ਪ੍ਰਚਾਰ ਯਾਤਰਾ ਦਾ ਫਗਵਾੜਾ ’ਚ ਹੋਇਆ ਨਿੱਘਾ ਸਵਾਗਤ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਤਰਾ ਦਾ ਫਗਵਾੜਾ ਵਿਖੇ ਹੋਇਆ ਨਿੱਘਾ ਸਵਾਗਤ
Publish Date: Thu, 26 Nov 2026 09:56 PM (IST)
Updated Date: Thu, 26 Nov 2026 09:58 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਤਰਾ ਦੇ ਫਗਵਾੜਾ ਪਹੁੰਚਣ ’ਤੇ ਭਾਰਤੀ ਜਨਤਾ ਯੁਵਾ ਮੋਰਚਾ, ਜ਼ਿਲ੍ਹਾ ਕਪੂਰਥਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਨਿਤਿਨ ਚੱਢਾ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਸੱਚਖੰਡ ਬੱਲਾਂ ਤੱਕ ਜਾਣ ਵਾਲੀ ਇਸ ਯਾਤਰਾ ਦੀ ਯੁਵਾ ਮੋਰਚੇ ਦੇ ਕਾਰਕੁੰਨਾਂ ਵੱਲੋਂ ਮੋਟਰਸਾਈਕਲਾਂ ਦੇ ਕਾਫ਼ਲੇ ਨਾਲ ਅਗਵਾਈ ਕਰਕੇ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਜਨਤਾ ਦੀ ਰਸੋਈ ਵਿਖੇ ਲਿਆਂਦਾ ਗਿਆ, ਜਿੱਥੇ ਯਾਤਰਾ ਵਿੱਚ ਸ਼ਾਮਲ ਸ਼ਰਧਾਲੂਆਂ ਲਈ ਲੰਗਰ-ਪਾਣੀ ਦੀ ਸੇਵਾ ਕੀਤੀ ਗਈ। ਇਸ ਮੌਕੇ ਸੰਕੀਰਤਨ ਵੀ ਕਰਵਾਇਆ ਗਿਆ, ਜਿਸ ਨਾਲ ਸਮੁੱਚਾ ਮਾਹੌਲ ਗੁਰੂ-ਭਗਤੀ ਤੇ ਸ਼ਰਧਾ ਨਾਲ ਭਰ ਗਿਆ। ਯਾਤਰਾ ਦਾ ਸਵਾਗਤ ਕਰਨ ਲਈ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਉਨ੍ਹਾਂ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਸੰਚਾਲਿਕਾ ਜਨਤਾ ਦੀ ਰਸੋਈ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ਤੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਮਾਜ ਨੂੰ ਬਰਾਬਰਤਾ, ਭਾਈਚਾਰੇ, ਪ੍ਰੇਮ, ਸਦਭਾਵਨਾ ਤੇ ਮਨੁੱਖਤਾ ਦਾ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਧਾਰਮਿਕ ਪ੍ਰਚਾਰ ਯਾਤਰਾਵਾਂ ਰਾਹੀਂ ਗੁਰੂ ਜੀ ਦੇ ਵਿਚਾਰਾਂ ਤੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ। ਗੁਰੂ ਜੀ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਲਈ ਉਸੇ ਤਰ੍ਹਾਂ ਨਾਲ ਪ੍ਰਸੰਗਿਕ ਹਨ ਅਤੇ ਇਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਇੱਕ ਬਿਹਤਰ ਤੇ ਸਦਭਾਵਨਾਪੂਰਨ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਪਰੰਤ ਇਹ ਯਾਤਰਾ ਆਪਣੇ ਅਗਲੇ ਪੜਾਅ ਲਈ ਰਵਾਨਾ ਹੋ ਗਈ। ਇਸ ਮੌਕੇ ਭਾਜਪਾ ਆਗੂ ਰਾਜੀਵ ਪਾਹਵਾ, ਪਰਮਜੀਤ ਪੰਮਾ ਚਾਚੋਕੀ, ਸਾਬਕਾ ਮੇਅਰ ਅਰੁਣ ਖੋਸਲਾ, ਚੰਦਰੇਸ਼ ਕੌਲ, ਸੰਜੇ ਗਰੋਵਰ, ਚਰਨਜੀਤ ਗੋਬਿੰਦਪੁਰਾ, ਨਿੱਕੀ ਸ਼ਰਮਾ, ਵੀਵਾ, ਮਨਿੰਦਰ ਕੌਰ, ਸਾਬੀ ਚੱਕ ਹਕੀਮ, ਵਿਕਰਮ ਕੌਲ, ਵਿਸ਼ਾਲ ਵਾਲੀਆ, ਨਰੇਸ਼ ਕੋਟਰਾਣੀ, ਜਸਵਿੰਦਰ ਕੌਰ, ਪਵਨ ਕੁਮਾਰ, ਜੀਤਾ ਪੰਡਵਾ, ਰੀਟਾ ਡਾਬਰੀ, ਰਮੇਸ਼ ਮੰਡਲ ਪ੍ਰਧਾਨ, ਲਾਡੀ ਪੰਡਿਤ, ਯੋਗੇਸ਼ ਪ੍ਰਭਾਕਰ, ਮਨੀਸ਼ ਨਾਗਲਾ, ਅਰੁਣ ਮਲਹੋਤਰਾ ਸਮੇਤ ਵੱਡੀ ਗਿਣਤੀ ਵਿੱਚ ਭਾਜਯੁਮੋ ਅਤੇ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।