ਸੀਵਰੇਜ ਜਾਮ ਹੋਣ ਕਾਰਨ ਵਾਰਡ ਵਾਸੀਆਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ
ਸੀਵਰੇਜ ਜਾਮ ਹੋਣ ਕਾਰਨ ਵਾਰਡ ਵਾਸੀਆਂ ਨੂੰ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ
Publish Date: Thu, 29 Jan 2026 09:57 PM (IST)
Updated Date: Thu, 29 Jan 2026 10:01 PM (IST)

--ਗੋਹਾ ਤੇ ਹੋਰ ਰਹਿੰਦ ਖੂੰਦਹ ਦੇ ਕਾਰਨ ਪੈਦਾ ਹੋ ਰਹੀ ਹੈ ਸਮੱਸਿਆ : ਵਾਰਡ ਵਾਸੀ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਕਪੂਰਥਲਾ ਵਿਚ ਜਿਥੇ ਵੱਖ-ਵੱਖ ਵਾਰਡਾਂ ਵਿਚ ਕਈ ਥਾਵਾਂ ’ਤੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕੁਝ ਗਲੀਆਂ ਇਸ ਤਰ੍ਹਾਂ ਦੀਆਂ ਹਨ ਜਿਸ ਪਾਸੇ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਧਿਆਨ ਨਾ ਦੇਣ ਦਾ ਕਰਕੇ ਇਹ ਸਮੱਸਿਆ ਪੈਦਾ ਹੁੰਦੀ ਹੈ ਤੇ ਸ਼ਹਿਰ ਦੀਆਂ ਕਈ ਵਾਰਡਾਂ ਦੀਆਂ ਕੁਝ ਗਲੀਆਂ ਇਸ ਤਰ੍ਹਾਂ ਦੀਆਂ ਹਨ ਜਿਥੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਲੋਕ ਖੁਦ ਹੀ ਜ਼ਿੰਮੇਵਾਰ ਹਨ। ਅਜਿਹਾ ਹੀ ਇਕ ਮਾਮਲਾ ਵਾਰਡ ਨੰਬਰ 38 ਵਿਚ ਪੈਂਦੀ ਗੁਰਦੁਆਰਾ ਬਾਬਾ ਕੇਵਲ ਦਾਸ ਜੀ ਰੋਹੀ ਵਾਲਿਆਂ ਦੀ ਗਲੀ ਵਿਚ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਵਾਰਡ ਨੰਬਰ 38 ਦੇ ਕੌਂਸਲਰ ਵੱਲੋਂ ਕੌਂਸਲਰ ਬਨਣ ਤੋਂ ਬਾਅਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਤੁਰੰਤ ਹੀ ਇਸ ਗਲੀ ਵਿਚ ਨਵਾਂ ਸੀਵਰੇਜ ਪਵਾ ਕੇ ਇਸ ਗਲੀ ਨੂੰ ਕੰਕਰੀਟ ਦਾ ਬਣਵਾਇਆ ਗਿਆ ਸੀ ਕਿਉਂਕਿ ਪਹਿਲਾ ਸੀਵਰੇਜ ਬਲਾਕ ਹੋਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਤੱਪ ਅਸਥਾਨ ਬਾਬਾ ਕੇਵਲ ਦਾਸ ਰੋਹੀ ਵਾਲਿਆਂ ਦੇ ਅਸਥਾਨ ਦੀ ਲੋਕਾਂ ਵਿਚ ਸ਼ਰਧਾ ਭਾਵਨਾ ਹੋਣ ਕਾਰਨ ਇਥੇ ਹਰ ਸਾਲ ਹੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ, ਜਿਸਦੇ ਚੱਲਦੇ ਨਗਰ ਨਿਗਮ ਵੱਲੋਂ ਪਹਿਲ ਦੇ ਆਧਾਰ ’ਤੇ ਇਸ ਗਲੀ ਦਾ ਵਿਕਾਸ ਕਰਵਾਇਆ ਗਿਆ ਪਰ ਅੱਜ ਆਲਮ ਇਹ ਹੈ ਕਿ ਸੀਵਰੇਜ ਬਲਾਕ ਦੀ ਸਮੱਸਿਆ ਫਿਰ ਤੋਂ ਪੈਦਾ ਹੋਣ ਕਰਕੇ ਜਿਥੇ ਕਈ ਵਾਰ ਗੁਰਦੁਆਰਾ ਸਾਹਿਬ ਦੇ ਗੇਟ ਤੱਕ ਗੰਦਾ ਪਾਣੀ ਖੜ੍ਹਾ ਹੋ ਜਾਂਦਾ ਹੈ, ਉਥੇ ਹੀ ਗਲੀ ਵਿਚ ਪਾਣੀ ਖੜ੍ਹਾ ਹੋਣ ਕਾਰਨ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਰਡ ਵਾਸੀ ਗੁਰਮੇਲ ਸਿੰਘ, ਬਲਕਾਰ ਸਿੰਘ, ਹਰਪ੍ਰੀਤ ਸਿੰਘ, ਕਰਨੈਲ ਸਿੰਘ, ਬਲਦੇਵ ਸਿੰਘ, ਬਲਵੀਰ ਸਿੰਘ, ਲਖਵਿੰਦਰ ਸਿੰਘ, ਹਰਬੰਸ ਸਿੰਘ ਆਦਿ ਨੇ ਕਿਹਾ ਕਿ ਆਏ ਦਿਨ ਸੀਵਰੇਜ ਬਲਾਕ ਦੀ ਸਮੱਸਿਆ ਪੈਦਾ ਹੁੰਦੀ ਹੈ, ਪਰ ਮੌਜੂਦਾ ਕੌਂਸਲਰ ਕੇਹਰ ਸਿੰਘ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪਸ਼ੂਆਂ ਦੇ ਗੋਹੇ ਨਾਲ ਪੈਦਾ ਹੋ ਰਹੀ ਸਮੱਸਿਆ ਕੁਝ ਵਾਰਡ ਵਾਸੀਆਂ ਦਾ ਕਹਿਣਾ ਸੀ ਕਿ ਭਾਵੇਂ ਕਿ ਲੋਕਾਂ ਦੀ ਸਹੂਲਤ ਲਈ ਨਵਾਂ ਸੀਵਰੇਜ ਕੁਝ ਸਮਾਂ ਪਹਿਲਾਂ ਪਾਇਆ ਗਿਆ ਸੀ ਪਰ ਕੁਝ ਲੋਕਾਂ ਵੱਲੋਂ ਬਣਾਏ ਗਏ ਤਬੇਲੇ ਵਿਚ ਰੱਖੇ ਪਸ਼ੂਆਂ ਦਾ ਗੋਹਾ ਸਿੱਧਾ ਹੀ ਸੀਵਰੇਜ ਵਿਚ ਪਾਇਆ ਜਾ ਰਿਹਾ ਹੈ, ਜਿਸਦੇ ਚੱਲਦੇ ਸੀਵਰੇਜ ਜਾਮ ਹੋ ਜਾਂਦਾ ਹੈ ਤੇ ਇਹ ਸਮੱਸਿਆ ਪੈਦਾ ਹੋ ਰਹੀ ਹੈ ਤੇ ਕਈ ਵਾਰ ਇਹ ਗੋਹੇ ਦਾ ਗੰਦਾ ਪਾਣੀ ਗੁਰਦੁਆਰਾ ਸਾਹਿਬ ਦੇ ਗੇਟ ਤੱਕ ਚਲਾ ਜਾਂਦਾ ਹੈ ਤੇ ਇਸ ਵਿਚੋਂ ਆਉਂਦੀ ਬਦਬੂ ਦੇ ਕਾਰਨ ਨਤਮਸਤਕ ਹੋਣ ਆਉਣ ਵਾਲੀ ਸੰਗਤ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਰਡ ਵਾਸੀਆਂ ਨੇ ਕਮਿਸ਼ਨਰ ਨਗਰ ਨਿਗਮ ਪਾਸੋਂ ਮੰਗ ਕੀਤੀ ਕਿ ਸੀਵਰੇਜ ਵਿਚ ਪਾਏ ਜਾ ਰਹੇ ਗੋਹੇ ਤੇ ਹੋਰ ਰਹਿੰਦ ਖੂੰਹਦ ਨੂੰ ਸੀਵਰੇਜ ਵਿਚ ਪੈਣ ਤੋਂ ਰੋਕਿਆ ਜਾਵੇ ਤੇ ਇਸ ਤਰ੍ਹਾਂ ਦੇ ਲੋਕਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ। ਸਮੇਂ-ਸਮੇਂ ’ਤੇ ਕਰਵਾਈ ਜਾਂਦੀ ਹੈ ਸੀਵਰੇਜ ਦੀ ਸਫਾਈ : ਕੌਂਸਲਰ ਇਸ ਸਬੰਧੀ ਜਦੋਂ ਵਾਰਡ ਨੰਬਰ 38 ਦੇ ਕੌਂਸਲਰ ਕੇਹਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਵਾਰਡ ਵਾਸੀਆਂ ਦੀ ਸਮੱਸਿਆ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਕੌਂਸਲਰ ਬਨਣ ਤੋਂ ਬਾਅਦ ਪਹਿਲ ਦੇ ਆਧਾਰ ’ਤੇ ਇਸ ਗਲੀ ਵਿਚ ਨਵਾਂ ਸੀਵਰੇਜ ਪੁਆਇਆ ਗਿਆ ਸੀ ਤੇ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਆਪਣੇ ਵਾਰਡ ਵਿਚ ਆਪਣੇ ਨਿੱਜੀ ਖਰਚੇ ’ਤੇ ਵੀ ਸੀਵਰੇਜ ਦੀ ਸਫ਼ਾਈ ਕਰਵਾਈ ਜਾਂਦੀ ਹੈ, ਪਰ ਕੁਝ ਲੋਕਾਂ ਵੱਲੋਂ ਸੀਵਰੇਜ ਵਿਚ ਗੋਹਾ ਤੇ ਹੋਰ ਰਹਿੰਦ ਖੂੰਹਦ ਪਾਉਂਣ ਨਾਲ ਇਹ ਸਮੱਸਿਆ ਪੈਦਾ ਹੁੰਦੀ ਹੈ। ਉਨ੍ਹਾਂ ਵਾਰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸਹਿਯੋਗ ਕਰਨ ਤੇ ਸੀਵਰੇਜ ਵਚ ਗੋਹਾ ਅਤੇ ਹੋਰ ਰਹਿੰਦ ਖੂੰਹਦ ਨਾ ਪਾਉਣ। ਸਮੱਸਿਆ ਪੈਦਾ ਕਰਨ ਵਾਲੇ ਲੋਕਾਂ ਖਿਲਾਫ਼ ਕੀਤੀ ਜਾਵੇਗੀ ਕਾਰਵਾਈ : ਕਮਿਸ਼ਨਰ ਇਸ ਮਾਮਲੇ ਸਬੰਧੀ ਜਦੋਂ ਕਮਿਸ਼ਨਰ ਨਗਰ ਨਿਗਮ ਅਨੁਪਮ ਕਲੇਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤਬੇਲਾ ਚਾਲਕ ਵੱਲੋਂ ਸੀਵਰੇਜ ਵਿਚ ਗੋਹਾ ਜਾਂ ਹੋਰ ਰਹਿੰਦ ਖੂੰਹਦ ਪਾਈ ਜਾਂਦੀ ਹੈ ਤਾਂ ਇਸ ਤਰ੍ਹਾਂ ਦੇ ਲੋਕਾਂ ਦਾ ਚਲਾਨ ਕਰਦੇ ਹੋਏ ਭਾਰੀ ਜੁਰਮਾਨਾ ਕੀਤਾ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ।