ਰੇਲਵੇ ਬੋਰਡ ਦੇ ਵਧੀਕ ਮੈਂਬਰ ਨੇ ਕੀਤਾ ਆਰਸੀਐੱਫ ਦਾ ਦੌਰਾ ਸੁਨੀਲ ਕੁਮਾਰ ਐਡੀਸ਼ਨਲ ਮੈਂਬਰ (ਉਤਪਾਦਨ ਇਕਾਈਆਂ) ਰੇਲਵੇ ਬੋਰਡ ਵੱਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਦੌਰਾ
Publish Date: Sat, 26 Sep 2026 07:49 PM (IST)
Updated Date: Sat, 26 Sep 2026 07:51 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ (ਉਤਪਾਦਨ ਇਕਾਈਆਂ) ਸੁਨੀਲ ਕੁਮਾਰ ਨੇ ਅੱਜ ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਦਾ ਦੌਰਾ ਕੀਤਾ ਤੇ ਫੈਕਟਰੀ ਵਿੱਚ ਚੱਲ ਰਹੀਆਂ ਉਤਪਾਦਨ ਗਤੀਵਿਧੀਆਂ ਤੇ ਨਿਰਮਾਣ ਸਹੂਲਤਾਂ ਦਾ ਜਾਇਜ਼ਾ ਲਿਆ। ਆਰਸੀਐੱਫ ਪਹੁੰਚਣ ’ਤੇ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਮਹਾਪ੍ਰਬੰਧਕ ਅਜੈ ਨੰਦਨ ਨੇ ਸੁਨੀਲ ਕੁਮਾਰ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਵਰਕਸ਼ਾਪ ਦਾ ਦੌਰਾ ਕਰਦਿਆਂ ਬੰਗਲਾਦੇਸ਼ ਰੇਲਵੇ ਲਈ ਤਿਆਰ ਕੀਤੇ ਜਾ ਰਹੇ ਕੋਚਾਂ ਨਾਲ ਸਬੰਧਤ ਨਿਰਮਾਣ ਗਤੀਵਿਧੀਆਂ ਦਾ ਨਿਰੀਖਣ ਕੀਤਾ। ਰੇਲ ਕੋਚ ਫੈਕਟਰੀ ਵੱਲੋਂ ਬੰਗਲਾਦੇਸ਼ ਰੇਲਵੇ ਲਈ 200 ਕੋਚਾਂ ਦਾ ਨਿਰਮਾਣ ਕੀਤਾ ਜਾਣਾ ਹੈ ਤੇ ਇਸ ਪ੍ਰੋਜੈਕਟ ਦੇ ਪਹਿਲੇ ਰੇਕ ਦਾ ਉਤਪਾਦਨ ਅੰਤਿਮ ਪੜਾਅ ਵਿੱਚ ਹੈ। ਉਨ੍ਹਾਂ ਨੇ ਵ੍ਹੀਲ ਸ਼ਾਪ ਦੇ ਨੇੜੇ ਨਿਰਧਾਰਤ ਲਾਈਨ ਤੇ ਵੰਦੇ ਭਾਰਤ ਟ੍ਰੇਨਸੈੱਟ ਦਾ ਵੀ ਨਿਰੀਖਣ ਕੀਤਾ। ਵਰਕਸ਼ਾਪ ਦੇ ਨਿਰੀਖਣ ਉਪਰੰਤ ਸੁਨੀਲ ਕੁਮਾਰ ਨੇ ਰੇਲ ਕੋਚ ਫੈਕਟਰੀ ਦੇ ਮਹਾਪ੍ਰਬੰਧਕ ਅਜੈ ਨੰਦਨ ਤੇ ਸੀਨੀਅਰ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੂੰ ਰੇਲ ਕੋਚ ਫੈਕਟਰੀ ਵੱਲੋਂ ਬਣਾਏ ਜਾ ਰਹੇ ਬੰਗਲਾਦੇਸ਼ ਰੇਲਵੇ ਲਈ ਡਿੱਬਿਆਂ ਦੇ ਨਿਰਮਾਣ, ਵੱਖ-ਵੱਖ ਗਤੀਵਿਧੀਆਂ, ਉਤਪਾਦਨ ਪ੍ਰੋਗਰਾਮਾਂ ਤੇ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਉਤਪਾਦਨ, ਗੁਣਵੱਤਾ, ਤਕਨੀਕੀ ਉੱਨਤੀ ਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਨਾਲ ਸਬੰਧਤ ਵੱਖ-ਵੱਖ ਮਹੱਤਵਪੂਰਨ ਮਾਮਲਿਆਂ ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਰਾਈਟਸ ਦੇ ਡਾਇਰੈਕਟਰ/ਟੈਕਨੀਕਲ ਦੀਪਕ ਤ੍ਰਿਪਾਠੀ ਵੀ ਹਾਜ਼ਰ ਸਨ। ਸੁਨੀਲ ਕੁਮਾਰ ਨੇ ਰੇਲ ਕੋਚ ਫੈਕਟਰੀ ਦੀ ਮਾਨਤਾ ਪ੍ਰਾਪਤ ਯੂਨੀਅਨ ਤੇ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨਾਲ ਵੀ ਮੀਟਿੰਗ ਕੀਤੀ ਤੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਪ੍ਰਤੀਨਿਧੀਆਂ ਵੱਲੋਂ ਉਠਾਏ ਗਏ ਮੁੱਦਿਆਂ ਤੇ ਮੰਗਾਂ ਨੂੰ ਧੀਰਜ ਨਾਲ ਸੁਣਿਆ ਤੇ ਉਨ੍ਹਾਂ ਦੀਆਂ ਚਿੰਤਾਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ। ਇਹ ਦੌਰਾ ਰੇਲ ਕੋਚ ਫੈਕਟਰੀ ਦੀਆਂ ਉਤਪਾਦਨ ਗਤੀਵਿਧੀਆਂ ਅਤੇ ਚੱਲ ਰਹੇ ਵੱਖ-ਵੱਖ ਕੋਚ ਨਿਰਮਾਣ ਪ੍ਰੋਗਰਾਮਾਂ ਦੀ ਸਮੀਖਿਆ ਲਈ ਇੱਕ ਮਹੱਤਵਪੂਰਨ ਮੌਕਾ ਸਾਬਤ ਹੋਇਆ। ਇਸ ਦੌਰਾਨ ਗੁਣਵੱਤਾ, ਸਮੇਂ ਸਿਰ ਉਤਪਾਦਨ ਅਤੇ ਨਿਰਮਾਣ ਸਹੂਲਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।