ਬਲੱਡ ਡੋਨਰ ਸੁਸਾਇਟੀ ਦੇ ਦੋ ਸੇਵਾਦਾਰਾਂ ਨੂੰ ਮਿਲਿਆ ਸਟੇਟ ਐਵਾਰਡ ਬਾਬਾ ਬੀਰ ਸਿੰਘ ਬਲੱਡ ਡੋਨਰ ਸੁਸਾਇਟੀ ਦੇ ਦੋ ਸੇਵਾਦਾਰਾਂ ਨੂੰ ਮਿਲਿਆ ਪੰਜਾਬ ਸਰਕਾਰ ਦਾ ‘ਸਟੇਟ ਐਵਾਰਡ’
Publish Date: Sun, 23 Aug 2026 08:53 PM (IST)
Updated Date: Sun, 23 Aug 2026 08:54 PM (IST)
ਲਖਵਿੰਦਰ ਸਿੰਘ ਨੰਨੜਾ ਤੇ ਜਸਵੰਤ ਸਿੰਘ ਸੋਨੂੰ ਦੀਆਂ ਸਮਾਜ ਸੇਵਾ ਤੇ ਖੂਨਦਾਨ ਦੇ ਖੇਤਰ ’ਚ ਸ਼ਲਾਘਾਯੋਗ ਸੇਵਾਵਾਂ ਲਈ ਕੀਤਾ ਸਨਮਾਨਤ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸਮਾਜ ਸੇਵਾ ਤੇ ਖੂਨਦਾਨ ਦੇ ਖੇਤਰ ਵਿੱਚ ਲਗਾਤਾਰ ਸ਼ਲਾਘਾਯੋਗ ਕਾਰਜ ਕਰ ਰਹੀ ਬਾਬਾ ਬੀਰ ਸਿੰਘ ਬਲੱਡ ਡੋਨਰ ਸੁਸਾਇਟੀ ਕਪੂਰਥਲਾ ਦੇ ਨਾਂ ਇੱਕ ਹੋਰ ਵੱਡੀ ਪ੍ਰਾਪਤੀ ਜੁੜ ਗਈ ਹੈ। ਸੁਸਾਇਟੀ ਦੇ ਦੋ ਮੁੱਖ ਸੇਵਾਦਾਰਾਂ ਲਖਵਿੰਦਰ ਸਿੰਘ ਨੰਨੜਾ (ਬੂਲਪੁਰ) ਤੇ ਜਸਵੰਤ ਸਿੰਘ ਸੋਨੂੰ (ਪਾਜੀਆਂ) ਨੂੰ ਸਮਾਜ ਪ੍ਰਤੀ ਨਿਭਾਈਆਂ ਬਿਹਤਰੀਨ ਸੇਵਾਵਾਂ ਲਈ ਪੰਜਾਬ ਸਰਕਾਰ ਵੱਲੋਂ ‘ਸਟੇਟ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ ਹੈ। ਨੰਨੜਾ ਤੇ ਸੋਨੂੰ ਪਿਛਲੇ ਲੰਮੇ ਸਮੇਂ ਤੋਂ ਖੂਨਦਾਨ ਕੈਂਪ ਲਗਾਉਣ, ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਮੁਹੱਈਆ ਕਰਵਾਉਣ ਤੇ ਹੋਰ ਸਮਾਜ ਭਲਾਈ ਦੇ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੀਆਂ ਨਿਰੰਤਰ ਸੇਵਾਵਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਇਹ ਸਨਮਾਨ ਉਨ੍ਹਾਂ ਦੀ ਮਾਨਵਤਾ ਪ੍ਰਤੀ ਨਿਸ਼ਕਾਮ ਸੇਵਾ ਦੀ ਪ੍ਰਸ਼ੰਸਾ ਹੈ। ਇਸ ਮਾਣਮੱਤੀ ਪ੍ਰਾਪਤੀ ਨਾਲ ਬਾਬਾ ਬੀਰ ਸਿੰਘ ਬਲੱਡ ਡੋਨਰ ਸੁਸਾਇਟੀ ਕਪੂਰਥਲਾ ਦੇ ਨਾਲ-ਨਾਲ ਪੂਰੇ ਇਲਾਕੇ ਦਾ ਮਾਣ ਵੀ ਵਧਿਆ ਹੈ। ਦੋਵਾਂ ਸੇਵਾਦਾਰਾਂ ਨੂੰ ਸਟੇਟ ਐਵਾਰਡ ਮਿਲਣ ’ਤੇ ਇਲਾਕਾ ਵਾਸੀਆਂ, ਸਮਾਜ ਸੇਵੀ ਸੰਸਥਾਵਾਂ, ਖੂਨਦਾਨੀਆਂ ਤੇ ਸਨੇਹੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸੁਸਾਇਟੀ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਹੌਸਲੇ ਦੇ ਨਾਲ-ਨਾਲ ਹੋਰ ਵੱਡੀ ਜ਼ਿੰਮੇਵਾਰੀ ਵੀ ਹੈ।