ਚੋਣਾਂ ਲਈ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਕਰਾਂਗੇ ਮਜ਼ਬੂਤ : ਰਾਜੂ ਭਾਜਪਾ ਦੀਆਂ ਨੀਤੀਆ ਘਰ-ਘਰ ਪਹੁੰਚਾ ਕੇ 2027 ਦੀਆਂ ਚੋਣਾਂ ਲਈ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਕਰਾਂਗੇ ਮਜ਼ਬੂਤ : ਰਾਜਿੰਦਰ ਰਾਜੂ
Publish Date: Sun, 18 Oct 2026 09:13 PM (IST)
Updated Date: Sun, 18 Oct 2026 09:15 PM (IST)
ਰਾਜਿੰਦਰ ਰਾਜੂ ਬਣੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਤੇ ਮਿਸ਼ਨ 2027 ਨੂੰ ਪੂਰਾ ਕਰਨ ਲਈ ਸ਼ੁਰੂਆਤ ਕਰ ਦਿੱਤੀ ਹੈ। ਭਾਜਪਾ ਨੂੰ ਜ਼ਿਲ੍ਹੇ ਵਿਚ ਬੂਥ ਤੇ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਵੱਲੋਂ ਜ਼ਿਲ੍ਹੇ ਦੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਮੇਹਨਤੀ ਤੇ ਨਿਸ਼ਠਾਵਾਨ ਵਰਕਰਾਂ ਦੀਆਂ ਕੀਤੀਆਂ ਜਾ ਰਹੀਆਂ ਲਗਾਤਾਰ ਨਿਯੁਕਤੀਆਂ ਦੇ ਤਹਿਤ ਮੇਹਨਤੀ ਤੇ ਪਾਰਟੀ ਦੇ ਪ੍ਰਤਿ ਸਮਰਪਣ ਭਾਵਨਾ ਨਾਲ ਕੰਮ ਕਰਨ ਵਾਲੇ ਸਮਾਜ ਸੇਵੀ ਰਾਜਿੰਦਰ ਰਾਜੂ ਨੂੰ ਭਾਜਪਾ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ੇਰੀ ਤੋਂ ਬਾਅਦ ਭਾਜਪਾ ਨੇ ਜ਼ਮੀਨੀ ਪੱਧਰ ’ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਕਾਰਵਾਈ ਆਰੰਭ ਕਰ ਦਿੱਤੀ ਹੈ। ਰਾਜਿੰਦਰ ਰਾਜੂ ਸਮਾਜ ਸੇਵਾ ਦੇ ਕੰਮਾਂ ਵਿਚ ਹਮੇਸ਼ਾ ਮੋਹਰੀ ਰਹਿੰਦੇ ਹਨ ਤੇ ਪਾਰਟੀ ਦੇ ਸੰਗਠਨਾਤਮਕ ਕੰਮਾਂ ਵਿੱਚ ਲੰਮੇ ਸਮੇਂ ਤੋਂ ਸਰਗਰਮ ਰਹੇ ਹਨ। ਚੇਤਨ ਸੂਰੀ ਨੇ ਕਿਹਾ ਕਿ ਰਾਜਿੰਦਰ ਰਾਜੂ ਦੀ ਨਿਯੁਕਤੀ ਨਾਲ ਕਪੂਰਥਲਾ ਜ਼ਿਲ੍ਹੇ ਵਿੱਚ ਭਾਜਪਾ ਦੇ ਸੰਗਠਨ ਨੂੰ ਨਵੀਂ ਤਾਕਤ ਮਿਲੇਗੀ ਤੇ ਬੂਥ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਰਾਜਿੰਦਰ ਰਾਜੂ ਆਪਣੇ ਤਜ਼ਰਬੇ ਤੇ ਮਿਹਨਤ ਨਾਲ ਜਥੇਬੰਦੀ ਨੂੰ ਮਜ਼ਬੂਤ ਕਰਨਗੇ ਤੇ ਪਾਰਟੀ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ। ਰਾਜਿੰਦਰ ਰਾਜੂ ਦੀ ਨਿਯੁਕਤੀ ਤੋਂ ਬਾਅਦ ਭਾਜਪਾ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਆਪਣੀ ਨਿਯੁਕਤੀ ’ਤੇ ਰਾਜਿੰਦਰ ਰਾਜੂ ਨੇ ਕਿਹਾ ਕਿ ਉਹ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਜ਼ਿਲ੍ਹਾ ਸਕੱਤਰ ਬਣਾ ਕੇ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ ਤੇ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਯੋਜਨਾਵਾਂ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾ ਵਿੱਚ ਭਾਜਪਾ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਜਾਵੇਗੀ, ਉੱਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਪ੍ਰਚਾਰ ਕਰਕੇ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਵੀ ਪ੍ਰਚਾਰ ਕੀਤਾ ਜਾਵੇਗਾ।