ਅਣ-ਐਲਾਨੇ ਕੱਟਾਂ ਨੇ ਵਧਾਈਆਂ ਮੁਸ਼ਕਿਲਾਂ : ਭਾਰਦਵਾਜ ਅਣ-ਐਲਾਨੇ ਕੱਟਾਂ ਨੇ ਲੋਕਾਂ ਤੇ ਕਿਸਾਨਾਂ ਦੀਆਂ ਵਧਾਈਆਂ ਮੁਸ਼ਕਿਲਾਂ-ਨਰੇਸ਼ ਭਾਰਦਵਾਜ
Publish Date: Fri, 18 Sep 2026 06:48 PM (IST)
Updated Date: Fri, 18 Sep 2026 06:50 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਵਿਚ ਬਿਜਲੀ ਸਪਲਾਈ ਦੇ ਮੁੱਦੇ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਦਿਆਂ ਬਲਾਕ ਕਾਂਗਰਸ ਦੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਪੰਜਾਬ ਨੂੰ ਸਿਰਫ ਮੁਫਤ ਬਿਜਲੀ ਦੇ ਐਲਾਨਾਂ ਦੀ ਨਹੀਂ, ਸਗੋਂ ਨਿਰਵਿਘਨ ਤੇ ਭਰੋਸੇਯੋਗ ਬਿਜਲੀ ਸਪਲਾਈ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਿਸਾਨਾਂ ਤੇ ਆਮ ਜਨਤਾ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਨਿਕਲ ਚੁੱਕੀ ਹੈ ਤੇ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਬਿਲਕੁੱਲ ਉਲਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਖੇਤਰ ’ਚ ਵੱਡੀਆਂ ਪ੍ਰਾਪਤੀਆਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਪਿੰਡਾਂ ਤੇ ਸ਼ਹਿਰਾਂ ਚ ਲੱਗ ਰਹੇ ਅਣ-ਐਲਾਨੇ ਕੱਟ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਨਰੇਸ਼ ਭਾਰਦਵਾਜ ਨੇ ਕਿਹਾ ਕਿ ਖਾਸ ਕਰ ਕੇ ਖੇਤੀਬਾੜੀ ਸੈਕਟਰ ਨੂੰ ਲੋੜ ਅਨੁਸਾਰ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਸਲਾਂ ਦੇ ਅਹਿਮ ਸਮੇਂ ਦੌਰਾਨ ਟਿਊਬਵੈੱਲਾਂ ਲਈ ਬਿਜਲੀ ਸਪਲਾਈ ’ਚ ਰੁਕਾਵਟ ਆਉਣ ਨਾਲ ਕਿਸਾਨਾਂ ਦੀ ਚਿੰਤਾ ਵਧਦੀ ਹੈ। ਉਨ੍ਹਾਂਕਿਹਾ ਕਿ ਮੌਜੂਦਾ ਸਰਕਾਰ ਨੇ ਪੰਜਾਬ ਨੂੰ ਮੁੜ ਹਨੇਰੇ ਵਿਚ ਧੱਕਣ ਦਾ ਸ਼ਰਮਨਾਕ ਰਿਕਾਰਡ ਬਣਾਇਆ ਹੈ। ਦਿਨ-ਰਾਤ ਲੱਗ ਰਹੇ ਲੰਮੇ ਬਿਜਲੀ ਕੱਟਾਂ ਕਾਰਨ ਲੋਕ ਗਰਮੀ ਵਿਚ ਪੱਖੀਆਂ ਝੱਲਣ ਤੇ ਰਾਤਾਂ ਨੂੰ ਮੋਮਬੱਤੀਆਂ ਬਾਲਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦੇ ਵਾਰ-ਵਾਰ ਲੱਗਣ ਵਾਲੇ ਕੱਟਾਂ ਦਾ ਅਸਰ ਸਿਰਫ ਕਿਸਾਨਾਂ ਤੱਕ ਸੀਮਿਤ ਨਹੀਂ ਹੈ। ਛੋਟੇ ਦੁਕਾਨਦਾਰਾਂ, ਕਾਰੋਬਾਰੀਆਂ ਤੇ ਉਦਯੋਗਿਕ ਇਕਾਈਆਂ ਦਾ ਕੰਮਕਾਜ ਵੀ ਪ੍ਰਭਾਵਿਤ ਹੁੰਦਾ ਹੈ। ਬਿਜਲੀ ਸਪਲਾਈ ’ਚ ਅਨਿਸ਼ਚਿਤਤਾ ਕਾਰਨ ਉਦਯੋਗਾਂ ਨੂੰ ਬਦਲਵੇਂ ਪ੍ਰਬੰਧ ਕਰਨੇ ਪੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਉਤਪਾਦਨ ਲਾਗਤ ਵਧਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ-ਭਾਗ ਦੌਰਾਨ ਕਿਸਾਨਾਂ, ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ ਤੇ ਸਨਅਤਾਂ ਨੂੰ ਨਿਰਵਿਘਨ ਬਿਜਲੀ ਮਿਲਦੀ ਸੀ ਪਰ ਅੱਜ ਕਾਰਖਾਨੇ ਤੇ ਦੁਕਾਨਦਾਰ ਠੱਪ ਹੋ ਰਹੇ ਹਨ, ਜਿਸ ਨਾਲ ਪਰਿਵਾਰਕ ਖਰਚੇ ਚਲਾਉਣੇ ਵੀ ਔਖੇ ਹੋ ਗਏ ਹਨ। ਨਰੇਸ਼ ਭਾਰਦਵਾਜ ਨੇ ਦੋਸ਼ ਲਾਇਆ ਕਿ ਸਰਕਾਰ ਹਰ ਵਾਰ ਕੋਲੇ ਦੀ ਘਾਟ ਦਾ ਬਹਾਨਾ ਬਣਾ ਕੇ ਪੱਲਾ ਝਾੜ ਲੈਂਦੀ ਹੈ, ਜਦਕਿ ਬਿਜਲੀ ਉਤਪਾਦਨ ਲਈ ਪਲਾਂਟਾਂ ਦੀ ਸਮੇਂ ਸਿਰ ਮੁਰੰਮਤ, ਰੱਖ-ਰਖਾਅ ਤੇ ਸਹੀ ਪ੍ਰਬੰਧਨ ਵੀ ਜ਼ਰੂਰੀ ਹੁੰਦਾ ਹੈ। ਭਾਰਦਵਾਜ ਨੇ ਕਿਹਾ ਕਿ ਮੁਫਤ ਬਿਜਲੀ ਦਾ ਅਸਲ ਲਾਭ ਤਾਂ ਹੀ ਹੈ, ਜਦੋਂ ਖਪਤਕਾਰਾਂ ਨੂੰ ਲੋੜ ਵੇਲੇ ਬਿਜਲੀ ਉਪਲੱਬਧ ਹੋਵੇ।