ਡੀਜੀ ਰੇਲਵੇ ਬੋਰਡ ਵੱਲੋਂ ਆਰਸੀਐੱਫ ਦਾ ਦੌਰਾ ਡਾ. ਕੇ. ਕ੍ਰਿਸ਼ਨ ਕੁਮਾਰ, ਡੀਜੀ/ਆਰ ਐਚ ਐਸ ਰੇਲਵੇ ਬੋਰਡ ਵੱਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਦੌਰਾ
Publish Date: Thu, 08 Oct 2026 10:16 PM (IST)
Updated Date: Thu, 08 Oct 2026 10:17 PM (IST)
--ਐੱਲਐੱਲਆਰ ਹਸਪਤਾਲ ਦਾ ਨਿਰੀਖਣ ਕਰਕੇ ਮੈਡੀਕਲ ਸਹੂਲਤਾਂ ’ਚ ਸੁਧਾਰ ਲਈ ਦਿੱਤੇ ਮਹੱਤਵਪੂਰਨ ਸੁਝਾਅ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲਵੇ ਬੋਰਡ ਦੇ ਮਹਾਨਿਰਦੇਸ਼ਕ/ਰੇਲਵੇ ਸਿਹਤ ਸੇਵਾਵਾਂ ਡਾ. ਕੇ ਕ੍ਰਿਸ਼ਨ ਕੁਮਾਰ ਨੇ ਅੱਜ ਰੇਲ ਕੋਚ ਫੈਕਟਰੀ (ਆਰਸੀਐੱਫ), ਕਪੂਰਥਲਾ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਆਰਸੀਐੱਫ ਦੇ ਮਹਾਪ੍ਰਬੰਧਕ (ਜੀਐੱਮ) ਅਜੈ ਨੰਦਨ ਨਾਲ ਮੁਲਾਕਾਤ ਕੀਤੀ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਡਾ. ਕੇ. ਕ੍ਰਿਸ਼ਨ ਕੁਮਾਰ ਨੇ ਆਰਸੀਐੱਫ ਦੇ ਲਾਲਾ ਲਾਜਪਤ ਰਾਏ ਹਸਪਤਾਲ ਦਾ ਵਿਸਥਾਰਪੂਰਵਕ ਨਿਰੀਖਣ ਕੀਤਾ ਤੇ ਰੇਲ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਲਿਆ। ਹਸਪਤਾਲ ਦੇ ਨਿਰੀਖਣ ਦੌਰਾਨ ਪ੍ਰਮੁੱਖ ਮੁੱਖ ਮੈਡੀਕਲ ਅਧਿਕਾਰੀ ਡਾ. ਲਤਾ ਰਾਮਲਿੰਗਮ, ਡਾ. ਰਾਜੇਸ਼ ਮੋਹਨ, ਡਾ. ਜੈਦੀਪ ਟਿਟੋਰੀਆ, ਡਾ. ਪ੍ਰਮੋਦ ਕੁਮਾਰ ਸਮੇਤ ਹੋਰ ਮੈਡੀਕਲ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ। ਉਨ੍ਹਾਂ ਨੇ ਆਕਸੀਜਨ ਗੈਸ ਪਲਾਂਟ, ਆਈਸੀਯੂ, ਪੁਰਸ਼ ਤੇ ਮਹਿਲਾ ਵਾਰਡ, ਵੱਖ-ਵੱਖ ਦਫ਼ਤਰਾਂ, ਡਾਇਟੇਟਿਕਸ ਵਿਭਾਗ, ਲਾਂਡਰੀ, ਫਿਜ਼ੀਓਥੈਰੇਪੀ, ਮੈਗਨੇਟੋਥੈਰੇਪੀ, ਡੈਂਟਿਸਟਰੀ, ਓਪੀਡੀ, ਫਾਰਮੇਸੀ, ਐਮਰਜੈਂਸੀ ਵਾਰਡ, ਲੈਬੋਰੇਟ੍ਰੀ ਤੇ ਐਕਸ-ਰੇ ਵਿਭਾਗ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਵਿੱਚ ਉਪਲਬਧ ਸਹੂਲਤਾਂ ਤੇ ਉਨ੍ਹਾਂ ਦੇ ਕੰਮਕਾਜ ਬਾਰੇ ਜਾਣਕਾਰੀ ਲਈ ਤੇ ਮੈਡੀਕਲ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਡਾ. ਕ੍ਰਿਸ਼ਨ ਕੁਮਾਰ ਨੇ ਹਸਪਤਾਲ ਦੀਆਂ ਵਿਵਸਥਾਵਾਂ ਦਾ ਬਾਰੀਕੀ ਨਾਲ ਜਾਇਜ਼ਾ ਲੈਂਦਿਆਂ ਮੈਡੀਕਲ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਤੇ ਸੁਵਿਧਾਜਨਕ ਬਣਾਉਣ ਲਈ ਮਹੱਤਵਪੂਰਨ ਤੇ ਲਾਭਦਾਇਕ ਸੁਝਾਅ ਦਿੱਤੇ। ਦੌਰੇ ਦੌਰਾਨ ਡਾ. ਕ੍ਰਿਸ਼ਨ ਕੁਮਾਰ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ ਰੁੱਖ ਲਾਓ ਪ੍ਰੋਗਰਾਮ ਵਿੱਚ ਵੀ ਭਾਗ ਲਿਆ ਤੇ ਐੱਲਐੱਲਆਰ ਹਸਪਤਾਲ ਦੇ ਪਰਿਸਰ ਵਿੱਚ ਬੂਟੇ ਲਗਾਏ। ਇਸ ਮੌਕੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ। ਇਸ ਤੋਂ ਬਾਅਦ ਡਾ. ਕ੍ਰਿਸ਼ਨ ਕੁਮਾਰ ਨੇ ਮਾਨਤਾ ਪ੍ਰਾਪਤ ਯੂਨੀਅਨ ਤੇ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕਰਮਚਾਰੀਆਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਤੇ ਸਿਹਤ ਸੇਵਾਵਾਂ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।