ਮਾਡਲ ਟਾਊਨ ਦੇ ਬਾਹਰ ਗੰਦੇ ਪਾਣੀ ਦਾ ਸੰਕਟ ਗਹਿਰਾਇਆ ਮਾਡਲ ਟਾਊਨ ਦੇ ਬਾਹਰ ਗੰਦੇ ਪਾਣੀ ਦਾ ਸੰਕਟ ਗਹਿਰਾਇਆ: ਨਿਕਾਸੀ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਘੇਰਿਆ
Publish Date: Mon, 13 Jul 2026 08:27 PM (IST)
Updated Date: Tue, 14 Jul 2026 04:10 AM (IST)
ਨਿਕਾਸੀ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਘੇਰਿਆ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਸ਼ਹਿਰ ਦੀ ਸਫਾਈ ਅਤੇ ਨਿਕਾਸੀ ਵਿਵਸਥਾ ਨੂੰ ਲੈ ਕੇ ਪ੍ਰਸ਼ਾਸਨ ਦੇ ਦਾਵਿਆਂ ’ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਮਾਡਲ ਟਾਊਨ ਦੇ ਬਾਹਰ ਸੜਕ ਕਿਨਾਰੇ ਲੰਮੇ ਸਮੇਂ ਤੋਂ ਖੜ੍ਹੇ ਗੰਦੇ ਪਾਣੀ ਨੇ ਲੋਕਾਂ ਅਤੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹਾਲਾਤ ਇਹ ਹਨ ਕਿ ਸੜਕ ’ਤੇ ਖੜ੍ਹਾ ਗੰਦਾ ਪਾਣੀ ਜਿੱਥੇ ਰਾਹਗੀਰਾਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ, ਉੱਥੇ ਹੀ ਇਸ ਦਾ ਸਿੱਧਾ ਅਸਰ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਵੀ ਪੈ ਰਿਹਾ ਹੈ। ਸਮੱਸਿਆ ਤੋਂ ਤੰਗ ਆਏ ਦੁਕਾਨਦਾਰਾਂ ਨੇ ਹੁਣ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਜਲਦ ਹੱਲ ਦੀ ਮੰਗ ਕੀਤੀ ਹੈ। ਮਾਡਲ ਟਾਊਨ ਦੇ ਬਾਹਰ ਦੇ ਦੁਕਾਨਦਾਰ ਬਲਜੀਤ ਸਿੰਘ, ਗੁਰਿੰਦਰ ਸਿੰਘ ਬਵੇਜਾ, ਪਰਮਿੰਦਰ ਸਿੰਘ, ਬਲਜਿੰਦਰ ਸਿੰਘ, ਦਰਬਾਰਾ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਮੱਸਿਆ ਅਚਾਨਕ ਪੈਦਾ ਨਹੀਂ ਹੋਈ, ਸਗੋਂ ਲੰਮੇ ਸਮੇਂ ਤੋਂ ਚੱਲ ਰਹੀ ਹੈ ਅਤੇ ਇਹ ਲਾਪਰਵਾਹੀ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਪਾਣੀ ਦੀ ਨਿਕਾਸੀ ਲਈ ਪਹਿਲਾਂ ਪਾਈਪ ਪਾਏ ਗਏ ਸਨ, ਪਰ ਸੜਕ ਨਿਰਮਾਣ ਦੌਰਾਨ ਇਹ ਪਾਈਪ ਦੱਬ ਗਏ, ਜਿਸ ਕਾਰਨ ਪਾਣੀ ਦਾ ਵਹਾਅ ਪੂਰੀ ਤਰ੍ਹਾਂ ਰੁਕ ਗਿਆ। ਹੁਣ ਹਾਲਾਤ ਇਹ ਹਨ ਕਿ ਥੋੜ੍ਹੀ ਜਿਹੀ ਬਾਰਿਸ਼ ਨਾਲ ਵੀ ਪਾਣੀ ਸੜਕ ’ਤੇ ਇਕੱਠਾ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ।ਦੁਕਾਨਦਾਰਾਂ ਨੇ ਪ੍ਰਸ਼ਾਸਨਿਕ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ, “ਸੜਕਾਂ ਤਾਂ ਬਣਾ ਦਿੱਤੀਆਂ ਜਾਂਦੀਆਂ ਹਨ, ਪਰ ਉਨ੍ਹਾਂ ਨਾਲ ਜੁੜੀਆਂ ਬੁਨਿਆਦੀ ਸਹੂਲਤਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇਸ ਦਾ ਖਮਿਆਜ਼ਾ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਕਾਨਾਂ ਦੇ ਬਾਹਰ ਖੜ੍ਹਾ ਗੰਦਾ ਪਾਣੀ ਗਾਹਕਾਂ ਲਈ ਵੀ ਮੁਸੀਬਤ ਬਣਿਆ ਹੋਇਆ ਹੈ। ਕਈ ਲੋਕ ਬਦਬੂ ਅਤੇ ਗੰਦਗੀ ਕਾਰਨ ਇਸ ਰਸਤੇ ਤੋਂ ਲੰਘਣ ਤੋਂ ਵੀ ਗੁਰੇਜ਼ ਕਰਦੇ ਹਨ, ਜਿਸ ਨਾਲ ਵਪਾਰ ਪ੍ਰਭਾਵਿਤ ਹੋ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਬਾਜ਼ਾਰਾਂ ਨੂੰ ਬਿਹਤਰ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਦੂਜੇ ਪਾਸੇ ਨਿਕਾਸੀ ਵਰਗੀ ਮੁੱਢਲੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ। ਇਲਾਕੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਕਈ ਦਿਨਾਂ ਤੱਕ ਪਾਣੀ ਖੜ੍ਹਾ ਰਹਿਣ ਕਾਰਨ ਆਲੇ-ਦੁਆਲੇ ਬਦਬੂ ਫੈਲ ਰਹੀ ਹੈ। ਗੰਦੇ ਪਾਣੀ ਵਿੱਚ ਮੱਛਰਾਂ ਦੀ ਗਿਣਤੀ ਵੀ ਵਧ ਗਈ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ, ਇਸ ਲਈ ਪ੍ਰਸ਼ਾਸਨ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਜੇਕਰ ਸਮੇਂ ਸਿਰ ਅਧਿਕਾਰੀਆਂ ਨੇ ਇਸ ਸਮੱਸਿਆ ਵੱਲ ਧਿਆਨ ਦਿੱਤਾ ਹੁੰਦਾ ਤਾਂ ਅੱਜ ਮਾਡਲ ਟਾਊਨ ਦੇ ਬਾਹਰ ਇਹ ਬਦਹਾਲੀ ਨਾ ਹੁੰਦੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਮਾਮਲੇ ਨੂੰ ਟਾਲਣ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ। ਦੁਕਾਨਦਾਰਾਂ ਨੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਜਾਵੇ ਅਤੇ ਬੰਦ ਪਈ ਨਿਕਾਸੀ ਵਿਵਸਥਾ ਨੂੰ ਤੁਰੰਤ ਠੀਕ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਰਫ਼ ਭਰੋਸੇ ਨਹੀਂ, ਸਗੋਂ ਸਮੱਸਿਆ ਦਾ ਪੱਕਾ ਹੱਲ ਚਾਹੀਦਾ ਹੈ। ਦੁਕਾਨਦਾਰਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਠੀਕ ਨਾ ਕੀਤਾ ਗਿਆ ਤਾਂ ਉਹ ਮਜਬੂਰ ਹੋ ਕੇ ਨਗਰ ਕੌਂਸਲ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਕਿਸੇ ਵਿਵਾਦ ਦੀ ਨਹੀਂ, ਸਗੋਂ ਆਪਣੇ ਇਲਾਕੇ ਨੂੰ ਸਾਫ਼-ਸੁਥਰਾ ਅਤੇ ਪਰੇਸ਼ਾਨੀ ਮੁਕਤ ਬਣਾਉਣ ਦੀ ਹੈ।ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਨੂੰ ਕਦੋਂ ਤੱਕ ਅਣਡਿੱਠਾ ਕਰਦਾ ਹੈ ਜਾਂ ਫਿਰ ਦੁਕਾਨਦਾਰਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਜਲਦ ਕੋਈ ਠੋਸ ਕਦਮ ਚੁੱਕਦਾ ਹੈ। ਮਾਡਲ ਟਾਊਨ ਦੀ ਸਮੱਸਿਆ ਸਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ (ਈਓ) ਨਾਲ ਉਨ੍ਹਾਂ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਰਿਸੀਵ ਨਹੀਂ ਕੀਤਾ।