ਗੱਡੀ ਦਾ ਸੰਤੁਲਨ ਵਿਗੜਿਆ, ਹਾਈਵੇਅ ’ਤੇ ਖਿਲਰੇ ਸੇਬ
ਚਹੇੜੂ ਰੇਲਵੇ ਪੁਲ ਲਾਗੇ ਸੇਬਾਂ ਨਾਲ ਲੋਡਡ ਗੱਡੀ ਦਾ ਵਿਗੜਿਆ ਸੰਤੁਲਨ, ਵੱਡਾ ਹਾਦਸਾ ਹੋਣੋਂ ਟਲਿਆ
Publish Date: Mon, 23 Nov 2026 06:56 PM (IST)
Updated Date: Mon, 23 Nov 2026 06:58 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਚਹੇੜੂ ਰੇਲਵੇ ਪੁਲ ਨੇੜੇ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਸੇਬਾਂ ਨਾਲ ਲੋਡਡ ਇੱਕ ਮਹਿੰਦਰਾ ਪਿਕ ਅੱਪ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਗਿਆ। ਇਸ ਦੌਰਾਨ ਗੱਡੀ ਵਿੱਚ ਲੱਦੇ ਸੇਬ ਹਾਈਵੇ ’ਤੇ ਦੂਰ-ਦੂਰ ਤੱਕ ਖਿੱਲਰ ਗਏ, ਜਿਸ ਕਾਰਨ ਸੜਕ ’ਤੇ ਆਵਾਜਾਈ ਪ੍ਰਭਾਵਿਤ ਹੋ ਗਈ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਘਟਨਾ ਤੋਂ ਬਾਅਦ ਹਾਈਵੇ ’ਤੇ ਸੇਬ ਹੀ ਸੇਬ ਖਿੱਲਰੇ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੜਕ ’ਤੇ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਦੂਰ ਤੱਕ ਜਾਮ ਲੱਗ ਗਿਆ। ਇਸ ਦੌਰਾਨ ਪੰਜਾਬੀ ਜਾਗਰਣ ਦੇ ਪੱਤਰਕਾਰ ਵੱਲੋਂ ਤੁਰੰਤ ਐੱਸਐੱਸ ਫੋਰਸ ਨੂੰ ਫੋਨ ਕਰਕੇ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਦੇ ਹੀ ਡਿਊਟੀ ਅਫਸਰ ਸਰਬਜੀਤ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ ਤੇ ਸਥਿਤੀ ਨੂੰ ਸੰਭਾਲਣ ਲਈ ਕਾਰਵਾਈ ਸ਼ੁਰੂ ਕੀਤੀ। ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਦੌਰਾਨ ਕੋਈ ਵੱਡਾ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ। ਡਰਾਈਵਰ ਨੇ ਦੱਸਿਆ ਕਿ ਉਸਨੇ ਆਪਣੀ ਗੱਡੀ ਸੇਬਾਂ ਨਾਲ ਜਲੰਧਰ ਤੋਂ ਲੋਡ ਕੀਤੀ ਸੀ ਤੇ ਗੜਸ਼ੰਕਰ ਜਾ ਰਿਹਾ ਸੀ।