ਟੋਲ ਪਲਾਜ਼ਾ ਰਾਹੀਂ ਬੇਲੋੜੀ ਵਸੂਲੀ ਬੰਦ ਕੀਤੀ ਜਾਵੇ : ਰਮਨ
ਸੜਕਾਂ ਉੱਪਰ ਟੋਲ ਪਲਾਜਾ ਰਾਹੀਂ ਬੇਲੋੜੀ ਵਸੂਲੀ ਬੰਦ ਕੀਤੀ ਜਾਵੇ - ਰਮਨ ਸ਼ਰਮਾ
Publish Date: Thu, 22 Jan 2026 07:16 PM (IST)
Updated Date: Thu, 22 Jan 2026 07:18 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼ਿਵ ਸੈਨਾ (ਯੂਬੀਟੀ) ਦੇ ਫਗਵਾੜਾ ਸਿਟੀ ਪ੍ਰਧਾਨ ਰਮਨ ਸ਼ਰਮਾ ਨੇ ਅੱਜ ਇਥੇ ਗੱਲਬਾਤ ਦੌਰਾਨ ਕਿਹਾ ਕਿ ਘਰੋਂ ਨਿਕਲਣ ’ਤੇ ਕਿਸੇ ਪਾਸੇ ਵੀ ਜਾਣਾ ਹੋਵੇ, ਕੁੱਝ ਕੁ ਫ਼ਾਸਲੇ ’ਤੇ ਟੋਲ ਪਲਾਜ਼ਾ ਮਿਲ ਜਾਂਦਾ ਹੈ। ਇਕ-ਦੋ ਟੋਲ ਪਲਾਜ਼ਾ ਕਿਸੇ ਵੀ ਤਰਫ਼ ਸਫ਼ਰ ਦੌਰਾਨ ਮਿਲਣਾ ਆਮ ਹੋ ਗਏ ਹਨ। ਆਮ ਲੋਕਾਂ ਦੁਆਰਾ ਰਾਜ-ਮਾਰਗਾਂ/ ਰਾਸ਼ਟਰੀ-ਮਾਰਗਾਂ ਦੀ ਵਰਤੋਂ ਦੀ ਏਵਜ਼ ਵਿਚ ਇਨ੍ਹਾਂ ਟੋਲ ਪਲਾਜ਼ਿਆਂ ’ਤੇ ਪ੍ਰਾਈਵੇਟ ਠੇਕੇਦਾਰਾਂ ਰਾਹੀਂ ਸਰਕਾਰ ਰੋਜ਼ਾਨਾ, ਹਰ ਪਲ ਬੇ-ਪਨਾਹ ਉਗਰਾਹੀ ਕਰਦੀ ਏ ਤਾਂ ਜੋ ਇਨ੍ਹਾਂ ਮਾਰਗਾਂ ਦੀ ਦੇਖ-ਰੇਖ ਦੇ ਨਾਲ ਬਣਦੀ ਮੁਰੰਮਤ ਕਰਦੇ ਹੋਏ, ਹਰ ਸਮੇ ਮਾਰਗਾਂ ਨੂੰ ਹਰ ਕਿਸੇ ਦੀ ਆਵਾਜਾਈ ਲਈ ਹਮੇਸ਼ਾਂ ਸਹੀ ਅਤੇ ਸੁਰੱਖਿਅਤ ਰੱਖਿਆ ਜਾ ਸਕੇ। ਵਾਹਨ ਖ਼ਰੀਦਣ ਸਮੇਂ ਤੇ ਸਲਾਨਾ ਟੈਕਸਾਂ ਰਾਹੀਂ ਮੋਟੀ ਰਕਮ ਸਰਕਾਰੀ ਖ਼ਾਤੇ ਵਿਚ ਦੇਣ ਦੇ ਨਾਲ-ਨਾਲ, ਇਨ੍ਹਾਂ ਟੋਲ ਪਲਾਜ਼ਿਆਂ ਰਾਹੀਂ ਨਿੱਤ ਲੁੱਟ ਦਾ ਸ਼ਿਕਾਰ ਬਣ ਰਿਹਾ ਆਮ ਨਾਗਰਿਕ ਆਪਣੀ ਆਵਾਜਾਈ ਲਈ ਸੁਰੱਖਿਅਤ ਸੜਕਾਂ/ਮਾਰਗਾਂ ਤੋਂ ਵਾਂਝਾ ਹੈ। ਟੈਕਸ ਤੇ ਟੋਲ ਦੇ ਰੂਪ ਵਿਚ ਮੋਟੀ ਰਕਮ ਅਦਾਇਗੀ ਕਰਨ ਦੇ ਬਾਵਜੂਦ ਆਮ ਨਾਗਰਿਕ ਸੁਰੱਖਿਅਤ ਸਫ਼ਰ ਦੇ ਲਈ ਮਾਰਗਾਂ ਦੀ ਜੋ ਸਹੂਲਤ ਸਰਕਾਰ ਤੋਂ ਲੈਣ ਦਾ ਹੱਕਦਾਰ ਹੈ, ਨੂੰ ਸਰਕਾਰੀ ਬੇਰੁਖ਼ੀ ਦੇ ਚੱਲਦਿਆਂ ਉਹ ਲੈਣ ਵਿਚ ਅਸਮਰੱਥ ਹੈ। ਨਾਗਰਿਕਾਂ ਨੂੰ ਜਿਥੇ ਸਮੇਂ ’ਤੇ ਪਹੁੰਚਣ ਵਿਚ ਤਕਲੀਫ਼ ਹੁੰਦੀ ਹੈ, ਉੱਥੇ ਹੀ ਕਈ ਵਾਰ ਦੁਰਘਟਨਾਵਾਂ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਵਾਹਨ ਖ਼ਰੀਦਦੇ ਸਮੇਂ ਅਤੇ ਸਲਾਨਾ ਰੋਡ ਟੈਕਸ ਅਦਾ ਕਰਨ ਤੋਂ ਬਾਅਦ ਬੇਲੋੜੇ ਟੋਲ ਟੈਕਸ ਦੀ ਸਰਕਾਰੀ ਲੁੱਟ ਜਿਥੇ ਬੰਦ ਹੋਣੀ ਚਾਹੀਦੀ ਹੈ, ਉੱਥੇ ਹੀ ਜੇ ਮੁਨਾਸਿਬ ਟੋਲ ਟੈਕਸ ਸੜਕਾਂ ਦੀ ਦੇਖ-ਰੇਖ ਦੀ ਏਵਜ਼ ਵਿਚ ਇੱਕਠਾ ਵੀ ਕੀਤਾ ਜਾਵੇ ਤਾਂ ਨਾਗਰਿਕਾਂ ਤੋਂ ਇਕੱਤਰ ਕੀਤੀ ਉਸ ਰਕਮ ਦੀ ਸਹੀ ਵਰਤੋਂ ਕਰਦੇ ਹੋਏ ਨਾਗਰਿਕਾਂ ਨੂੰ ਸੁਰੱਖਿਅਤ ਅਤੇ ਮੁਨਾਸਿਬ ਸੜਕੀ ਸਹੂਲਤ ਪ੍ਰਦਾਨ ਕਰਨਾ ਸਬੰਧਤ ਪ੍ਰਸ਼ਾਸਨ ਦਾ ਫ਼ਰਜ਼ ਬਣਦਾ ਹੈ।