ਯੂਨੀਵਰਸਿਟੀ ਕਾਲਜ ਮਿੱਠੜਾ ਨੇ ਹਰੀਕੇ ਵੈੱਟਲੈਂਡ ਦਾ ਟੂਰ ਕਰਵਾਇਆ
ਯੂਨੀਵਰਸਿਟੀ ਕਾਲਜ ਮਿੱਠੜਾ ਵੱਲੋਂ ਹਰੀਕੇ ਵੈਟਲੈਂਡ ਦਾ ਸਿੱਖਿਆਤਮਕ ਦੌਰਾ ਆਯੋਜਿਤ
Publish Date: Mon, 16 Feb 2026 07:25 PM (IST)
Updated Date: Mon, 16 Feb 2026 07:27 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਐੱਨਐੱਸਐੱਸ ਵਿਭਾਗ ਤੇ ਈਕੋ ਕਲੱਬ ਵੱਲੋਂ ਵਿਦਿਆਰਥੀਆਂ ਲਈ ਹਰੀਕੇ ਵੈੱਟਲੈਂਡ ਦਾ ਸਿੱਖਿਆਤਮਕ ਤੇ ਵਾਤਾਵਰਣ ਜਾਗਰੂਕਤਾ ਦੌਰਾ ਆਯੋਜਿਤ ਕੀਤਾ ਗਿਆ। ਮਾਨਯੋਗ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦੀ ਰਹਿਨੁਮਾਈ ਤੇ ਪ੍ਰੋ. ਡਾ. ਸਰੋਜ ਅਰੋੜਾ, ਡੀਨ ਕਾਲਜਿਜ਼ ਡਿਵੈੱਲਪਮੈਂਟ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕੀਤੇ ਗਏ ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਕੁਦਰਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਤੇ ਵੈੱਟਲੈਂਡ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਸੀ। ਦੌਰੇ ਦੌਰਾਨ ਵਿਦਿਆਰਥੀਆਂ ਨੇ ਹਰੀਕੇ ਵੈੱਟਲੈਂਡ ਵਿਚ ਪਾਈਆਂ ਜਾਣ ਵਾਲੀਆਂ ਵੱਖ-ਵੱਖ ਪ੍ਰਵਾਸੀ ਪੰਛੀਆਂ ਦੀਆਂ ਪ੍ਰਜਾਤੀਆਂ, ਜੈਵਿਕ ਵਿਭਿੰਨਤਾ ਤੇ ਵਾਤਾਵਰਣ ਸੁਰੱਖਿਆ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵੈੱਟਲੈਂਡ ਦੀ ਪਰਿਸਥਿਤਕੀ ਪ੍ਰਣਾਲੀ ਤੇ ਇਸ ਦੀ ਲੋੜ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਕੋਆਰਡੀਨੇਟਰ ਡਾ. ਪਰਮਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਵਿਦਿਆਰਥੀਆਂ ਵਿਚ ਕੁਦਰਤ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਦੇ ਹਨ ਤੇ ਉਨ੍ਹਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਐੱਨਐੱਸਐੱਸ ਯੂਨਿਟ ਭਵਿੱਖ ਵਿਚ ਵੀ ਸਮਾਜਿਕ ਮੁਹਿੰਮਾਂ ਵਿਚ ਸਰਗਰਮ ਭੂਮਿਕਾ ਨਿਭਾਉਂਦਾ ਰਹੇਗਾ। ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਕਿਹਾ ਕਿ ਵੈੱਟਲੈਂਡ ਜਿਹੇ ਪ੍ਰਾਕ੍ਰਿਤਕ ਧਰੋਹਰ ਸਥਾਨਾਂ ਦਾ ਦੌਰਾ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਮੈਡਮ ਪਲਕਾ, ਮੈਡਮ ਸੋਨੀਆ ਧੀਮਾਨ ਤੇ ਮੈਡਮ ਸੰਦੀਪ ਕੌਰ ਹਾਜ਼ਰ ਸਨ।