ਭੁਲੱਥ ’ਚ ਅੱਜ ਦਿੱਤਾ ਜਾਵੇਗਾ ਧਰਨਾ ਅੱਜ ਦਿੱਤੇ ਜਾ ਰਹੇ ਧਰਨੇ ਵਿੱਚ ਵੱਖ-ਵੱਖ ਸਿਆਸੀ ਲੀਡਰ, ਕਿਸਾਨ ਜਥੇਬੰਦੀਆਂ ਅਤੇ ਹੋਰ ਮੋਹਤਬਰ ਵਿਅਕਤੀ ਕਰਨਗੇ ਸ਼ਮੂਲੀਅਤ
Publish Date: Sun, 30 Aug 2026 09:26 PM (IST)
Updated Date: Sun, 30 Aug 2026 09:28 PM (IST)
ਭੁਲੱਥ ਸਹਿਕਾਰੀ ਸਭਾ ਦੀ ਜਗ੍ਹਾ ਦੀ ਹੋਈ ਬੋਲੀ ਦੇ ਵਿਰੋਧ ’ਚ ਦਿੱਤਾ ਜਾ ਰਹੇ ਧਰਨਾ ਵੱਖ-ਵੱਖ ਸਿਆਸੀ ਲੀਡਰ, ਕਿਸਾਨ ਜਥੇਬੰਦੀਆਂ ਤੇ ਮੋਹਤਬਰ ਵਿਅਕਤੀ ਕਰਨਗੇ ਸ਼ਮੂਲੀਅਤ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਭੁਲੱਥ ਸਹਿਕਾਰੀ ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਦੀ ਜਗ੍ਹਾ ਦੀ ਹੋਈ ਬੋਲੀ ਦੇ ਵਿਰੋਧ ਵਿੱਚ ਸਿਆਸੀ ਲੀਡਰ, ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ਭੁਲੱਥ ਵਾਸੀਆਂ ਦੇ ਸਹਿਯੋਗ ਨਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਇਹ ਧਰਨਾ 31 ਅਗਸਤ 2026 ਨੂੰ ਸਵੇਰੇ 10 ਵਜੇ ਭੁਲੱਥ ਚੌਂਕ ਵਿੱਚ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੁਵਰਾਜ ਭੁਪਿੰਦਰ ਸਿੰਘ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ, ਤੇਜਿੰਦਰ ਸਿੰਘ ਕਾਲਾ ਤੇ ਜੈ ਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਹੋਰ ਕਈ ਵਿਅਕਤੀ ਬੋਲੀ ਵਾਲੇ ਦਿਨ ਸਭਾ ਦੇ ਦਫ਼ਤਰ ਦੇ ਬਾਹਰ ਮੌਜੂਦ ਸਨ। ਉਨ੍ਹਾਂ ਕਿਹਾ ਕਿ ਕਿਸਾਨ-ਮਜ਼ਦੂਰ ਜਥੇਬੰਦੀਆਂ ਤੇ ਸ਼ਹਿਰ ਵਾਸੀਆਂ ਦੀ ਮੁੱਖ ਮੰਗ ਹੈ ਕਿ ਸਹਿਕਾਰੀ ਸਭਾ ਦੀ ਜਗ੍ਹਾ ਦੀ ਬੋਲੀ ਨਿਰਪੱਖ ਤੇ ਜਨਤਕ ਢੰਗ ਨਾਲ ਕਰਵਾਈ ਜਾਵੇ, ਤਾਂ ਜੋ ਹਰ ਯੋਗ ਵਿਅਕਤੀ ਨੂੰ ਬੋਲੀ ਵਿੱਚ ਸ਼ਾਮਲ ਹੋਣ ਦਾ ਬਰਾਬਰ ਮੌਕਾ ਮਿਲ ਸਕੇ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਜਦੋਂ ਬੋਲੀ ਦੀ ਕਾਰਵਾਈ ਚੱਲ ਰਹੀ ਸੀ ਤਾਂ ਸ਼ਹਿਰ ਦੇ ਹੋਰ ਲੋਕ ਬੋਲੀ ਵਾਲੇ ਦਫ਼ਤਰ ਦੇ ਬਾਹਰ ਮੌਜੂਦ ਸਨ, ਪਰ ਉਨ੍ਹਾਂ ਨੂੰ ਭੁਲੱਥ ਪੁਲਿਸ ਵੱਲੋਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਪਤਾ ਲੱਗਾ ਕਿ ਦਫ਼ਤਰ ਦੇ ਅੰਦਰ ਕੁਝ ਵਿਅਕਤੀਆਂ ਦੀ ਹਾਜ਼ਰੀ ਵਿੱਚ ਬੋਲੀ ਦੀ ਕਾਰਵਾਈ ਮੁਕੰਮਲ ਕਰ ਦਿੱਤੀ ਗਈ। ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਬੋਲੀ ਜਨਤਕ ਸੀ ਤਾਂ ਦਫ਼ਤਰ ਬੰਦ ਕਰਕੇ ਇਸ ਦੀ ਕਾਰਵਾਈ ਕਿਉਂ ਕਰਵਾਈ ਗਈ? ਉਨ੍ਹਾਂ ਕਿਹਾ ਕਿ ਜਨਤਕ ਸੰਪਤੀ ਨਾਲ ਸਬੰਧਤ ਕਿਸੇ ਵੀ ਕਾਰਵਾਈ ਵਿੱਚ ਪੂਰੀ ਪਾਰਦਰਸ਼ਤਾ ਤੇ ਨਿਰਪੱਖਤਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ, ਤਾਂ ਜੋ ਕਿਸੇ ਵੀ ਵਿਅਕਤੀ ਨੂੰ ਸ਼ੱਕ ਜਾਂ ਇਤਰਾਜ਼ ਦਾ ਮੌਕਾ ਨਾ ਮਿਲੇ। ਉਨ੍ਹਾਂ ਕਿ ਉਹ ਇਸ ਧੱਕੇਸ਼ਾਹੀ ਦੇ ਵਿਰੁੱਧ ਹਾਈਕੋਰਟ ਤੱਕ ਜਾਣਗੇ, ਸਾਰੀ ਅਸਲੀਅਤ ਅਦਾਲਤ ਸਾਹਮਣੇ ਲਿਆਂਦੀ ਜਾਵੇਗੀ ਤੇ ਬੋਲੀ ਦੁਬਾਰਾ ਕਰਵਾਉਣ ਲਈ ਹਰ ਯਤਨ ਕਰਨਗੇ। ਕਿਸਾਨ-ਮਜ਼ਦੂਰ ਜਥੇਬੰਦੀਆਂ ਦੀ ਤਰਫ਼ੋਂ ਭੁਲੱਥ ਸ਼ਹਿਰ ਦੇ ਵਾਸੀਆਂ ਤੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ 31 ਅਗਸਤ ਨੂੰ ਸਵੇਰੇ 10 ਵਜੇ ਭੁਲੱਥ ਚੌਂਕ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਧਰਨੇ ਵਿੱਚ ਸ਼ਾਮਲ ਹੋਣ ਤੇ ਸਹਿਕਾਰੀ ਸਭਾ ਦੀ ਜਗ੍ਹਾ ਦੀ ਨਿਰਪੱਖ ਤੇ ਜਨਤਕ ਬੋਲੀ ਕਰਵਾਉਣ ਦੀ ਮੰਗ ਨੂੰ ਸਮਰਥਨ ਦੇਣ।