ਰਿਫਾਇਨਰੀ ਦਾ ਪਾਣੀ ਛੱਪੜ ’ਚ ਪਾਏ ਜਾਣ ’ਤੇ ਪਿੰਡ ਵਾਸੀ ਭੜਕੇ
ਮੈਥਾ ਰਿਫਾਇਨਰੀ ਦਾ ਗੰਦਾ ਪਾਣੀ ਪੰਚਾਇਤੀ ਛੱਪੜ ਵਿੱਚ ਪਾਏ ਜਾਣ ਨੂੰ ਲੈ ਕੇ ਪਿੰਡ ਵਾਸੀਆਂ ਦਾ ਫੁੱਟਿਆ ਗੁੱਸਾ
Publish Date: Thu, 04 Jun 2026 09:26 PM (IST)
Updated Date: Fri, 05 Jun 2026 03:41 PM (IST)

ਬਿਨਾਂ ਮਨਜ਼ੂਰੀ ਪੰਚਾਇਤੀ ਛੱਪੜ ’ਚ ਕਥਿਤ ਕੈਮੀਕਲ ਯੁਕਤ ਪਾਣੀ ਪਾਉਣ ਦੇ ਦੋਸ਼ ਸਕੂਲੀ ਬੱਚਿਆਂ ਤੇ ਪਿੰਡ ਵਾਸੀਆਂ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ : ਸਰਪੰਚ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਰਾਮਪੁਰ ਜਗੀਰ ਵਿਚ ਸਥਿਤ ਮੈਥਾ ਰਿਫਾਇਨਰੀ ਤੋਂ ਨਿਕਲਣ ਵਾਲੇ ਪਾਣੀ ਨੂੰ ਲੈ ਕੇ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਦਾ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਪਿੰਡ ਦੀ ਗ੍ਰਾਮ ਪੰਚਾਇਤ ਦੇ ਅਹੁਦੇਦਾਰਾਂ ਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਉਕਤ ਰਿਫਾਇਨਰੀ ਵੱਲੋਂ ਕਥਿਤ ਤੌਰ ਤੇ ਬਿਨਾਂ ਕਿਸੇ ਮਨਜ਼ੂਰੀ ਤੇ ਅਣਅਧਿਕਾਰਿਤ ਤਰੀਕੇ ਨਾਲ ਕੈਮੀਕਲ ਯੁਕਤ ਪਾਣੀ ਪੰਚਾਇਤੀ ਛੱਪੜ ਵਿਚ ਪਾਇਆ ਜਾ ਰਿਹਾ ਹੈ, ਜਿਸ ਕਾਰਨ ਵਾਤਾਵਰਣ ਖਰਾਬ ਹੋ ਰਿਹਾ ਹੈ, ਲੋਕਾਂ ਦੀ ਸਿਹਤ ਤੇ ਖੇਤੀਬਾੜੀ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਸਬੰਧੀ ਗ੍ਰਾਮ ਪੰਚਾਇਤ ਵੱਲੋਂ ਐੱਸਡੀਐੱਮ ਸੁਲਤਾਨਪੁਰ ਲੋਧੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਗੰਦਾ ਪਾਣੀ ਪੱਕੇ ਤੌਰ ’ਤੇ ਬੰਦ ਕਰਵਾਉਣ ਦੀ ਮੰਗ ਕੀਤੀ ਗਈ। ਪਿੰਡ ਵਾਸੀਆਂ ਸਣੇ ਸਰਪੰਚ ਅਜੈਬ ਸਿੰਘ ਤੇ ਪੰਚ ਪ੍ਰਿਤਪਾਲ ਸਿੰਘ ਆਦਿ ਦਾ ਕਹਿਣਾ ਹੈ ਕਿ ਜਿਸ ਛੱਪੜ ਵਿਚ ਇਹ ਪਾਣੀ ਪਾਇਆ ਜਾ ਰਿਹਾ ਹੈ, ਉਸ ਦੇ ਬਿਲਕੁਲ ਨਾਲ ਸਰਕਾਰੀ ਸਕੂਲ ਹੈ। ਛੱਪੜ ਵਿਚੋਂ ਉੱਠਣ ਵਾਲੀ ਤਿੱਖੀ ਦੁਰਗੰਧ ਕਾਰਨ ਸਕੂਲ ਵਿਚ ਪੜ੍ਹਦੇ ਬੱਚਿਆਂ ਦਾ ਉੱਥੇ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ। ਪਿੰਡ ਵਾਸੀਆਂ ਅਨੁਸਾਰ ਗਰਮੀਆਂ ਦੇ ਮੌਸਮ ਦੌਰਾਨ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ ਤੇ ਸਾਰਾ ਦਿਨ ਬਦਬੂ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਛੱਪੜ ਦੇ ਨਜ਼ਦੀਕ ਹੀ ਪਾਣੀ ਦੀ ਟੈਂਕੀ ਤੇ ਸਰਕਾਰੀ ਟਿਊਬਵੈੱਲ ਮੌਜੂਦ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਛੱਪੜ ਵਿਚ ਇਕੱਠਾ ਹੋ ਰਿਹਾ ਗੰਦਲਾ ਪਾਣੀ ਜ਼ਮੀਨ ਹੇਠਲੇ ਪਾਣੀ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਮਿਲਣ ਵਾਲੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਵਾ ਕੇ ਅਸਲ ਸਥਿਤੀ ਲੋਕਾਂ ਸਾਹਮਣੇ ਰੱਖੀ ਜਾਵੇ। ਕਿਸਾਨਾਂ ਨੇ ਵੀ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜਦੋਂ ਵੀ ਛੱਪੜ ਓਵਰਫਲੋ ਹੁੰਦਾ ਹੈ ਤਾਂ ਇਹ ਪਾਣੀ ਖੇਤਾਂ ਵਿਚ ਦਾਖਲ ਹੋ ਜਾਂਦਾ ਹੈ, ਜਿਸ ਨਾਲ ਫਸਲਾਂ ਨੂੰ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤੇਲ ਯੁਕਤ ਪਾਣੀ ਕਾਰਨ ਖੇਤੀਬਾੜੀ ਪ੍ਰਭਾਵਿਤ ਹੋ ਰਹੀ ਹੈ ਤੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਪਿੰਡ ਦੇ ਸਰਪੰਚ ਅਜੈਬ ਸਿੰਘ ਨੇ ਕਿਹਾ ਕਿ ਪੰਚਾਇਤ ਵੱਲੋਂ ਇਸ ਮਾਮਲੇ ਨੂੰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਪੰਚਾਇਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦਾ ਦਰਵਾਜ਼ਾ ਖੜਕਾਏਗੀ। ਇਸ ਮੌਕੇ ਸਰਪੰਚ ਅਜੈਬ ਸਿੰਘ, ਪ੍ਰੀਤਪਾਲ ਸਿੰਘ ਮੋਮੀ, ਬਲਜੀਤ ਸਿੰਘ ਥਿੰਦ, ਹਰਪ੍ਰੀਤ ਕੌਰ, ਤਰਸੇਮ ਸਿੰਘ ਮੋਮੀ, ਬਲਬੀਰ ਸਿੰਘ, ਇੰਦਰਜੀਤ ਸਿੰਘ, ਹਰਮਿੰਦਰ ਸਿੰਘ, ਰਾਜਾ ਪ੍ਰੀਤ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਮਨਦੀਪ ਸਿੰਘ, ਨਵਜੀਤ ਸਿੰਘ, ਮੇਹਰ ਸਿੰਘ, ਅਤਿੰਦਰਪਾਲ ਸਿੰਘ, ਰਣਜੀਤ ਸਿੰਘ ਸੈਂਭੀ ਆਦਿ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ। ਪਲਾਂਟ ਮਾਲਕ ਨੇ ਦੋਸ਼ਾਂ ਨੂੰ ਨਕਾਰਿਆ ਦੂਜੇ ਪਾਸੇ ਮੈਥਾ ਪਲਾਂਟ ਦੇ ਮਾਲਕ ਤਜਿੰਦਰ ਸਿੰਘ ਨੇ ਪੰਚਾਇਤ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਲਾਂਟ ਪਿਛਲੇ 20 ਸਾਲਾਂ ਤੋਂ ਚੱਲ ਰਿਹਾ ਹੈ ਤੇ ਅੱਜ ਤੱਕ ਇਸ ਨਾਲ ਸਬੰਧਤ ਕੋਈ ਵੀ ਘਟਨਾ ਸਾਹਮਣੇ ਨਹੀਂ ਆਈ। ਉਨ੍ਹਾਂ ਦਾ ਕਹਿਣਾ ਹੈ ਕਿ ਪਲਾਂਟ ਤੋਂ ਨਿਕਲਣ ਵਾਲੇ ਪਾਣੀ ਵਿਚ ਕੋਈ ਜ਼ਹਿਰੀਲਾ ਜਾਂ ਹਾਨੀਕਾਰਕ ਤੱਤ ਨਹੀਂ ਹੁੰਦਾ। ਇਹ ਪਾਣੀ ਛੱਪੜ ਵਿਚ ਸਟੋਰ ਕੀਤਾ ਜਾਂਦਾ ਹੈ ਤੇ ਬਾਅਦ ਵਿਚ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਲਾਂਟ ਵਿਰੁੱਧ ਲਗਾਏ ਜਾ ਰਹੇ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਖੁਦ ਵੀ ਇਹ ਪਾਣੀ ਆਪਣੇ ਖੇਤਾਂ ਨੂੰ ਲਾਉਂਦੇ ਹਾਂ, ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਹ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ ਕਿਉਂਕਿ ਅਸੀਂ ਸਰਪੰਚ ਨੂੰ ਵੋਟਾਂ ਨਹੀਂ ਪਾਈਆਂ, ਇਸ ਕਰਕੇ ਸਾਡੇ ’ਤੇ ਦੋਸ਼ ਲਗਾਏ ਜਾ ਰਹੇ ਹਨ । ਫਿਲਹਾਲ ਪਿੰਡ ਵਾਸੀਆਂ ਅਤੇ ਪਲਾਂਟ ਪ੍ਰਬੰਧਨ ਦੇ ਦਾਅਵਿਆਂ ਨੇ ਮਾਮਲੇ ਨੂੰ ਗੰਭੀਰ ਬਣਾ ਦਿੱਤਾ ਹੈ। ਹੁਣ ਸਭ ਦੀਆਂ ਨਜ਼ਰਾਂ ਪ੍ਰਸ਼ਾਸਨਿਕ ਜਾਂਚ ਤੇ ਟਿਕੀਆਂ ਹੋਈਆਂ ਹਨ, ਜਿਸ ਤੋਂ ਬਾਅਦ ਹੀ ਅਸਲ ਸਥਿਤੀ ਸਪਸ਼ਟ ਹੋ ਸਕੇਗੀ।