- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਡਵਿੰਡੀ ਵਿਖੇ ਪ੍ਰਿੰਸ ਬੱਸ ਤੇ ਆਲਟੋ ਕਾਰ ਦੀ ਜ਼ੋਰਦਾਰ ਟੱਕਰ, ਕਾਰ ਬੁਰੀ ਤਰ੍ਹਾਂ ਨੁਕਸਾਨੀ

ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ/ਸੁਲਤਾਨਪੁਰ ਲੋਧੀ : ਪਿੰਡ ਡਡਵਿੰਡੀ ਵਿਖੇ ਐਚਪੀ ਪੈਟਰੋਲ ਪੰਪ ਨੇੜੇ ਬਣੇ ਡਿਵਾਈਡਰ ਕੋਲ ਅੱਜ ਸਵੇਰੇ ਕਰੀਬ 9 ਵਜੇ ਇਕ ਪ੍ਰਾਈਵੇਟ ਬੱਸ ਤੇ ਆਲਟੋ ਕਾਰ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਕਾਰ ਚਾਲਕ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਭੇਜਿਆ ਗਿਆ, ਹਾਲਾਂਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿੰਸ ਪ੍ਰਾਈਵੇਟ ਬੱਸ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਵੱਲ ਆ ਰਹੀ ਸੀ। ਦੂਜੇ ਪਾਸੇ ਤੋਂ ਚਿੱਟੇ ਰੰਗ ਦੀ ਮਾਰੂਤੀ ਆਲਟੋ ਕਾਰ ਆ ਰਹੀ ਸੀ। ਕਾਰ ਨੂੰ ਗੁਰਦਾਵਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਸੈਦੋਵਾਲ ਚਲਾ ਰਿਹਾ ਸੀ। ਇਸ ਦੌਰਾਨ ਡਿਵਾਈਡਰ ਨੇੜੇ ਬੱਸ ਤੇ ਕਾਰ ਦੀ ਟੱਕਰ ਹੋ ਗਈ। ਟੱਕਰ ਕਾਰਨ ਆਲਟੋ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਚਾਲਕ ਨੂੰ ਕਾਫ਼ੀ ਸੱਟਾਂ ਲੱਗੀਆਂ। ਸੜਕ ਸੁਰੱਖਿਆ ਫੋਰਸ ਨੇ ਮੌਕੇ ’ਤੇ ਪਹੁੰਚ ਕੇ ਆਵਾਜਾਈ ਬਹਾਲ ਕਰਵਾਈ।
ਹਾਦਸੇ ਸਬੰਧੀ ਕਾਰ ਚਾਲਕ ਗੁਰਦਾਵਰ ਸਿੰਘ ਨੇ ਬੱਸ ਚਾਲਕ ਸਤਨਾਮ ਸਿੰਘ ’ਤੇ ਬੱਸ ਗ਼ਲਤ ਸਾਈਡ ਤੋਂ ਲਿਆਉਣ ਤੇ ਤੇਜ਼ ਰਫ਼ਤਾਰ ਨਾਲ ਚਲਾਉਣ ਦੇ ਦੋਸ਼ ਲਗਾਏ। ਦੂਜੇ ਪਾਸੇ ਬੱਸ ਚਾਲਕ ਸਤਨਾਮ ਸਿੰਘ ਨੇ ਵੀ ਕਾਰ ਚਾਲਕ ਗੁਰਦਾਵਰ ਸਿੰਘ ’ਤੇ ਗ਼ਲਤ ਸਾਈਡ ਤੋਂ ਆ ਕੇ ਬੱਸ ਵਿੱਚ ਟੱਕਰ ਮਾਰਨ ਦੇ ਦੋਸ਼ ਲਗਾਏ। ਇਸ ਸਬੰਧੀ ਪੁਲਿਸ ਚੌਕੀ ਮੋਠਾਂਵਾਲਾ ਦੇ ਜਾਂਚ ਅਧਿਕਾਰੀ (ਆਈਓ) ਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।