ਆਰਸੀਐੱਫ ਕਪੂਰਥਲਾ ’ਚ ਦੀਵਾਲੀ ਮੇਲਾ ਸ਼ੁਰੂ ਆਰਸੀਐੱਫ ਕਪੂਰਥਲਾ ਵਿਖੇ '32ਵੇਂ ਸੱਭਿਆਚਾਰਕ ਦੀਵਾਲੀ ਮੇਲਾ-2026' ਦਾ ਰੰਗਾਰੰਗ ਆਗਾਜ਼
Publish Date: Mon, 02 Nov 2026 09:37 PM (IST)
Updated Date: Mon, 02 Nov 2026 09:38 PM (IST)
ਗਤਕਾ ਪ੍ਰਦਰਸ਼ਨ ਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਮੋਹਿਆ ਮਨ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ), ਕਪੂਰਥਲਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ (ਵਰਕਰ ਕਲੱਬ) ਵੱਲੋਂ ਕਰਵਾਏ ਜਾ ਰਹੇ 32ਵੇਂ ਸੱਭਿਆਚਾਰਕ ਦੀਵਾਲੀ ਮੇਲਾ-2026 ਦਾ ਪਹਿਲਾ ਦਿਨ ਅੱਜ ਬਹੁਤ ਹੀ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਅੱਜ 2 ਨਵੰਬਰ ਦੀ ਸ਼ਾਮ ਨੂੰ 32ਵੇਂ ਸੱਭਿਆਚਾਰਕ ਦੀਵਾਲੀ ਮੇਲੇ ਦਾ ਰਸਮੀ ਉਦਘਾਟਨ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਸ਼ਾਮ 7:00 ਵਜੇ ਤੋਂ ਸ਼ੁਰੂ ਹੋਏ ਇਸ ਉਦਘਾਟਨੀ ਸਮਾਰੋਹ ਦੌਰਾਨ ਦਲੇਰ ਖਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ ਵੱਲੋਂ ਪੇਸ਼ ਕੀਤੇ ਗਏ ਰਵਾਇਤੀ ਗਤਕਾ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਦੇ ਨਾਲ ਹੀ ਆਰਸੀਐੱਫ ਕਰਮਚਾਰੀਆਂ ਦੇ ਪ੍ਰਤਿਭਾਸ਼ਾਲੀ ਪਰਿਵਾਰਕ ਮੈਂਬਰਾਂ ਵੱਲੋਂ ਪੇਸ਼ ਕੀਤੀਆਂ ਗਈਆਂ ਪੰਜਾਬੀ ਲੋਕ-ਸਵਾਗਤੀ ਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਮੁੱਚੇ ਮਾਹੌਲ ਵਿੱਚ ਸ਼ਾਨਦਾਰ ਰੌਣਕ ਤੇ ਉਤਸ਼ਾਹ ਭਰ ਦਿੱਤਾ। ਅੱਜ ਦੇ ਸਫਲ ਆਯੋਜਨ ਉਪਰੰਤ ਵਰਕਰ ਕਲੱਬ ਦੇ ਮਾਨਯੋਗ ਸਕੱਤਰ ਭਰਤ ਰਾਜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਤੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਾਡੇ ਕਲਾਕਾਰਾਂ ਦਾ ਹੌਸਲਾ ਵਧਾਉਣ ਲਈ ਮੈਂ ਸਮੁੱਚੇ ਆਰਸੀਐੱਫ ਪਰਿਵਾਰ, ਮੀਡੀਆ ਦੇ ਸਾਥੀਆਂ ਤੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਇਸੇ ਲੜੀ ਤਹਿਤ ਕੱਲ੍ਹ 3 ਨਵੰਬਰ (ਮੰਗਲਵਾਰ) ਨੂੰ ਮੇਲੇ ਦੇ ਦੂਜੇ ਦਿਨ ਹਰਵਿੰਦਰ ਸੰਧੂ ਨਾਈਟ ਦਾ ਵਿਸ਼ੇਸ਼ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਪ੍ਰਸਿੱਧ ਗਾਇਕ ਹਰਵਿੰਦਰ ਸੰਧੂ ਆਪਣੀ ਲਾਈਵ ਪੇਸ਼ਕਾਰੀ ਦੇਣਗੇ। ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਕੱਲ੍ਹ ਸ਼ਾਮ 7:00 ਵਜੇ ਵੀ ਵਰਕਰ ਕਲੱਬ ਦੇ ਵਿਹੜੇ ਵਿੱਚ ਪਹੁੰਚ ਕੇ ਇਸ ਸੰਗੀਤਮਈ ਸ਼ਾਮ ਦਾ ਆਨੰਦ ਮਾਣੋ।