ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ : ਮਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਜਾ ਰਿਹਾ ਸੰਘਰਸ਼ ਹੋਰ ਤਿੱਖਾ ਕਰਾਂਗੇ - ਸਰਦਾਰ ਸਿਮਰਨਜੀਤ ਸਿੰਘ ਮਾਨ
Publish Date: Tue, 18 Aug 2026 07:01 PM (IST)
Updated Date: Tue, 18 Aug 2026 07:03 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਦੇ ਸੰਘਰਸ਼ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਤੇ ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਦੇ ਦਿੱਤੇ ਗਏ ਬੰਦ ਦੇ ਸੱਦੇ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਤੇ ਆਗੂ ਆਪਣਾ ਕੌਮੀ ਫਰਜ਼ ਸਮਝਦੇ ਹੋਏ ਜੀ-ਜਾਨ ਦੇ ਨਾਲ ਨੇਪਰੇ ਚਾੜ੍ਹਨਗੇ। ਇਹ ਸ਼ਬਦ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੈੱਸ ਮਿਲਣੀ ਦੇ ਦੌਰਾਨ ਪ੍ਰਗਟ ਕੀਤੇ। ਸਿਮਰਨਜੀਤ ਸਿੰਘ ਮਾਨ ਨੇ ਕੇਂਦਰ ਸਰਕਾਰ ’ਤੇ ਇਹ ਵੀ ਦੋਸ਼ ਲਾਏ ਕਿ ਡਰੋਨ ਦੇ ਨਾਲ ਪਹਿਲਾਂ ਦੇਖਿਆ ਗਿਆ ਕਿ ਕਿੱਥੇ ਬੀਬੀਆਂ ਤੇ ਬੱਚੇ ਲੰਗਰ ਛਕਦੇ ਨੇ, ਕਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਫਿਰ ਉਨ੍ਹਾਂ ਥਾਵਾਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਇਸ ਵਰਤਾਰੇ ਨੂੰ ਮਾਨ ਨੇ ਵਿਰੋਧੀ ਦੇਸ਼ ਦੀਆਂ ਫੌਜਾਂ ਤੇ ਲੋਕਾਂ ਦੇ ਵਿਰੁੱਧ ਕੀਤੇ ਜਾਂਦੇ ਵਰਤਾਰੇ ਦੇ ਬਰਾਬਰ ਦੱਸਿਆ। ਉਨ੍ਹਾਂ ਆਖਿਆ ਕਿ ਇਹ ਸਹਿਣਯੋਗ ਨਹੀਂ ਹੈ, ਜਿਨਾਂ ਦੀ ਕੈਦ ਦੀ ਸਮਾਂ ਸੀਮਾ 10 ਸਾਲ ਸੀ ਜਾਂ 14 ਸਾਲ ਸੀ, ਉਹ ਸਾਡੇ ਗੁਰੂ ਦੇ ਖਾਲਸੇ 30-35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਸਿਮਰਨਜੀਤ ਸਿੰਘ ਮਾਨ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਨ੍ਹਾਂ ਦੀ ਮਾਤਾ ਦੇ ਬਿਮਾਰ ਹੋਣ ਦੇ ਬਾਵਜੂਦ ਪੈਰੋਲ ਨਾ ਦਿੱਤੇ ਜਾਣ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਮਨੁੱਖੀ ਕਦਰਾਂ ਕੀਮਤਾਂ ਤੋਂ ਡਿੱਗ ਚੁੱਕੀ ਹੈ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ। ਪਾਰਟੀ ਦੇ ਬੁਲਾਰੇ ਡਾ. ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ 15 ਅਗਸਤ ਨੂੰ ਸਿਮਰਨਜੀਤ ਸਿੰਘ ਮਾਨ ਵੱਲੋਂ ਭੇਸ ਬਦਲ ਕੇ ਗਵਰਨਰ ਹਾਊਸ ਪਹੁੰਚ ਜਾਣਾ ਤੇ ਗਿਰਫਤਾਰੀ ਦੇਣੀ ਇਹ ਦਰਸਾਉਂਦਾ ਕਿ ਇੰਨੀ ਉਮਰ ਦੇ ਵਿੱਚ ਵੀ ਕੌਮ ਪ੍ਰਤੀ ਦਰਦ ਵੇਦਨਾ ਉਨ੍ਹਾਂ ਨੂੰ ਪਿੱਛੇ ਨਹੀਂ ਹਟਣ ਦਿੰਦੀ ਤੇ ਉਹ ਮੈਦਾਨ ਦੇ ਵਿੱਚ ਡਟੇ ਹੋਏ ਹਨ। ਇਸ ਨੇ ਕੌਮ ਦੇ ਬਹੁਤ ਹੌਸਲੇ ਬੁਲੰਦ ਕੀਤੇ ਹਨ। ਡਾ. ਜੱਖੂ ਨੇ ਇਹ ਵੀ ਆਖਿਆ ਕਿ 21 ਅਗਸਤ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸਾਡੇ ਵਰਕਰ ਦਿਨ-ਰਾਤ ਇੱਕ ਕਰਨਗੇ। ਇਸ ਮੌਕੇ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸਿੰਘੜੀਵਾਲ, ਟਾਂਡੇ ਦੇ ਇੰਚਾਰਜ ਸੰਦੀਪ ਸਿੰਘ ਖਾਲਸਾ ਪੋਲਿਟੀਕਲ ਅਫੇਅਰ ਕਮੇਟੀ ਮੈਂਬਰ ਤੇ ਹਰਵਿੰਦਰ ਸਿੰਘ ਹੀਰਾ, ਜਸਵੀਰ ਸਿੰਘ ਗੁੱਜਰ, ਬਲਜਿੰਦਰ ਸਿੰਘ ਟਾਂਡਾ ਤੇ ਭਾਈ ਸਰਬਜੀਤ ਸਿੰਘ ਖਾਲਸਾ, ਇੰਚਾਰਜ ਨੇ ਜੈ ਭੀਮ ਟੀਮ ਕਰਤਾਰਪੁਰ, ਪੰਜਾਬ ਦੇ ਸਰਪਰਸਤ ਪ੍ਰਿੰਸੀਪਲ ਕੇਵਲ ਸਿੰਘ, ਸਟੇਟ ਕੋਆਰਡੀਨੇਟਰ ਹੈਪੀ ਕੌਲ ਸਮੇਤ ਦਵਿੰਦਰ ਸਿੰਘ ਖਾਲਸਾ ਰੁੜਕਾ ਕਲਾਂ ਮੌਜੂਦ ਸਨ।