"ਪਿੰਡ ਫਗਵਾੜਾ ਸ਼ਹਿਰ ਦੇ" "ਪਿੰਡ ਫਗਵਾੜਾ ਸ਼ਹਿਰ ਦੇ"
Publish Date: Mon, 31 Aug 2026 10:20 PM (IST)
Updated Date: Mon, 31 Aug 2026 10:22 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ ’ਤੇ ਸਥਿਤ ਫਗਵਾੜੇ ਦੇ ਪ੍ਰਸਿੱਧ ਪਿੰਡ ਸਪਰੋੜ ਦੀ ਗੱਲ ਕਰੀਏ ਤਾਂ ਇਹ ਪਿੰਡ ਆਧੁਨਿਕਤਾ ਤੇ ਆਪਣੀ ਮਿੱਟੀ ਨਾਲ ਜੁੜੇ ਰਹਿਣ ਦੀ ਇੱਕ ਖੂਬਸੂਰਤ ਮਿਸਾਲ ਹੈ। ਪਿੰਡ ਦੀ 40 ਫੀਸਦੀ ਤੋਂ ਵੱਧ ਆਬਾਦੀ ਵਿਦੇਸ਼ਾਂ ਵਿੱਚ ਵਸਦੀ ਹੈ ਤੇ ਪਿੰਡ ਵਿੱਚ ਕਈ ਪਰਿਵਾਰਾਂ ਦੀਆਂ ਆਲੀਸ਼ਾਨ ਕੋਠੀਆਂ ਤੇ ਵੱਡੇ-ਵੱਡੇ ਮਕਾਨ ਹਨ, ਪਰ ਇਸ ਸਭ ਦੇ ਬਾਵਜੂਦ ਇੱਥੋਂ ਦੇ ਲੋਕਾਂ ਦਾ ਆਪਣੀ ਜ਼ਮੀਨ ਤੇ ਖੇਤੀਬਾੜੀ ਨਾਲ ਪਿਆਰ ਅੱਜ ਵੀ ਬਰਕਰਾਰ ਹੈ। ਪਿੰਡ ਵਿੱਚੋਂ ਲੰਘਦਿਆਂ ਇਹ ਨਜ਼ਾਰਾ ਖਾਸ ਤੌਰ ’ਤੇ ਧਿਆਨ ਖਿੱਚਦਾ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਵਿਦੇਸ਼ਾਂ ਵਿੱਚ ਆਪਣਾ ਭਵਿੱਖ ਬਣਾ ਰਹੇ ਹਨ, ਉਨ੍ਹਾਂ ਦੇ ਘਰਾਂ ਦੇ ਆਲੇ-ਦੁਆਲੇ ਤੇ ਪਿੰਡ ਦੀਆਂ ਜ਼ਮੀਨਾਂ ਵਿੱਚ ਖੇਤੀਬਾੜੀ ਦਾ ਕੰਮ ਵੀ ਪੂਰੇ ਜੋਸ਼ ਨਾਲ ਹੁੰਦਾ ਦਿਖਾਈ ਦਿੰਦਾ ਹੈ। ਪਿੰਡ ਦੇ ਸਰਪੰਚ ਦਵਿੰਦਰ ਸਿੰਘ ਤੇ ਕੁਝ ਬਜ਼ੁਰਗਾਂ ਨੇ ਦੱਸਿਆ ਕਿ ਕਈ ਦਹਾਕੇ ਪਹਿਲਾਂ ਸਪਰੋੜ ਦਾ ਵੱਡਾ ਹਿੱਸਾ ਘਣੇ-ਸੰਘਣੇ ਜੰਗਲ ਨਾਲ ਘਿਰਿਆ ਹੋਇਆ ਸੀ। ਸਮੇਂ ਦੇ ਬਦਲਾਅ ਨਾਲ ਪਿੰਡ ਦੀ ਤਸਵੀਰ ਵੀ ਬਦਲਦੀ ਗਈ। ਜਿੱਥੇ ਪਹਿਲਾਂ ਸੁੰਨਾਪਨ ਤੇ ਜੰਗਲ ਦਿਖਾਈ ਦਿੰਦੇ ਸਨ, ਉੱਥੇ ਅੱਜ ਪੱਕੀਆਂ ਸੜਕਾਂ, ਆਲੀਸ਼ਾਨ ਘਰ, ਮਾਰਕੀਟਾਂ ਤੇ ਨੈਸ਼ਨਲ ਹਾਈਵੇ ਕਾਰਨ ਹਰ ਵੇਲੇ ਚਹਿਲ-ਪਹਿਲ ਨਜ਼ਰ ਆਉਂਦੀ ਹੈ। ਪਿੰਡ ਦੀਆਂ ਵੋਟਾਂ ਵੀ ਲਗਭਗ 1100 ਤੋਂ ਵੱਧ ਦੱਸੀਆਂ ਜਾਂਦੀਆਂ ਹਨ, ਜੋ ਇਸ ਦੀ ਵੱਡੀ ਆਬਾਦੀ ਤੇ ਸਮਾਜਿਕ ਸਰਗਰਮੀ ਨੂੰ ਦਰਸਾਉਂਦੀ ਹੈ। ਇੱਥੇ ਇਹ ਵੀ ਦੱਸ ਦਿੰਦੇ ਹਾਂ ਕਿ ਇੱਥੋਂ ਦਾ ਪਵਿੱਤਰ ਇੱਛਾਧਾਰੀ ਦਰਬਾਰ ਪਿੰਡ ਦੀ ਖਾਸ ਪਹਿਚਾਣ ਹੈ, ਜੋ ਕਿ ਪਿੰਡ ਦੇ ਬਾਹਰੋ-ਬਾਹਰ ਹਰਦਾਸਪੁਰ ਰੋਡ ’ਤੇ ਸਥਿਤ ਹੈ। ਸਥਾਨਕ ਲੋਕਾਂ ਅਨੁਸਾਰ ਇਸ ਸਥਾਨ ਨਾਲ ਇੱਛਾਧਾਰੀ ਨਾਗ-ਨਾਗਿਨ ਦੇ ਜੋੜੇ ਦੀ ਪੁਰਾਣੀ ਮਾਨਤਾ ਜੁੜੀ ਹੋਈ ਹੈ ਤੇ ਇੱਥੇ ਉਸ ਸਮੇਂ ਦੀ ਕੱਚੀ ਜਗ੍ਹਾ ਅੱਜ ਵੀ ਮੌਜੂਦ ਦੱਸੀ ਜਾਂਦੀ ਹੈ। ਇਸ ਪਾਵਨ ਸਥਾਨ ’ਤੇ ਦੂਰ-ਦੁਰਾਡੇ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ। ਸਥਾਨਕ ਮਾਨਤਾਵਾਂ ਅਨੁਸਾਰ ਇੱਥੇ ਸ਼ਰਧਾ ਨਾਲ ਆਉਣ ਵਾਲੇ ਲੋਕ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਅਰਦਾਸ ਕਰਦੇ ਹਨ। ਸੀ ਗੁਰੂ ਨਾਨਕ ਨੇਤਰਹੀਣ ਬਿਰਧ ਆਸ਼ਰਮ ਵੀ ਪਿੰਡ ਦੀ ਪਹਿਚਾਣ ਹੈ, ਜੋ ਕਿ ਪਿੰਡ ਵਿੱਚ ਜੀਟੀ ਰੋਡ ’ਤੇ ਸਥਿਤ ਹੈ ਤੇ ਮਨੁੱਖਤਾ ਦੀ ਸੇਵਾ ਦਾ ਮਹੱਤਵਪੂਰਨ ਕੇਂਦਰ ਹੈ। ਇੱਥੇ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਸਥਾਨਕ ਲੋਕ ਬਹੁਤ ਹੀ ਸ਼ਲਾਘਾਯੋਗ ਮੰਨਦੇ ਹਨ। ਇਹ ਆਸ਼ਰਮ ਪਿੰਡ ਦੀ ਸਮਾਜਿਕ ਤੇ ਮਨੁੱਖੀ ਸੋਚ ਨੂੰ ਵੀ ਉਜਾਗਰ ਕਰਦਾ ਹੈ। ਪਿੰਡ ਦੇ ਬਜ਼ੁਰਗਾਂ ਅਨੁਸਾਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਸਪਰੋੜ ਪਿੰਡ ਦੇ ਰਸਤਿਆਂ ਵਿੱਚੋਂ ਲੰਘਣ ਸਮੇਂ ਲੋਕ ਡਰ ਮਹਿਸੂਸ ਕਰਦੇ ਸਨ ਪਰ ਅੱਜ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਨੈਸ਼ਨਲ ਹਾਈਵੇ ਦੀ ਸਹੂਲਤ ਤੇ ਲਿੰਕ ਸੜਕਾਂ ਦੇ ਵਿਕਾਸ ਨਾਲ ਇੱਥੇ ਦਿਨ-ਰਾਤ ਲੋਕਾਂ ਦੀ ਆਵਾਜਾਈ ਜਾਰੀ ਰਹਿੰਦੀ ਹੈ। ਨੈਸ਼ਨਲ ਹਾਈਵੇ ਨਾਲ ਸਿੱਧਾ ਜੁੜਿਆ ਹੋਣ ਕਾਰਨ ਪਿੰਡ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਪਿੰਡ ਦੇ ਅੰਦਰ ਤੇ ਬਾਹਰ ਵੱਡੀਆਂ ਮਾਰਕੀਟਾਂ ਬਣ ਚੁੱਕੀਆਂ ਹਨ, ਜਿਸ ਕਾਰਨ ਸਪਰੋੜ ਹੁਣ ਸਿਰਫ਼ ਇੱਕ ਪਿੰਡ ਨਹੀਂ ਰਿਹਾ, ਸਗੋਂ ਆਸ-ਪਾਸ ਦੇ ਇਲਾਕੇ ਲਈ ਵੀ ਇੱਕ ਮਹੱਤਵਪੂਰਨ ਵਪਾਰਕ ਸਥਾਨ ਵਜੋਂ ਉੱਭਰ ਰਿਹਾ ਹੈ। ਵਿਦੇਸ਼ਾਂ ਨਾਲ ਜੁੜੇ ਪਰ ਦਿਲ ਅਜੇ ਵੀ ਖੇਤਾਂ ’ਚ ਅੱਜ ਦੇ ਦੌਰ ਵਿੱਚ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਰੁਖ ਕਰ ਰਹੀ ਹੈ। ਸਪਰੋੜ ਵੀ ਇਸ ਰੁਝਾਨ ਤੋਂ ਅਛੂਤਾ ਨਹੀਂ ਹੈ ਪਰ ਇਸ ਪਿੰਡ ਦੀ ਵਿਲੱਖਣਤਾ ਇਹ ਹੈ ਕਿ ਵਿਦੇਸ਼ਾਂ ਵਿੱਚ ਵੱਸਣ ਦੇ ਬਾਵਜੂਦ ਇੱਥੋਂ ਦੇ ਪਰਿਵਾਰ ਆਪਣੀ ਜ਼ਮੀਨ, ਖੇਤੀਬਾੜੀ ਤੇ ਪਿੰਡ ਦੀ ਮਿੱਟੀ ਨਾਲ ਆਪਣਾ ਨਾਤਾ ਨਹੀਂ ਤੋੜ ਰਹੇ। ਆਲੀਸ਼ਾਨ ਘਰਾਂ ਦੇ ਨਾਲ ਖੇਤਾਂ ਵਿੱਚ ਲਹਿਰਾਉਂਦੀਆਂ ਫ਼ਸਲਾਂ ਇਹ ਸੁਨੇਹਾ ਦਿੰਦੀਆਂ ਹਨ ਕਿ ਵਿਦੇਸ਼ਾਂ ਤੱਕ ਪਹੁੰਚ ਬਣਾਉਣ ਦੇ ਬਾਵਜੂਦ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿਣਾ ਹੀ ਅਸਲ ਪਹਿਚਾਣ ਹੈ। ਸਪਰੋੜ ਦੀ ਕਹਾਣੀ ਅਸਲ ਵਿੱਚ ਉਸ ਪੰਜਾਬ ਦੀ ਕਹਾਣੀ ਹੈ, ਜੋ ਸਮੇਂ ਦੇ ਨਾਲ ਆਧੁਨਿਕ ਤਾਂ ਹੋ ਰਿਹਾ ਹੈ, ਪਰ ਆਪਣੀ ਮਿੱਟੀ, ਖੇਤਾਂ, ਵਿਰਾਸਤ ਤੇ ਪਿੰਡ ਨਾਲ ਪਿਆਰ ਅਜੇ ਵੀ ਦਿਲ ਵਿੱਚ ਸੰਭਾਲੀ ਬੈਠਾ ਹੈ। ਪਿੰਡ ਦੇ ਮੌਜੂਦਾ ਸਰਪੰਚ ਦਵਿੰਦਰ ਸਿੰਘ ਵੀ ਪਿੰਡ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।