ਸ਼ੂਗਰ ਮਿੱਲ ਨੇੜੇ ਤਿੰਨ ਵਾਹਨਾਂ ’ਚ ਟੱਕਰ, ਤਿੰਨ ਗੰਭੀਰ ਜ਼ਖ਼ਮੀ ਸ਼ੂਗਰ ਮਿੱਲ ਲਾਗੇ ਭਿਆਨਕ ਟੱਕਰ ਵਿੱਚ ਦੋ ਵਿਅਕਤੀਆਂ ਸਣੇ ਇੱਕ ਔਰਤ ਗੰਭੀਰ ਜ਼ਖਮੀ
Publish Date: Wed, 26 Aug 2026 06:50 PM (IST)
Updated Date: Wed, 26 Aug 2026 06:52 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਸ਼ੂਗਰ ਮਿੱਲ ਚੌਕ ਵਿੱਚ ਤਿੰਨ ਵਾਹਨਾਂ ਵਿਚਕਾਰ ਜ਼ਬਰਦਸਤ ਟੱਕਰ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਵਿਅਕਤੀ ਅਤੇ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮੌਕੇ ’ਤੇ ਪੁੱਜੀ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ ਤੋਂ ਫਗਵਾੜਾ ਸਾਈਡ ਵੱਲ ਜਾ ਰਿਹਾ ਕੈਂਟਰ ਸੰਤੁਲਨ ਵਿਗੜਨ ਕਾਰਨ ਕੈਂਟਰ ਡਿਵਾਈਡਰ ਪਾਰ ਕਰ ਕੇ ਦੂਸਰੇ ਪਾਸੇ ਨੂਰਮਹਿਲ ਤੋਂ ਆ ਰਹੀ ਇੱਕ ਕਾਰ ਨਾਲ ਜਾ ਟਕਰਾਇਆ, ਜਿਸ ਕਾਰਨ ਕਾਰ ਸਵਾਰ ਦੋ ਵਿਅਕਤੀ ਤੇ ਇੱਕ ਔਰਤ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੈਂਟਰ ਦੇ ਕਾਰ ਨਾਲ ਟਕਰਾਉਂਦਿਆਂ ਇੱਕ ਮਹਿੰਦਰਾ ਗੱਡੀ ਵੀ ਇਸ ਹਾਦਸੇ ਦੀ ਲਪੇਟ ਵਿੱਚ ਆ ਗਈ ਤੇ ਤਿੰਨੋਂ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਕਾਰ ਵਾਲੇ ਨੂਰਮਹਿਲ ਤੋਂ ਚਹੇੜੂ ਜਾ ਰਹੇ ਸਨ ਤੇ ਜਦੋਂ ਸ਼ੂਗਰ ਮਿੱਲ ਲਾਗੇ ਪੁੱਜੇ ਤਾਂ ਭਿਆਨਕ ਹਾਦਸਾ ਵਾਪਰ ਗਿਆ। ਜ਼ਖ਼ਮੀਆਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਸੀ। ਹਾਦਸੇ ਤੋਂ ਬਾਅਦ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਅਤੇ ਦੂਰ-ਦੂਰ ਤੱਕ ਜਾਮ ਲੱਗ ਗਿਆ, ਪਰ ਜਲਦੀ ਟ੍ਰੈਫਿਕ ਪੁਲਿਸ ਵੱਲੋਂ ਇਹ ਜਾਮ ਖੁਲ੍ਹਵਾ ਦਿੱਤਾ ਗਿਆ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਕਰੇਨ ਦੀ ਮਦਦ ਨਾਲ ਇੱਕ ਸਾਈਡ ’ਤੇ ਕਰਵਾਇਆ ਗਿਆ। ਸਾਰੀ ਦੀ ਸਾਰੀ ਗਲਤੀ ਕੈਂਟਰ ਵਾਲੇ ਦੀ ਦੱਸੀ ਜਾ ਰਹੀ ਹੈ, ਜੋ ਹਾਦਸਾ ਵਾਪਰਨ ਤੋਂ ਬਾਅਦ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।