ਗੁਰਪੁਰਬ ਮੌਕੇ ਸੁਲਤਾਨਪੁਰ ਲੋਧੀ ’ਚ ਸਟੰਟਬਾਜ਼ੀ ਦੀ ਵੀਡੀਓ ਵਾਇਰਲ, ਨਗਰ ਕੀਰਤਨ ਦੌਰਾਨ ਵੀ ਹੋਈ ਹੁੱਲੜਬਾਜ਼ੀ ਗੁਰਪੁਰਬ ਮੌਕੇ ਸੁਲਤਾਨਪੁਰ ਲੋਧੀ ’ਚ ਸਟੰਟਬਾਜ਼ੀ ਦੀ ਵੀਡੀਓ ਵਾਇਰਲ, ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ’ਚ ਰੋਸ
Publish Date: Thu, 26 Nov 2026 07:37 PM (IST)
Updated Date: Thu, 26 Nov 2026 07:40 PM (IST)
--ਨਵੀਂ ਦਾਣਾ ਮੰਡੀ ’ਚ ਰਾਤ 10 ਵਜੇ ਤੋਂ ਢਾਈ ਵਜੇ ਤੱਕ ਟਰੈਕਟਰਾਂ ਤੇ ਮੋਟਰਸਾਈਕਲਾਂ ਨਾਲ ਬਾਹਰਲੇ ਪਿੰਡਾਂ ਸ਼ਹਿਰਾਂ ’ਚੋਂ ਆਏ ਨੌਜਵਾਨਾਂ ਪਾਇਆ ਖੌਰੂ --ਸਿੱਖ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ, ਕਿਹਾ-ਪਵਿੱਤਰ ਦਿਹਾੜੇ ’ਤੇ ਅਜਿਹੀਆਂ ਹਰਕਤਾਂ ਬਰਦਾਸ਼ਤਯੋਗ ਨਹੀਂ ਕਰਾਂਗੇ। ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਬਾਹਰਲੇ ਪਿੰਡਾਂ ਤੇ ਸ਼ਹਿਰਾਂ ਵਿੱਚੋ ਆਏ ਕੁਝ ਨੌਜਵਾਨਾਂ ਵੱਲੋਂ ਕੀਤੀ ਗਈ ਸਟੰਟਬਾਜ਼ੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਤੇ ਧਾਰਮਿਕ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਵਿਦੇਸ਼ਾਂ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਵੀ ਸੁਲਤਾਨਪੁਰ ਲੋਧੀ ਦੇ ਲੋਕਾਂ ਨੂੰ ਫੋਨ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਜਾਣਕਾਰੀ ਅਨੁਸਾਰ 557ਵੇਂ ਪ੍ਰਕਾਸ਼ ਪੁਰਬ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਸਨ। ਸ਼ਹਿਰ ਵਿੱਚ ਹਰ ਪਾਸੇ ਗੁਰਬਾਣੀ, ਕੀਰਤਨ, ਸੇਵਾ ਤੇ ਸ਼ਰਧਾ ਦਾ ਮਾਹੌਲ ਸੀ, ਪਰ ਇਸੇ ਦੌਰਾਨ ਕੁਝ ਨੌਜਵਾਨਾਂ ਵੱਲੋਂ ਨਗਰ ਕੀਰਤਨ ਦੌਰਾਨ ਵੀ ਸਟੰਟਬਾਜ਼ੀ ਤੇ ਹੁੱਲੜਬਾਜ਼ੀ ਕੀਤੇ ਜਾਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਸੰਗਤਾਂ ਅਨੁਸਾਰ 23 ਨਵੰਬਰ ਦੀ ਰਾਤ ਲਗਭਗ 10 ਵਜੇ ਤੋਂ ਬਾਅਦ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ ਵਿੱਚ ਟਰੈਕਟਰਾਂ ਤੇ ਮੋਟਰਸਾਈਕਲਾਂ ਨਾਲ ਸਟੰਟਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ, ਜੋ ਦੇਰ ਰਾਤ ਲਗਭਗ ਢਾਈ ਵਜੇ ਤੱਕ ਜਾਰੀ ਰਿਹਾ। ਇਸ ਦੌਰਾਨ ਟਰੈਕਟਰਾਂ ਨਾਲ ਵੱਖ-ਵੱਖ ਤਰ੍ਹਾਂ ਦੇ ਕਰਤੱਬ ਦਿਖਾਏ ਗਏ ਤੇ ਮੋਟਰਸਾਈਕਲਾਂ ਨਾਲ ਵੀ ਹੁੱਲੜਬਾਜ਼ੀ ਕੀਤੀ ਗਈ। ਨਗਰ ਕੀਰਤਨ ਤੇ ਆਤਿਸ਼ਬਾਜ਼ੀ ਦੇਖਣ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਰਹੀਆਂ ਸੰਗਤਾਂ ਨੂੰ ਵੀ ਇਸ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। --ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ ’ਤੇ ਵੀ ਲੱਗਾ ਜਾਮ ਇਸ ਤੋਂ ਇਲਾਵਾ ਕੁਝ ਨੌਜਵਾਨਾਂ ਵੱਲੋਂ ਟਰੈਕਟਰਾਂ ਨਾਲ ਸਟੰਟਬਾਜ਼ੀ ਕਰਦਿਆਂ ਸੁਲਤਾਨਪੁਰ ਲੋਧੀ-ਕਪੂਰਥਲਾ ਰੋਡ ’ਤੇ ਜਾਮ ਲਗਾ ਦਿੱਤਾ ਗਿਆ, ਜਿਸ ਕਾਰਨ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਲਈ ਜਾ ਰਹੀਆਂ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਸੜਕਾਂ ’ਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾ ਸਿਰਫ਼ ਆਵਾਜਾਈ ਵਿੱਚ ਰੁਕਾਵਟ ਬਣੀਆਂ, ਸਗੋਂ ਕਿਸੇ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦੀਆਂ ਸਨ। ਇਸਦਾ ਗਵਾਹ ਅੱਜ ਵੀ ਪਿੰਡ ਫੌਜੀ ਕਲੋਨੀ ਤੋਂ ਸੁਲਤਾਨਪੁਰ ਲੋਧੀ ਨੂੰ ਜਾਣ ਵਾਲੀ ਸੜਕ ਹੈ ਜਿਸ ਉੱਤੇ ਪਏ ਟਰੈਕਟਰਾਂ ਦੇ ਟਾਇਰਾਂ ਦੇ ਨਿਸ਼ਾਨ ਅਜੇ ਵੀ ਪਏ ਹੋਏ ਹਨ। ਸੰਗਤਾਂ ਨੇ ਸਵਾਲ ਉਠਾਇਆ ਹੈ ਕਿ ਜਦੋਂ ਗੁਰਪੁਰਬ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸੁਲਤਾਨਪੁਰ ਲੋਧੀ ਪਹੁੰਚੇ ਹੋਏ ਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਤੇ ਆਵਾਜਾਈ ਦੇ ਪੁਖ਼ਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਸਨ ਤਾਂ ਫਿਰ ਨਗਰ ਕੀਰਤਨ ਦੌਰਾਨ ਤੇ ਦੇਰ ਰਾਤ ਢਾਈ ਵਜੇ ਤੱਕ ਅਜਿਹੀਆਂ ਗਤੀਵਿਧੀਆਂ ਕਿਵੇਂ ਜਾਰੀ ਰਹੀਆਂ? ਜੇਕਰ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਣੀ ਸੀ? --ਪਵਿੱਤਰ ਨਗਰੀ ਦੀ ਸਾਖ ਨੂੰ ਪਹੁੰਚੀ ਠੇਸ ਸਿੱਖ ਸੰਗਤਾਂ ਤੇ ਧਾਰਮਿਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੇਵਾ, ਸਿਮਰਨ, ਨਿਮਰਤਾ, ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਅਜਿਹੇ ਪਵਿੱਤਰ ਦਿਹਾੜੇ ’ਤੇ ਜਨਤਕ ਥਾਵਾਂ ਤੇ ਸੜਕਾਂ ਨੂੰ ਸਟੰਟਬਾਜ਼ੀ ਦਾ ਅਖਾੜਾ ਬਣਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਨਾਲ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਸਾਖ ਨੂੰ ਵੀ ਠੇਸ ਪਹੁੰਚਦੀ ਹੈ। ਸੰਗਤਾਂ ਨੇ ਹਰ ਸਾਲ ਗੁਰਪੁਰਬ ਮੌਕੇ ਚੋਰੀਆਂ, ਲੁੱਟ-ਖੋਹ, ਬੱਚਿਆਂ ਦੇ ਗੁੰਮ ਹੋਣ ਤੇ ਛੇੜਛਾੜ ਵਰਗੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੇ ਵੱਡੇ ਧਾਰਮਿਕ ਸਮਾਗਮਾਂ ਦੌਰਾਨ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਸਟੰਟਬਾਜ਼ੀ ਕਰਨ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। --ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਟੰਟਬਾਜ਼ੀ ਰੋਕਣ ਦਾ ਕੀਤਾ ਦਾਅਵਾ ਇਸ ਸਬੰਧੀ ਜਦੋਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਦਵਿੰਦਰਪਾਲ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਖੁਦ ਮੌਕੇ ’ਤੇ ਪਹੁੰਚੇ ਸਨ ਤੇ ਸਟੰਟਬਾਜ਼ੀ ਕਰਨ ਵਾਲਿਆਂ ਨੂੰ ਰੋਕਿਆ ਸੀ ਤੇ ਮੌਕੇ ’ਤੇ 2 ਟਰੈਕਟਰ ਫੜ੍ਹਕੇ ਜ਼ਬਤ ਕੀਤੇ ਗਏ ਹਨ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਟਰੈਕਟਰ ਜ਼ਬਤ ਕਰਨ ਦੇ ਨਾਲ ਡਰਾਈਵਰ ਨੂੰ ਕਿਉਂ ਨਹੀਂ ਫੜਿਆ ਗਿਆ ਜੋ ਸਟੰਟ ਕਰਦੇ ਸਨ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਟਰੈਕਟਰ ਛੱਡ ਕੇ ਦੌੜ ਗਏ ਸਨ ਤੇ ਹੋਰ ਉਨ੍ਹਾਂ ’ਤੇ ਕਿਹੜੀ ਕਾਨੂੰਨੀ ਕਾਰਵਾਈ ਕਰਨੀ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਸੁਲਤਾਨਪੁਰ ਲੋਧੀ ਵਿਚ ਇੰਨੀ ਪੁਲਿਸ ਲਗਾਉਣ ਦੇ ਬਾਵਜੂਦ ਵੀ ਟਰੈਕਟਰ ਡਰਾਈਵਰਾਂ (ਸਟੰਟ ਕਰਨ ਵਾਲੇ) ਦਾ ਭੱਜਣਾ ਵੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਬਾਰੇ ਵੀ ਸਵਾਲ ਖੜ੍ਹੇ ਕਰਦਾ ਹੈ ਕਿਉਂਕਿ ਵਾਇਰਲ ਹੋਈਆਂ ਵੀਡਿਓ ਵਿਚ ਤੇਜਧਾਰ ਹਥਿਆਰ ਤੇ ਮੂੰਹ ਬੰਨਣਾ ਵੀ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦਿੰਦਾ ਹੈ ਕਿਉਂਕਿ ਲੱਖਾਂ ਦੀ ਗਿਣਤੀ ਵਿਚ ਦੂਰ-ਦੁਰਾਡੇ ਸ਼ਹਿਰਾਂ, ਪਿੰਡਾਂ ਤੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤ ਨਤਮਤਸਕ ਹੋਣ ਆਈਆਂ ਸਨ, ਜਿਨ੍ਹਾਂ ਨਾਲ ਕੋਈ ਵੀ ਅਣਹੋਣੀ ਵਾਪਰ ਸਕਦੀ ਸੀ। ਇਸੇ ਸਬੰਧੀ ਡੀਐੱਸਪੀ ਧੀਰੇਂਦਰ ਵਰਮਾ, ਆਈਪੀਐੱਸ, ਸੁਲਤਾਨਪੁਰ ਲੋਧੀ ਨੇ ਕਿਹਾ ਕਿ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਸਾਰਿਆਂ ਨੂੰ ਰੋਕਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਗਈ ਸੀ। ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਵੀ ਕਈ ਸਵਾਲ ਬਰਕਰਾਰ ਹੈ ਕਿ ਜੇਕਰ ਮੌਕੇ ’ਤੇ ਪਹੁੰਚ ਕੇ ਸਟੰਟਬਾਜ਼ੀ ਰੋਕ ਦਿੱਤੀ ਗਈ ਸੀ ਤਾਂ ਫਿਰ ਇਹ ਸਿਲਸਿਲਾ ਦੇਰ ਰਾਤ ਢਾਈ ਵਜੇ ਤੱਕ ਕਿਵੇਂ ਜਾਰੀ ਰਿਹਾ? ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਵਾਇਰਲ ਵੀਡੀਓ ਦਾ ਨੋਟਿਸ ਲੈ ਕੇ ਸਟੰਟਬਾਜ਼ੀ ਕਰਨ ਵਾਲਿਆਂ ਦੀ ਪਛਾਣ ਕਰਦਾ ਹੈ ਜਾਂ ਨਹੀਂ ਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ।