ਕਾਂਗਰਸ ਨੇ ਰਾਸ਼ਟਰਪਿਤਾ ਨੂੰ ਅਰਪਿਤ ਕੀਤੇ ਸ਼ਰਧਾ ਦੇ ਫੁੱਲ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ‘ਚ ਕਾਂਗਰਸ ਨੇ ਗਾਂਧੀ ਜਯੰਤੀ ਮੌਕੇ ਰਾਸ਼ਟਰ ਪਿਤਾ ਨੂੰ ਅਰਪਿਤ ਕੀਤੀਆਂ ਫੁੱਲ ਮਾਲਵਾਂ
Publish Date: Fri, 02 Oct 2026 07:22 PM (IST)
Updated Date: Fri, 02 Oct 2026 07:22 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਲਾਕ ਕਾਂਗਰਸ ਫਗਵਾੜਾ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਸਵ. ਲਾਲ ਬਹਾਦੁਰ ਸ਼ਾਸਤਰੀ ਦੀ ਜਨਮ ਜਯੰਤੀ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਬਲਾਕ ਸ਼ਹਿਰੀ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਜ਼ਿਲ੍ਹਾ ਕਪੂਰਥਲਾ ਕਾਂਗਰਸ ਪ੍ਰਧਾਨ ਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ’ਤੇ ਫੁੱਲਮਾਲਾ ਭੇਟ ਕਰਨ ਉਪਰੰਤ ਕਿਹਾ ਕਿ ਮਹਾਤਮਾ ਗਾਂਧੀ ਨੇ ਸੱਚ, ਅਹਿੰਸਾ ਤੇ ਸਾਦਗੀ ਦੇ ਸਿਧਾਂਤਾਂ ਰਾਹੀਂ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦਾ ਜੀਵਨ ਤੇ ਵਿਚਾਰ ਅੱਜ ਵੀ ਪੂਰੀ ਦੁਨੀਆ ਲਈ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਹਮੇਸ਼ਾ ਸਮਾਜ ਦੇ ਕਮਜ਼ੋਰ ਤੇ ਲੋੜਵੰਦ ਵਰਗਾਂ ਦੀ ਭਲਾਈ ਨੂੰ ਤਰਜੀਹ ਦਿੱਤੀ ਤੇ ਲੋਕਾਂ ਨੂੰ ਆਪਸੀ ਭਾਈਚਾਰਾ, ਸਦਭਾਵਨਾ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ। ਅੱਜ ਦੇ ਸਮੇਂ ਵਿੱਚ ਵੀ ਉਨ੍ਹਾਂ ਦੇ ਵਿਚਾਰਾਂ ਦੀ ਸਾਰਥਕਤਾ ਬਣੀ ਹੋਈ ਹੈ। ਸਾਨੂੰ ਉਨ੍ਹਾਂ ਵੱਲੋਂ ਦਰਸਾਏ ਸੱਚ ਅਤੇ ਅਹਿੰਸਾ ਦੇ ਮਾਰਗ ’ਤੇ ਚੱਲਦਿਆਂ ਸਮਾਜ ਤੇ ਦੇਸ਼ ਦੀ ਬਿਹਤਰੀ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਵਿਧਾਇਕ ਧਾਲੀਵਾਲ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ. ਲਾਲ ਬਹਾਦੁਰ ਸ਼ਾਸਤਰੀ ਨੂੰ ਵੀ ਉਨ੍ਹਾਂ ਦੇ ਜਨਮ ਦਿਨ ਮੌਕੇ ਯਾਦ ਕੀਤਾ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਲਾਲ ਬਹਾਦੁਰ ਸ਼ਾਸਤਰੀ ਸਾਦਗੀ, ਇਮਾਨਦਾਰੀ ਤੇ ਦੇਸ਼ ਪ੍ਰਤੀ ਸਮਰਪਣ ਦੀ ਮਿਸਾਲ ਸਨ। ਉਨ੍ਹਾਂ ਨੇ ਮੁਸ਼ਕਲ ਦੌਰ ਵਿੱਚ ਦੇਸ਼ ਦੀ ਅਗਵਾਈ ਕਰਦਿਆਂ ਲੋਕਾਂ ਨੂੰ ਇਕਜੁੱਟ ਹੋ ਕੇ ਦੇਸ਼ ਦੀ ਤਰੱਕੀ ਲਈ ਕੰਮ ਕਰਨ ਦਾ ਸੰਦੇਸ਼ ਦਿੱਤਾ। ਸਮੂਹ ਕਾਂਗਰਸੀ ਆਗੂਆਂ ਨੇ ਦੋਵਾਂ ਮਹਾਨ ਸ਼ਖਸੀਅਤਾਂ ਦੇ ਜੀਵਨ ਤੇ ਦੇਸ਼ ਲਈ ਦਿੱਤੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਦੇ ਦਰਸਾਏ ਸਿਧਾਂਤਾਂ ’ਤੇ ਚੱਲਣ ਦਾ ਪ੍ਰਣ ਵੀ ਲਿਆ ਗਿਆ। ਇਸ ਮੌਕੇ ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਪ੍ਰਧਾਨ ਨਰੇਸ਼ ਭਾਰਦਵਾਜ, ਡੇਲੀਗੇਟ ਪੰਜਾਬ ਗੁਰਜੀਤ ਪਾਲ ਵਾਲੀਆ, ਕੌਂਸਲਰ ਤੇ ਸਾਬਕਾ ਬਲਾਕ ਪ੍ਰਧਾਨ ਸੰਜੀਵ ਬੁੱਗਾ, ਕੌਂਸਲਰ ਸੁਸ਼ੀਲ ਮੈਨੀ, ਕੌਂਸਲਰ ਮੁਨੀਸ਼ ਪਰਭਾਕਰ, ਕੌਂਸਲਰ ਸੀਤਾ ਦੇਵੀ ਤੋਂ ਇਲਾਵਾ ਸ਼ਵਿੰਦਰ ਨਿਸ਼ਚਲ, ਵਿਨੋਦ ਵਿਰਮਾਨੀ, ਸੰਜੀਵ ਟੀਟੂ, ਤਜਿੰਦਰ ਬਾਵਾ, ਤੁਲਸੀ ਰਾਮ ਖੋਸਲਾ, ਕਰਮਜੀਤ ਬਿੱਟੂ, ਡਾ. ਰਮਨ ਸ਼ਰਮਾ, ਨਰਿੰਦਰ ਸਿੰਘ ਠੇਕੇਦਾਰ, ਹੈੱਪੀ ਡਾਬਰ, ਤਰਸੇਮ ਕਲੂਚਾ, ਨਰਿੰਦਰ ਸਿੰਘ, ਧੀਰਜ ਘਈ, ਮਨਜੀਤ ਮੇਹਮੀ ਆਦਿ ਕਾਂਗਰਸ ਵਰਕਰ ਹਾਜ਼ਰ ਸਨ।