ਵਲਨਰਾਬਿਲਟੀ ਰਿਪੋਰਟ ਸਬੰਧੀ ਜ਼ਿਲ੍ਹਾ ਚੋਣ ਅਫਸਰ ਨੇ ਕੀਤੀ ਮੀਟਿੰਗ ਵਲਨਰਾਬਿਲਟੀ ਰਿਪੋਰਟ ਤਿਆਰ ਕਰਨ ਲਈ ਜ਼ਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਹੇਠ ਹੋਈ ਵਰਚੁਅਲ ਮੀਟਿੰਗ
Publish Date: Tue, 03 Nov 2026 08:01 PM (IST)
Updated Date: Tue, 03 Nov 2026 08:02 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਅਗਾਮੀ ਵਿਧਾਨ ਸਭਾ ਚੋਣਾਂ 2027 ਨੂੰ ਮੁੱਖ ਰੱਖਦੇ ਹੋਏ ਮਾਨਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਲਨਰਾਬਿਲਟੀ ਰਿਪੋਰਟ ਤਿਆਰ ਕਰਨ ਲਈ ਅੱਜ ਮਿਤੀ 3 ਨਵੰਬਰ ਨੂੰ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਹੇਠ ਵਰਚੁਅਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੀਨੀਅਰ ਪੁਲਿਸ ਕਪਤਾਨ ਗੌਰਵ ਤੂਰਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ਿਖਾ ਭਗਤ, ਜ਼ਿਲ੍ਹੇ ਦੇ ਸਮੂਹ ਉਪ-ਮੰਡਲ ਮੈਜਿਸਟ੍ਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਸਮੂਹ ਡੀਐੱਸਪੀ ਤੇ ਸਮੂਹ ਸੈਕਟਰ ਅਫਸਰ (ਸਿਵਿਲ ਤੇ ਪੁਲਿਸ) ਹਾਜ਼ਰ ਹੋਏ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਜਾਰੀ ਮਾਪਦੰਡਾਂ ਤੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਸਮੂਹ ਸੈਕਟਰ ਅਫਸਰ ਆਪਸ ਵਿੱਚ ਪੂਰਨ ਤਾਲਮੇਲ ਬਣਾ ਕੇ ਆਪਣੇ-ਆਪਣੇ ਖੇਤਰਾਂ ਦੀ ਵਲਨਰਾਬਿਲਟੀ ਰਿਪੋਰਟ ਤਿਆਰ ਕਰਨਗੇ ਤੇ ਇਸ ਨੂੰ ਸਬੰਧਤ ਉਪ-ਮੰਡਲ ਮੈਜਿਸਟ੍ਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨੂੰ ਸੌਂਪਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਉਪ-ਮੰਡਲ ਮੈਜਿਸਟ੍ਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫਸਰ ਆਪਣੇ ਇਲਾਕੇ ਦੀਆਂ ਰਿਪੋਰਟਾਂ ਇੱਕਤਰ ਕਰਕੇ ਅੰਤਿਮ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਪੇਸ਼ ਕਰਨਗੇ, ਤਾਂ ਜੋ ਚੋਣਾਂ ਨੂੰ ਅਮਨ-ਅਮਾਨ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੇਂ ਸਿਰ ਲੋੜੀਂਦੇ ਇੰਤਜ਼ਾਮ ਕੀਤੇ ਜਾ ਸਕਣ।