ਰੇਲਵੇ ਬੋਰਡ ਦੇ ਵਧੀਕ ਮੈਂਬਰ ਨੇ ਕੀਤਾ ਆਰਸੀਐੱਫ ਦਾ ਦੌਰਾ ਸੁਨੀਲ ਕੁਮਾਰ ਅਡੀਸ਼ਨਲ ਮੈਂਬਰ (ਉਤਪਾਦਨ ਇਕਾਈਆਂ) ਰੇਲਵੇ ਬੋਰਡ ਵੱਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਦੌਰਾ
Publish Date: Sat, 22 Aug 2026 08:37 PM (IST)
Updated Date: Sat, 22 Aug 2026 08:39 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲਵੇ ਬੋਰਡ ਦੇ ਅਡੀਸ਼ਨਲ ਮੈਂਬਰ (ਉਤਪਾਦਨ ਇਕਾਈਆਂ) ਸੁਨੀਲ ਕੁਮਾਰ ਨੇ ਅੱਜ ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਦਾ ਦੌਰਾ ਕਰਕੇ ਫੈਕਟਰੀ ਦੀਆਂ ਉਤਪਾਦਨ ਗਤੀਵਿਧੀਆਂ ਤੇ ਨਿਰਮਾਣ ਸਹੂਲਤਾਂ ਦੀ ਸਮੀਖਿਆ ਕੀਤੀ। ਆਰਸੀਐੱਫ ਪਹੁੰਚਣ ’ਤੇ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਮਹਾਪ੍ਰਬੰਧਕ ਅਜੈ ਨੰਦਨ ਨੇ ਸੁਨੀਲ ਕੁਮਾਰ ਦਾ ਨਿੱਘਾ ਸਵਾਗਤ ਕੀਤਾ। ਇਸ ਉਪਰੰਤ ਸੁਨੀਲ ਕੁਮਾਰ ਨੇ ਆਰਸੀਐੱਫ ਦੀਆਂ ਵੱਖ-ਵੱਖ ਉਤਪਾਦਨ ਸਹੂਲਤਾਂ ਦਾ ਵਿਸਥਾਰਪੂਰਵਕ ਨਿਰੀਖਣ ਕੀਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸ਼ੀਟ ਮੈਟਲ ਸ਼ਾਪ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਮਸ਼ੀਨਾਂ ਦੇ ਸੰਚਾਲਨ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੈੱਲ ਅਸੈਂਬਲੀ ਸ਼ਾਪ ਦਾ ਦੌਰਾ ਕਰਕੇ ਕੋਚ ਸ਼ੈੱਲ ਦੇ ਉਤਪਾਦਨ ਤੇ ਜਿਗਜ਼ ਸਹੂਲਤ ਦਾ ਮੁਆਇਨਾ ਕੀਤਾ। ਅਡੀਸ਼ਨਲ ਮੈਂਬਰ (ਉਤਪਾਦਨ ਇਕਾਈਆਂ) ਨੇ ਇਸ ਤੋਂ ਬਾਅਦ ਨਿਰਮਾਣ ਅਧੀਨ ਮੇਮੂ ਰੇਕ ਦੀ ਸਮੀਖਿਆ ਕੀਤੀ ਤੇ ਬੰਗਲਾਦੇਸ਼ ਰੇਲਵੇ ਲਈ ਤਿਆਰ ਕੀਤੇ ਜਾ ਰਹੇ ਰੈਕ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਐਕਸਆਰਐੱਫ ਰਾਹੀਂ ਸੀਟਾਂ ਦੀ ਕੀਤੀ ਜਾ ਰਹੀ ਟੈਸਟਿੰਗ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਵ੍ਹੀਲ ਸ਼ਾਪ ਦੇ ਨੇੜੇ ਨਿਰਧਾਰਤ ਲਾਈਨ ’ਤੇ ਵੰਦੇ ਭਾਰਤ ਦੇ ਬੋਗੀ ਯੂਨਿਟਸ ਦਾ ਵੀ ਨਿਰੀਖਣ ਕੀਤਾ। ਵਰਕਸ਼ਾਪ ਦੇ ਨਿਰੀਖਣ ਤੋਂ ਬਾਅਦ ਮਹਾਪ੍ਰਬੰਧਕ ਤੇ ਆਰਸੀਐੱਫ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੁਨੀਲ ਕੁਮਾਰ ਨੂੰ ਆਰਸੀਐੱਫ ਦੀਆਂ ਗਤੀਵਿਧੀਆਂ, ਉਤਪਾਦਨ ਪ੍ਰੋਗਰਾਮਾਂ ਤੇ ਪ੍ਰਾਪਤੀਆਂ ਬਾਰੇ ਵਿਸਥਾਰਪੂਰਵਕ ਪ੍ਰਜ਼ੈਂਟੇਸ਼ਨ ਦਿੱਤੀ ਗਈ। ਮੀਟਿੰਗ ਵਿੱਚ ਉਤਪਾਦਨ, ਗੁਣਵੱਤਾ, ਤਕਨੀਕੀ ਅਪਗ੍ਰੇਡੇਸ਼ਨ, ਵੈਂਡਰ ਵਿਕਾਸ ਤੇ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਨਾਲ ਸਬੰਧਤ ਮਾਮਲਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਅਤੁਲ ਸਿੰਘ, ਪ੍ਰਿੰਸੀਪਲ ਐਗਜ਼ਿਕਿਊਟਿਵ ਡਾਇਰੈਕਟਰ (ਉਤਪਾਦਨ ਇਕਾਈਆਂ) ਤੇ ਦੀਪਕ ਤ੍ਰਿਪਾਠੀ, ਡਾਇਰੈਕਟਰ/ਟੈਕਨੀਕਲ (ਰਾਈਟਸ ) ਵੀ ਮੌਜੂਦ ਸਨ। ਸੁਨੀਲ ਕੁਮਾਰ ਨੇ ਉੱਚ ਪੱਧਰੀ ਨਿਰਮਾਣ ਤੇ ਗੁਣਵੱਤਾ ਮਾਪਦੰਡਾਂ ਨੂੰ ਕਾਇਮ ਰੱਖਦੇ ਹੋਏ ਬੰਗਲਾਦੇਸ਼ ਰੇਲਵੇ ਦੇ ਕੋਚਾਂ, ਮੇਮੂ ਕੋਚਾਂ ਤੇ ਵੰਦੇ ਭਾਰਤ ਟ੍ਰੇਨਸੈੱਟ ਵਰਗੇ ਮਹੱਤਵਪੂਰਨ ਉਤਪਾਦਨ ਪ੍ਰੋਗਰਾਮਾਂ ਨੂੰ ਪੂਰਾ ਕਰਨ ਲਈ ਆਰਸੀਐੱਫ ਦੇ ਯਤਨਾਂ ਦੀ ਸ਼ਲਾਘਾ ਕੀਤੀ।