ਮਾਂ ਦੇ ਰੰਗ ’ਚ ਰੰਗਿਆ ਗਿਆ ਪਿੰਡ ਜਗਪਾਲਪੁਰ ਸਾਲਾਨਾ ਜਾਗਰਣ ਮੌਕੇ ਮਾਂ ਦੇ ਰੰਗ ਵਿੱਚ ਰੰਗਿਆ ਗਿਆ ਪਿੰਡ ਜਗਪਾਲਪੁਰ
Publish Date: Sun, 25 Oct 2026 07:18 PM (IST)
Updated Date: Sun, 25 Oct 2026 07:19 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਜ਼ਦੀਕੀ ਪਿੰਡ ਜਗਪਾਲਪੁਰ ਵਿਖੇ ਮਹਾਂਮਾਈ ਦਾ ਪੰਜਵਾਂ ਸਾਲਾਨਾ ਜਾਗਰਣ 24 ਅਕਤੂਬਰ ਦਿਨ ਸ਼ਨੀਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ, ਜਿਸ ਦੌਰਾਨ ਪੂਰਾ ਹੀ ਪਿੰਡ ਜਗਪਾਲਪੁਰ ਮਾਂ ਦੇ ਰੰਗ ਵਿੱਚ ਰੰਗਿਆ ਗਿਆ। ਮਹਾਂਮਾਈ ਦਾ ਇਹ ਵਿਸ਼ਾਲ ਜਾਗਰਣ ਮਾਤਾ ਚਿੰਤਪੁਰਨੀ ਵੈੱਲਫੇਅਰ ਕਮੇਟੀ ਪਿੰਡ ਜਗਪਾਲਪੁਰ ਵੱਲੋਂ ਕਰਵਾਇਆ ਗਿਆ, ਜਿਸ ਨੂੰ ਲੈ ਕੇ ਪ੍ਰਬੰਧਕਾਂ ਤੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਜਾਣਕਾਰੀ ਦਿੰਦਿਆਂ ਇਲਾਕੇ ਦੇ ਉੱਘੇ ਸਮਾਜ ਸੇਵਕ ਚਰਨਜੀਤ ਸਿੰਘ ਖਾਲਸਾ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਜਾਗਰਣ ਮੌਕੇ ਮਾਂ ਦੀ ਪਵਿੱਤਰ ਜੋਤ ਹਿਮਾਚਲ ਪ੍ਰਦੇਸ਼ ਸਥਿਤ ਮਾਂ ਜਵਾਲਾ ਜੀ ਦੇ ਮੰਦਿਰ ਤੋਂ ਲਿਆਂਦੀ ਗਈ ਤੇ ਇਸ ਪਵਿੱਤਰ ਜੋਤ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਮਾਂ ਦੇ ਭਗਤ ਇਸ ਜਾਗਰਣ ਵਿੱਚ ਨਤਮਸਤਕ ਹੋਏ ਤੇ ਸਾਰੀ ਰਾਤ ਹਾਜ਼ਰੀਆਂ ਭਰ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਖਾਲਸਾ ਨੇ ਹੋਰ ਦੱਸਿਆ ਕਿ ਜਾਗਰਣ ਦੌਰਾਨ ਪ੍ਰਸਿੱਧ ਗਾਇਕ ਜ਼ਮੀਲ ਅਖ਼ਤਰ, ਨਵੀਨ ਮਨੀ, ਕਰਨੈਲ ਬੰਗੜ ਤੇ ਸਿਮਰਨ ਸਿੰਮੀ ਸਮੇਤ ਹੋਰ ਕਲਾਕਾਰਾਂ ਨੇ ਮਹਾਂਮਾਈ ਦੀ ਮਹਿਮਾ ਦਾ ਗੁਣਗਾਣ ਕਰਕੇ ਭਗਤਾਂ ਨੂੰ ਭਗਤੀ ਰਸ ਨਾਲ ਜੋੜਿਆ। ਚਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪਿੰਡ ਜਗਪਾਲਪੁਰ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਸਰਬੱਤ ਦੇ ਭਲੇ ਦੀ ਕਾਮਨਾ ਨਾਲ ਹਰ ਸਾਲ ਇਹ ਜਾਗਰਣ ਕਰਵਾਇਆ ਜਾਂਦਾ ਹੈ। ਇਸ ਮੌਕੇ ਮਹਾਂਮਾਈ ਦਾ ਆਕਰਸ਼ਕ ਭਵਨ, ਸ਼ਾਨਦਾਰ ਲਾਈਟਿੰਗ ਤੇ ਮਨਮੋਹਕ ਧਾਰਮਿਕ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ। ਚਰਨਜੀਤ ਸਿੰਘ ਖਾਲਸਾ ਤੇ ਪ੍ਰਬੰਧਕਾਂ ਨੇ ਇਸ ਜਾਗਰਣ ਦੇ ਸਾਰੇ ਹੀ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਲਾਨਾ ਜਾਗਰਣ ਨੂੰ ਹੋਰ ਵੀ ਆਕਰਸ਼ਕ ਬਣਾਉਣ ਦੇ ਯਤਨ ਉਪਰਾਲੇ ਕੀਤੇ ਜਾਣੇਗੇ। ਜ਼ਿਕਰਯੋਗ ਹੈ ਕਿ ਇਸ ਮੌਕੇ ਰਾਧੇ ਰਾਧੇ ਸੇਵਾ ਸੰਮਤੀ ਫਗਵਾੜਾ ਤੋਂ ਪ੍ਰਧਾਨ ਤੇ ਸਾਬਕਾ ਮੇਅਰ ਅਰੁਣ ਖੌਸਲਾ ਵਿਸ਼ੇਸ਼ ਤੌਰ ’ਤੇ ਨਤਮਸਤਕ ਹੋਏ ਤੇ ਮਾਂ ਦੇ ਲੰਗਰ ਭੰਡਾਰੇ ਅਟੁੱਟ ਵਰਤਦੇ ਰਹੇ।