ਆਰਸੀਐੱਫ ’ਚ ‘ਸਵੱਛਤਾ ਹੀ ਸੇਵਾ ਅਭਿਆਨ ਚਲਾਇਆ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ‘ਸਵੱਛਤਾ ਹੀ ਸੇਵਾ ਅਭਿਆਨ-2026’ ਤਹਿਤ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ
Publish Date: Thu, 24 Sep 2026 08:11 PM (IST)
Updated Date: Thu, 24 Sep 2026 08:12 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵਿੱਚ ‘ਸਵੱਛਤਾ ਹੀ ਸੇਵਾ ਅਭਿਆਨ-2026’ ਦਾ ਆਯੋਜਨ 17 ਸਤੰਬਰ ਤੋਂ 2 ਅਕਤੂਬਰ 2026 ਤੱਕ ਕੀਤਾ ਜਾ ਰਿਹਾ ਹੈ। ਇਸ ਅਭਿਆਨ ਦਾ ਉਦੇਸ਼ ਸਵੱਛਤਾ ਪ੍ਰਤੀ ਜਾਗਰੂਕਤਾ ਵਧਾਉਣ ਦੇ ਨਾਲ ਸਾਫ਼ ਤੇ ਸਿਹਤਮੰਦ ਕਾਰਜ ਸਥਾਨ, ਰਿਹਾਇਸ਼ੀ ਇਲਾਕੇ ਤੇ ਆਲੇ-ਦੁਆਲੇ ਦੇ ਵਾਤਾਵਰਣ ਲਈ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਅਭਿਆਨ ਦੀ ਸ਼ੁਰੂਆਤ 17 ਸਤੰਬਰ ਨੂੰ ਆਰਸੀਐੱਫ ਦੇ ਮਹਾਪ੍ਰਬੰਧਕ ਅਜੈ ਨੰਦਨ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਵੱਛਤਾ ਦੀ ਸਹੁੰ ਚੁਕਾ ਕੇ ਕੀਤੀ ਗਈ। ਉਨ੍ਹਾਂ ਨੇ ਸਾਰਿਆਂ ਨੂੰ ਸਵੱਛਤਾ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਤੇ ਆਰਸੀਐੱਫ ਪਰਿਸਰ ਨੂੰ ਸਾਫ਼ ਰੱਖਣ ਵਿੱਚ ਸਰਗਰਮ ਯੋਗਦਾਨ ਦੇਣ ਦੀ ਅਪੀਲ ਕੀਤੀ। ਅਭਿਆਨ ਤਹਿਤ ਠੋਸ ਕਚਰਾ ਪ੍ਰਬੰਧਨ ਨਿਯਮ, 2026 ਦੇ ਅਧੀਨ ਆਰਸੀਐੱਫ ਕਾਲੋਨੀ ਵਿੱਚ ਘਰ-ਘਰ ਜਾਗਰੂਕਤਾ ਅਭਿਆਨ ਚਲਾਇਆ ਗਿਆ। ਇਸ ਦੌਰਾਨ ਲੋਕਾਂ ਨੂੰ ਕਚਰੇ ਨੂੰ ਚਾਰ ਵੱਖ-ਵੱਖ ਕਿਸਮਾਂ ਵਿੱਚ ਵੱਖ ਕਰਨ, ਘਰ ਦੇ ਕਚਰੇ ਤੋਂ ਖਾਦ ਬਣਾਉਣ ਤੇ ਇਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੀ ਵਰਤੋਂ ਘਟਾਉਣ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਆਰਸੀਐੱਫ ਕਾਲੋਨੀ ਸਥਿਤ ਪੰਜਾਬ ਸਰਕਾਰ ਦੇ ਸਕੂਲਾਂ ਤੇ ਕੇਂਦਰੀ ਵਿਦਿਆਲਯ ਦੇ ਬੱਚਿਆਂ ਲਈ ਜਾਗਰੂਕਤਾ ਤੇ ਪ੍ਰਦਰਸ਼ਨੀ ਸੈਸ਼ਨ ਆਯੋਜਿਤ ਕੀਤੇ ਗਏ। ਇਨ੍ਹਾਂ ਸੈਸ਼ਨਾਂ ਰਾਹੀਂ ਬੱਚਿਆਂ ਨੂੰ ਕਚਰੇ ਨੂੰ ਸਹੀ ਢੰਗ ਨਾਲ ਵੱਖ ਕਰਨ, ਗਿੱਲੇ, ਸੁੱਕੇ, ਘਰੇਲੂ ਖਤਰਨਾਕ ਤੇ ਹੋਰ ਕਚਰੇ ਨੂੰ ਵੱਖ-ਵੱਖ ਰੱਖਣ ਤੇ ਸਵੱਛਤਾ ਤੇ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ ਗਿਆ। ਅਭਿਆਨ ਦੌਰਾਨ ਸਕੂਲਾਂ ਵਿੱਚ ਸਵੱਛਤਾ ਜਾਗਰੂਕਤਾ ਤੇ ਕਲਾ ਮੁਕਾਬਲੇ ਅਤੇ ਨੁੱਕੜ ਨਾਟਕ ਵਰਗੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਵਰਕਸ਼ਾਪ, ਦਫ਼ਤਰਾਂ ਤੇ ਕਾਲੋਨੀ ਵਿੱਚ ਸਫ਼ਾਈ ਲਈ ਨਿਸ਼ਾਨਬੱਧ ਸਥਾਨਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਵਿਸ਼ੇਸ਼ ਸਫ਼ਾਈ, ਕਚਰੇ ਤੇ ਬੇਲੋੜੀ ਸਮੱਗਰੀ ਨੂੰ ਹਟਾਉਣ ਤੇ ਨਾਲੀਆਂ ਤੇ ਪਖਾਨਿਆਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਕੱਪੜੇ/ਜੂਟ ਦੇ ਥੈਲਿਆਂ ਦੀ ਵਰਤੋਂ, ਪਲਾਸਟਿਕ ਬੋਤਲਾਂ ਨੂੰ ਕ੍ਰਸ਼ ਕਰਨ ਵਾਲੀਆਂ ਮਸ਼ੀਨਾਂ ਤੇ ਸਵੱਛਤਾ ਸੈਲਫੀ ਪੁਆਇੰਟ ਵਰਗੀਆਂ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਲੀਅਰ ਡੈਸਕ, ਘੱਟ ਤੋਂ ਘੱਟ ਪ੍ਰਿੰਟਿੰਗ, ਡਿਜੀਟਲ ਦਸਤਾਵੇਜ਼ੀਕਰਨ, ਮੁੜ ਵਰਤੋਂ ਯੋਗ ਬੋਤਲਾਂ/ਕੱਪਾਂ ਤੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਉਪਕਰਨਾਂ ਦੀ ਸਾਂਭ-ਸੰਭਾਲ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।