ਦਰਿਆ ਬਿਆਸ ’ਚ ਪਾਣੀ ਦਾ ਪੱਧਰ ਅਚਾਨਕ ਵਧਿਆ, ਕਿਸਾਨ ਚਿੰਤਤ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਿਆ, ਕਿਸਾਨ ਚਿੰਤਤ
Publish Date: Sun, 19 Jul 2026 08:26 PM (IST)
Updated Date: Sun, 19 Jul 2026 08:28 PM (IST)
ਹੜ੍ਹ ਦਾ ਸੰਭਾਵੀ ਖ਼ਤਰਾ ਬਰਕਰਾਰ, ਬੰਨ੍ਹਾਂ ਦੇ ਚਾਰੇ ਪਾਸੇ ਨੋਚਾਂ ਲਗਾਈਆਂ ਜਾਣ : ਸੰਧੂ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦਰਿਆ ਬਿਆਸ ’ਚ ਪਾਣੀ ਦਾ ਪੱਧਰ ਬੀਤੀ ਰਾਤ ਅਚਾਨਕ ਵਧਣ ਕਾਰਨ ਸੁਲਤਾਨਪੁਰ ਲੋਧੀ ਮੰਡ ਖੇਤਰ ਦੇ ਪਿੰਡਾਂ ਦੇ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਇੱਕ ਵਾਰ ਮੁੜ ਵੇਖਣ ਨੂੰ ਮਿਲ ਰਹੀਆਂ ਹਨ। ਭਾਵੇਂ ਮੈਦਾਨੀ ਖੇਤਰ ’ਚ ਇਸ ਵਾਰ ਮੌਨਸੂਨ ਹਾਲੇ ਸ਼ੁਰੂ ਨਹੀਂ ਹੋਇਆ ਪਰੰਤੂ ਪਹਾੜੀ ਖੇਤਰ ਵਿੱਚ ਪੈ ਰਹੇ ਮੀਂਹ ਕਾਰਨ ਮੰਡ ਖੇਤਰ ਦੇ ਬਾਊਪੁਰ ਇਲਾਕੇ ’ਚ ਝੋਨੇ ਦੀ ਫਸਲ ਡੁੱਬ ਗਈ ਤੇ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ। ਦੂਜੇ ਪਾਸੇ ਆਹਲੀ ਖੇਤਰ ਵਿੱਚ ਵੀ ਦਰਿਆ ਬਿਆਸ ’ਚ ਪਾਣੀ ਦਾ ਪੱਧਰ ਹੁਣ ਕਿਨਾਰਿਆਂ ’ਤੇ ਲਗਾਈਆਂ ਨੋਚਾਂ ਤੋਂ ਉੱਪਰ ਵਹਿਣਾ ਸ਼ੁਰੂ ਹੋ ਗਿਆ ਹੈ ਜਿਸ ਨਾਲ ਇਸ ਖੇਤਰ ਵਿੱਚ ਵੀ ਲੋਕ ਖੌਫ਼ਜ਼ਦਾ ਹਨ। ਜ਼ਿਕਰਯੋਗ ਹੈ ਕਿ ਸਾਲ 2023 ਤੇ 2025 ਵਿੱਚ ਮੰਡ ਖੇਤਰ ਵਿੱਚ ਦਰਿਆ ਨੇ ਖੂਬ ਤਬਾਹੀ ਮਚਾਈ ਸੀ ਤੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਕੇ ਖਰਾਬ ਹੋ ਗਈ ਸੀ। ਮੰਡ ਖੇਤਰ ਦੇ ਬਾਊਪੁਰ ਬੰਨ੍ਹ ਤੇ ਆਹਲੀ ਖੇਤਰ ਵਿੱਚ ਬੰਨ੍ਹ ਟੁੱਟਣ ਕਾਰਨ ਜਿੱਥੇ ਲੋਕ ਹਾਲੇ ਤੱਕ ਪੂਰੀ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ ਸਨ ਤਾਂ ਦੁਬਾਰਾ ਇਸ ਸਾਲ ਵੀ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨਾਂ ਵਿੱਚ ਫਸਲ ਦੇ ਖਰਾਬ ਹੋਣ ਦਾ ਡਰ ਲੋਕਾਂ ਨੂੰ ਸਤਾ ਰਿਹਾ। ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਮੀਂਹ ਪੈਣ ਦੀ ਸੰਭਾਵਨਾ ਦੀ ਪੇਸ਼ੀਨਗੋਈ ਨੇ ਅੰਨਦਾਤਾ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਇਲਾਕੇ ਦੇ ਕਿਸਾਨਾਂ ਨੇ ਆਪਣੇ ਤੌਰ ’ਤੇ ਆਰਜੀ ਬੰਨ੍ਹਾਂ ਉੱਪਰ ਪਹਿਰੇਦਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕਿਸੇ ਸੰਭਾਵੀ ਖਤਰੇ ਨਾਲ ਨਜਿੱਠਿਆ ਜਾ ਸਕੇ। ਕੀ ਕਹਿਣਾ ਹੈ ਮੰਡ ਬਾਊਪੁਰ ਦੇ ਕਿਸਾਨਾਂ ਦਾ ਮੰਡ ਖੇਤਰ ਬਾਊਪੁਰ ਦੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਦਾ ਕਹਿਣਾ ਹੈ ਕਿ ਬੀਤੀ ਰਾਤ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਅਚਾਨਕ ਬਹੁਤ ਵੱਧ ਗਿਆ ਤੇ ਕਈ ਥਾਈਂ ਕਈ ਏਕੜ ਝੋਨੇ ਦੀ ਫਸਲ ਨੂੰ ਵੀ ਡੁਬੋ ਦਿੱਤਾ। ਉਹਨਾਂ ਕਿਹਾ ਕਿ ਭਾਵੇਂ ਹਾਲੇ ਤੱਕ ਖਤਰੇ ਜਾਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਪਰੰਤੂ ਜੇ ਅੱਗੇ ਹੋਰ ਮੀਂਹ ਪਹਾੜੀ ਖੇਤਰ ਵਿੱਚ ਜਾਰੀ ਰਿਹਾ ਤਾਂ ਡੈਮ ਤੋਂ ਵੀ ਪਾਣੀ ਛੱਡਣ ਕਾਰਨ ਹਾਲਾਤ ਪਿਛਲੇ ਸਾਲ ਵਾਲੇ ਹੋ ਜਾਣਗੇ, ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਦੱਸਿਆ ਕਿ ਪਿੰਡ ਰਾਮਪੁਰ ਗੋਰੇ ਦਾ ਆਰਜ਼ੀ ਬੰਨ੍ਹ ਜੋ ਪਿਛਲੇ ਸਾਲ ਟੁੱਟਣ ’ਤੇ ਵੱਡੀ ਪੱਧਰ ’ਤੇ ਨੁਕਸਾਨ ਇਸ ਖੇਤਰ ਦਾ ਹੋਇਆ ਸੀ, ਉਹ ਬੰਨ੍ਹ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਨਹੀਂ ਬੰਨ੍ਹਿਆ ਗਿਆ ਜਿਸ ਦਾ ਵਹਾਅ ਦਰਿਆ ਵਾਂਗ ਖੇਤਰ ਵਿੱਚ ਅਜੇ ਵੀ ਪੂਰੀ ਤਰ੍ਹਾਂ ਨਾਲ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਸਰਕਾਰ ਦੀ ਬਜਾਏ ਖੁਦ ਆਪਣੀ ਫਸਲ ਦੀ ਆਪ ਹੀ ਰਾਖੀ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇ ਪਾਣੀ ਹਰੀਕੇ ਤੋਂ ਵੀ ਰਿਲੀਜ਼ ਹੁੰਦਾ ਰਿਹਾ ਤਾਂ ਇਹ ਖਤਰਾ ਕੁਝ ਘੱਟ ਜਾਵੇਗਾ। ਪਛੇਤੀ ਝੋਨੇ ਦੀ ਫਸਲ ਲਗਾਉਣ ਵਾਲੇ ਕਿਸਾਨਾਂ ਦੀ ਫਸਲ ਡੁੱਬਣ ਕਾਰਨ ਉਨਾਂ ਦਾ ਨੁਕਸਾਨ ਹੋਵੇਗਾ। ਦਰਿਆ ਦੇ ਚਾਰੇ ਪਾਸੇ ਨੋਚਾਂ ਲਗਾਈਆਂ ਜਾਣ ਪਿੰਡ ਆਹਲੀ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਰਸ਼ਪਾਲ ਸਿੰਘ ਸੰਧੂ ਨੇ ਕਿਹਾ ਕਿ ਬੀਤੇ ਸਾਲ ਹੜ੍ਹ ਦੌਰਾਨ ਸਾਡੇ ਖੇਤਰ ਦੇ ਪਿੰਡਾਂ ਵਿੱਚ ਬੰਨ੍ਹ ਟੁੱਟਣ ਕਾਰਨ ਵੱਡੀ ਤਬਾਹੀ ਹੋਈ ਸੀ। ਉਹਨਾਂ ਕਿਹਾ ਕਿ ਦਰਿਆ ਬਿਆਸ ਦਾ ਪਾਣੀ ਦਾ ਪੱਧਰ ਬੀਤੀ ਰਾਤ ਬਹੁਤ ਵਧ ਗਿਆ ਹੈ ਤੇ ਸਰਕਾਰ ਵੱਲੋਂ ਇੱਕ ਸਾਈਡ ’ਤੇ ਲਗਾਈ ਨੋਚਾਂ ਤੋਂ ਵੀ ਉੱਪਰ ਪਾਣੀ ਵਹਿਣਾ ਸ਼ੁਰੂ ਹੋ ਗਿਆ ਹੈ। ਜੇ ਡਰੇਨਸ ਵਿਭਾਗ ਦਰਿਆ ਬਿਆਸ ਵਿੱਚ ਬੰਨ੍ਹ ਦੇ ਚਾਰੇ ਪਾਸੇ ਨੋਚਾਂ ਲਗਾ ਦਿੰਦਾ ਤਾਂ ਇਹ ਖਤਰਾ ਘੱਟ ਹੋਣਾ ਸੀ। ਉਹਨਾਂ ਕਿਹਾ ਕਿ ਬੀਤੇ ਦਿਨੀਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਰੇਨਸ ਵਿਭਾਗ ਦੇ ਐੱਸਡੀਓ ਵਿਜੇ ਕੁਮਾਰ ਤੇ ਜੇਈ ਸੰਦੀਪ ਸਿੰਘ ਨਾਲ ਇਸ ਖੇਤਰ ਦਾ ਦੌਰਾ ਕੀਤਾ ਸੀ। ਪਿੰਡ ਵਾਸੀਆਂ ਨੇ ਸੰਤ ਸੀਚੇਵਾਲ ਨੂੰ ਅਪੀਲ ਕੀਤੀ ਸੀ ਕਿ ਬੰਨ੍ਹ ਦੇ ਚਾਰੇ ਪਾਸੇ ਨੋਚਾਂ ਲਗਾਉਣ ਦੇ ਹੁਕਮ ਦੇਣ ’ਤੇ ਹੜ੍ਹ ਦੇ ਸੰਭਾਵੀ ਖਤਰੇ ਤੋਂ ਬਚਾਅ ਹੋ ਸਕਦਾ ਹੈ। ਸੰਤ ਸੀਚੇਵਾਲ ਨੇ ਡਰੇਨਸ ਵਿਭਾਗ ਨੂੰ ਇਹ ਹੁਕਮ ਦੇਣ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਹੁਣ ਤਾਂ ਇਹ ਸੰਭਵ ਨਹੀਂ ਕਿਉਂਕਿ ਪਾਣੀ ਦਾ ਪੱਧਰ ਬਹੁਤ ਵਧ ਗਿਆ ਹੈ। ਜਦੋਂ ਪਾਣੀ ਦਾ ਪੱਧਰ ਘਟੇਗਾ ਤਾਂ ਇਹ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਰਸ਼ਪਾਲ ਸਿੰਘ ਸੰਧੂ, ਸ਼ਮਿੰਦਰ ਸਿੰਘ ਸਰਪੰਚ, ਗੁਰਸੇਵਕ ਸਿੰਘ ਆਹਲੀ, ਜਥੇਦਾਰ ਰਣਜੀਤ ਸਿੰਘ, ਤਰਲੋਚਨ ਸਿੰਘ, ਗੁਰਸੇਵਕ ਸਿੰਘ ਬਲੋਰੀਆ, ਮਲਕੀਤ ਸਿੰਘ, ਸਰਬਜੀਤ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਬੰਤਾ ਸਿੰਘ, ਰਾਮ ਸਿੰਘ, ਮਨਜਿੰਦਰ ਸਿੰਘ, ਜਗੀਰ ਸਿੰਘ, ਸਤਨਾਮ ਸਿੰਘ ਆਦਿ ਵੀ ਹਾਜ਼ਰ ਸਨ।