ੍ਹਾਂ ਦੀ ਮੁਸਕਾਨ ਵਿੱਚ ਪਰਿਵਾਰ ਦੀ ਖੁਸ਼ੀ ਵੱਸਦੀ ਹੈ ਤੇ ਉਨ੍ਹਾਂ ਦੀ ਖੁਸ਼ਹਾਲ ਜ਼ਿੰਦਗੀ ਹਰ ਮਾਪੇ ਦੀ ਸਭ ਤੋਂ ਵੱਡੀ ਕਾਮਨਾ ਹੁੰਦੀ ਹੈ।